ਰੇਤ ਨਾਲ ਓਵਰਲੋਡ ਟਰਾਲੀਆਂ ਨੇ ਉਡਾਈਆਂ ਕਾਨੂੰਨ ਦੀਆਂ ਧੱਜੀਆਂ

10/01/2017 11:32:52 AM

ਰਮਦਾਸ (ਸਾਰੰਗਲ) - ਬੀਤੇ ਕਈ ਸਮੇਂ ਤੋਂ ਕਿਸਾਨਾਂ ਵੱਲੋਂ ਵਰਤੋਂ 'ਚ ਲਿਆਂਦੇ ਜਾ ਰਹੇ ਖੇਤੀ ਵਾਹਨ ਟਰੈਕਟਰ-ਟਰਾਲੀਆਂ ਦੀ ਹੁਣ ਲਗਾਤਾਰ ਦੁਰਵਰਤੋਂ ਹੋ ਰਹੀ ਹੈ ਕਿਉਂਕਿ ਕੁਝ ਲੋਕ ਇਨ੍ਹਾਂ ਟਰੈਕਟਰ-ਟਰਾਲੀਆਂ ਜੋ ਕਿ ਫਸਲਾਂ ਲਈ ਵਰਤੀਆਂ ਜਾਂਦੀਆਂ ਸਨ, ਰੇਤ ਦੇ ਕਾਰੋਬਾਰ ਲਈ ਵਰਤੀਆਂ ਜਾ ਰਹੀਆਂ ਹਨ। ਹੋਰ ਤਾਂ ਹੋਰ ਇਹ ਟਰੈਕਟਰ-ਟਰਾਲੀਆਂ ਚਲਾਉਣ ਵਾਲੇ ਡਰਾਈਵਰ ਟਰਾਲੀ 'ਚ ਹੱਦ ਤੋਂ ਵੱਧ ਰੇਤ ਲੱਦ ਕੇ ਸੜਕਾਂ 'ਤੇ ਤੇਜ਼ ਰਫਤਾਰ ਨਾਲ ਚਲਾਉਂਦੇ ਹਨ, ਜਿਸ ਨਾਲ ਹਾਦਸੇ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ।
ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਇਨ੍ਹਾਂ ਟਰੈਕਟਰ-ਟਰਾਲੀਆਂ ਦੇ ਡਰਾਈਵਰ ਜ਼ਿਆਦਾਤਰ ਅੱਲੜ ਉਮਰ ਦੇ ਨੌਜਵਾਨ ਹੁੰਦੇ ਹਨ, ਜਿਨ੍ਹਾਂ ਕੋਲ ਨਾ ਤਾਂ ਡਰਾਈਵਿੰਗ ਲਾਇਸੈਂਸ ਹੁੰਦਾ ਹੈ ਤੇ ਨਾ ਹੀ ਡਰਾਈਵਿੰਗ ਦਾ ਕੋਈ ਤਜਰਬਾ। ਇਹੀ ਨਹੀਂ, ਇਹ ਨੌਜਵਾਨ ਟਰੈਕਟਰ ਡਰਾਈਵਰਾਂ ਨੇ ਟਰੈਕਟਰ-ਟਰਾਲੀਆਂ 'ਤੇ ਵੱਡੇ-ਵੱਡੇ ਸਪੀਕਰ ਲਾ ਕੇ ਡੀ. ਵੀ. ਡੀ. ਲਾਈ ਹੁੰਦੀ ਹੈ ਅਤੇ ਟਰੈਕਟਰ ਨੂੰ ਬਹੁਤ ਤੇਜ਼ ਰਫਤਾਰ 'ਚ ਚਲਾਉਂਦੇ ਹਨ, ਜਿਸ ਨਾਲ ਸੜਕ 'ਤੇ ਆਉਣ-ਜਾਣ ਵਾਲਿਆਂ ਨੂੰ ਬਹੁਤ ਪ੍ਰੇਸ਼ਾਨੀ ਹੁੰਦੀ ਹੈ। ਅੱਜ ਇਸ ਸਬੰਧੀ ਕੁਝ ਰਾਹਗੀਰਾਂ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਰਹੱਦੀ ਕਸਬੇ ਦੀਆਂ ਮੇਨ ਸੜਕਾਂ 'ਤੇ ਇਹ ਟਰੈਕਟਰ ਆਮ ਹੀ ਚੱਲਦੇ ਦਿਖਾਈ ਦਿੰਦੇ ਹਨ।  