ਹੋਲੇ-ਮਹੱਲੇ ’ਤੇ ਜਾ ਰਹੇ ਮੋਡੀਫਾਈ 5911 ਨੇ ਦਰੜੀਆਂ ਕੁੜੀਆਂ, ਮੌਕੇ ’ਤੇ ਪੈ ਗਿਆ ਚੀਕ-ਚਿਹਾੜਾ (ਵੀਡੀਓ)
Saturday, Mar 23, 2024 - 06:34 PM (IST)
![ਹੋਲੇ-ਮਹੱਲੇ ’ਤੇ ਜਾ ਰਹੇ ਮੋਡੀਫਾਈ 5911 ਨੇ ਦਰੜੀਆਂ ਕੁੜੀਆਂ, ਮੌਕੇ ’ਤੇ ਪੈ ਗਿਆ ਚੀਕ-ਚਿਹਾੜਾ (ਵੀਡੀਓ)](https://static.jagbani.com/multimedia/2024_3image_17_19_38363952064.jpg)
ਜਗਰਾਓਂ : ਜਗਰਾਓਂ-ਜਲੰਧਰ ਮਾਰਗ 'ਤੇ ਪੈਂਦੇ ਪਿੰਡ ਕੁਰਸ਼ੈਦਪੁਰਾ ਵਿਖੇ ਹੋਲੇ-ਮਹੱਲੇ ’ਤੇ ਸ੍ਰੀ ਅਨੰਦਪੁਰ ਸਾਹਿਬ ਜਾ ਰਹੀ ਤੇਜ਼ ਰਫਤਾਰ ਟ੍ਰੈਕਟਰ ਟਰਾਲੀ ਨੇ ਦੋ ਬੱਚੀਆਂ ਨੂੰ ਦਰੜ ਦਿੱਤਾ। ਇਸ ਭਿਆਨਕ ਹਾਦਸੇ ਵਿਚ ਇਕ ਬੱਚੀ ਦੀ ਮੌਤ ਹੋ ਗਈ ਜਦਕਿ ਦੂਸਰੀ ਬੱਚੀ ਜ਼ਖ਼ਮੀ ਹੋ ਗਈ। ਜਾਣਕਾਰੀ ਮੁਤਾਬਿਕ ਸਿੱਧਵਾਂ ਬੇਟ ਤੋਂ ਥੋੜ੍ਹੀ ਦੂਰ ਪਿੰਡ ਕੁਰਸ਼ੈਦਪੁਰਾ ਵਿਖੇ ਹੋਲਾ-ਮਹੱਲਾ ਸ੍ਰੀ ਅਨੰਦਪੁਰ ਸਾਹਿਬ ਵਿਖੇ ਟ੍ਰੈਕਟਰ ਟਰਾਲੀ 5911 ਜੋ ਕਿ ਮੋਡੀਫਾਈ ਕੀਤੀ ਹੋਈ ਸੀ, ਤੇਜ਼ ਰਫਤਾਰ ਨਾਲ ਸੰਗਤ ਲੈ ਕੇ ਜਾ ਰਹੀ ਸੀ। ਇਸ ਦੌਰਾਨ ਸਤਲੁਜ ਦਰਿਆ ਪਾਰ ਕਰਦਿਆਂ ਪਿੰਡ ਕੁਰਸ਼ੈਦਪੁਰਾ ਵਿਖੇ ਟ੍ਰੈਕਟਰ ਅਚਾਨਕ ਬੇਕਾਬੂ ਹੋ ਗਿਆ ਅਤੇ ਦੋ ਬੱਚੀਆਂ ਪਲਕ ਤੇ ਅਰਸ਼ਦੀਪ ਕੌਰ ਨੂੰ ਫੇਟ ਮਾਰ ਦਿੱਤੀ ਜਿਸ ਕਾਰਨ ਪਲਕ 10 ਸਾਲ ਪੁੱਤਰੀ ਜਸਵਿੰਦਰ ਸਿੰਘ ਪਿੰਡ ਕੁਰਸ਼ੈਦਪੁਰ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਅਰਸ਼ਦੀਪ ਕੌਰ ਉਮਰ 11 ਸਾਲ ਪੁੱਤਰ ਤਰਲੋਕ ਸਿੰਘ ਗੰਭੀਰ ਜ਼ਖ਼ਮੀ ਹੋ ਗਈ ।
ਇਹ ਵੀ ਪੜ੍ਹੋ : ਲੰਗਰ ਛਕ ਕੇ ਸੜਕ ਪਾਰ ਕਰਨ ਲੱਗਿਆਂ ਨਾਲ ਵਾਪਰਿਆ ਵੱਡਾ ਹਾਦਸਾ, ਮੌਕੇ ’ਤੇ 8 ਸਾਲਾ ਬੱਚੀ ਦੀ ਮੌਤ
ਹਾਦਸੇ ਤੋਂ ਬਾਅਦ ਤੇਜ਼ ਰਫਤਾਰ ਟ੍ਰੈਕਟਰ-ਟਰਾਲੀ ਸੜਕ ’ਤੇ ਹੀ ਪਲਟ ਗਈ। ਮੌਕਾ ਦੇਖਦਿਆਂ ਟ੍ਰੈਕਟਰ ਦਾ ਡਰਾਈਵਰ ਅਤੇ ਸਾਰੀ ਸੰਗਤ ਹੌਲੀ-ਹੌਲੀ ਵਾਰਦਾਤ ਵਾਲੀ ਥਾਂ ਤੋਂ ਰਫੂਚੱਕਰ ਹੋ ਗਏ। ਉਧਰ ਥਾਣਾ ਸਿੱਧਵਾਂ ਬੇਟ ਤੋਂ ਏ. ਐੱਸ. ਆਈ. ਨਸੀਬ ਸਿੰਘ ਸਮੇਤ ਮੁਲਾਜ਼ਮ ਮੌਕੇ ’ਤੇ ਪਹੁੰਚੇ ਤਾਂ ਦੇਖਿਆ ਕਿ ਟ੍ਰੈਕਟਰ 5911 ਜੋ ਕਿ ਬਿਨਾਂ ਨੰਬਰ ਪਲੇਟ ਸੀ, ਬਾਰੇ ਪੁਲਸ ਪੜਤਾਲ ਕਰ ਰਹੀ ਹੈ ਕਿ ਇਹ ਟ੍ਰੈਕਟਰ ਟਰਾਲੀ ਕਿੱਥੋਂ ਆ ਰਹੀ ਸੀ। ਫਿਲਹਾਲ ਪੁਲਸ ਵਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਸਿੱਖਿਆ ਵਿਭਾਗ ਦੀ ਵੱਡੀ ਕਾਰਵਾਈ, 26 ਸਕੂਲਾਂ ਦੀ ਮਾਨਤਾ ਕੀਤੀ ਰੱਦ