ਉਨ੍ਹਾਂ ਕਿਹਾ ਕਿ ਇਹ ਟਰੈਕਟਰ-ਟਰਾਲੀਆਂ ਬਹੁਤ ਤੇਜ਼ ਰਫਤਾਰ 'ਚ ਚਲਾਏ ਜਾਂਦੇ ਹਨ, ਜਿਸ ਤੋਂ ਹਮੇਸ਼ਾ ਇਹੀ ਡਰ ਲੱਗਾ ਰਹਿੰਦਾ ਹੈ ਕਿ ਕੋਈ ਨਾ ਕੋਈ ਹਾਦਸਾ ਹੋਇਆ ਸਮਝੋ ਪਰ ਇਨ੍ਹਾਂ ਟਰੈਕਟਰਾਂ ਦੇ ਡਰਾਈਵਰਾਂ 'ਤੇ ਇਸ ਦਾ ਕੋਈ ਅਸਰ ਨਹੀਂ ਹੁੰਦਾ ਅਤੇ ਉਹ ਆਪਣੀ ਮਨਮਰਜ਼ੀ ਦੀ ਸਪੀਡ 'ਤੇ ਹੀ ਟਰੈਕਟਰ ਚਲਾਉਂਦੇ ਹਨ। ਕਈ ਵਾਰ ਤਾਂ ਪਿੱਛੋਂ ਆ ਰਹੇ ਲੋਕ ਇਨ੍ਹਾਂ ਟਰੈਕਟਰ ਵਾਲਿਆਂ ਨੂੰ ਹਾਰਨ ਦੇ-ਦੇ ਕੇ ਥੱਕ ਜਾਂਦੇ ਹਨ ਪਰ ਇਹ ਉਨ੍ਹਾਂ ਨੂੰ ਰਸਤਾ ਨਹੀਂ ਦਿੰਦੇ ਕਿਉਂਕਿ ਇਨ੍ਹਾਂ ਨੇ ਬਹੁਤ ਤੇਜ਼ ਆਵਾਜ਼ ਵਿਚ ਸਪੀਕਰ ਲਾਏ ਹੁੰਦੇ ਹਨ, ਜਿਸ ਕਾਰਨ ਉਨ੍ਹਾਂ ਨੂੰ ਹਾਰਨ ਦੀ ਆਵਾਜ਼ ਨਹੀਂ ਸੁਣਦੀ। ਇਨ੍ਹਾਂ ਟਰੈਕਟਰ-ਟਰਾਲੀਆਂ ਦੇ ਡਰਾਈਵਰਾਂ ਤੋਂ ਤੰਗ ਆਏ ਲੋਕਾਂ ਨੇ ਦੱਸਿਆ ਕਿ ਇਨ੍ਹਾਂ ਟਰੈਕਟਰਾਂ ਦੇ ਡਰਾਈਵਰਾਂ ਵੱਲੋਂ ਟਰਾਲੀਆਂ 'ਚ ਰੇਤ ਟਰਾਲੀ ਨਾਲੋਂ ਦੁੱਗਣੀ ਭਰੀ ਹੁੰਦੀ ਹੈ ਪਰ ਇਸ ਦੇ ਬਾਵਜੂਦ ਟਰੈਕਟਰਾਂ ਵਾਲੇ ਆਪਣੀਆਂ ਟਰਾਲੀਆਂ ਵਿਚ ਦੁੱਗਣੀ ਰੇਤ ਲੱਦ ਕੇ ਸੜਕਾਂ 'ਤੇ ਚਲਾ ਰਹੇ ਹਨ ਅਤੇ ਇਸ ਤਰ੍ਹਾਂ ਕਰ ਕੇ ਉਹ ਕਾਨੂੰਨ ਦੀਆਂ ਸ਼ਰੇਆਮ ਧੱਜੀਆਂ ਉਡਾ ਰਹੇ ਹਨ।
ਲੋਕਾਂ ਦੀ ਮਹਿਕਮੇ ਤੋਂ ਮੰਗ ਹੈ ਕਿ ਇਨ੍ਹਾਂ ਟਰੈਕਟਰ-ਟਰਾਲੀਆਂ ਚਲਾਉਣ ਵਾਲਿਆਂ ਨੂੰ ਸੜਕਾਂ 'ਤੇ ਆਪਣੀ ਮਨਮਰਜ਼ੀ ਦੀ ਸਪੀਡ 'ਤੇ ਟਰੈਕਟਰ ਚਲਾਉਣ ਅਤੇ ਗੈਰ-ਕਾਨੂੰਨੀ ਢੰਗ ਨਾਲ ਟਰਾਲੀਆਂ ਓਵਰਲੋਡ ਕਰ ਕੇ ਸੜਕ 'ਤੇ ਸਫਰ ਕਰਨ ਤੋਂ ਰੋਕਣ ਲਈ ਠੋਸ ਕਦਮ ਚੁੱਕੇ ਜਾਣ ਤਾਂ ਜੋ ਇਨ੍ਹਾਂ ਕਾਰਨ ਦੂਸਰੇ ਰਾਹਗੀਰਾਂ ਨੂੰ ਆ ਰਹੀਆਂ ਪ੍ਰੇਸ਼ਾਨੀਆਂ ਦੂਰ ਹੋ ਸਕਣ ਅਤੇ ਸੜਕ 'ਤੇ ਕੋਈ ਅਣਸੁਖਾਵੀਂ ਘਟਨਾ ਨੂੰ ਹੋਣ ਤੋਂ ਵੀ ਰੋਕਿਆ ਜਾ ਸਕੇ।


Related News