ਜ਼ਹਿਰੀਲੀ ਸ਼ਰਾਬ ਨੇ ਬੇਸਹਾਰਾ ਕੀਤੇ 4 ਮਾਸੂਮ ਬੱਚੇ, ਮਦਦ ਲਈ ਅੱਗੇ ਆਈ ਬਾਲ ਭਲਾਈ ਕਮੇਟੀ
Tuesday, Aug 11, 2020 - 06:40 PM (IST)
ਤਰਨ ਤਾਰਨ (ਰਮਨ) : ਜ਼ਹਿਰੀਲੀ ਸ਼ਰਾਬ ਨਾਲ ਮਾਰੇ ਗਏ ਪਤੀ ਦਾ ਸਦਮਾ ਨਾਂ ਸਹਾਰਨ ਵਾਲੀ ਪਤਨੀ ਦੀ ਮੌਕੇ 'ਤੇ ਹੋਈ ਮੌਤ ਉਪਰੰਤ ਚਾਰ ਬੇਸਹਾਰਾ ਬੱਚਿਆਂ ਦੀ ਦੇਖ ਭਾਲ ਅਤੇ ਪਾਲਣ ਪੋਸ਼ਣ ਲਈ ਜ਼ਿਲ੍ਹਾ ਬਾਲ ਸੁਰੱਖਿਆ ਵਿਭਾਗ ਅੱਗੇ ਆਇਆ ਹੈ।ਜਿਸ ਤਹਿਤ ਇਕ ਬੱਚੇ ਨੂੰ ਬਾਲ ਭਲਾਈ ਘਰ ਹੁਸ਼ਿਆਰਪੁਰ ਭੇਜ ਦਿੱਤਾ ਗਿਆ ਹੈ ਜਦਕਿ ਤਿੰਨ ਬੱਚਿਆਂ ਨੂੰ ਉਸ ਦੇ ਰਿਸ਼ਤੇਦਾਰਾਂ ਹਵਾਲੇ ਕਰ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਜ਼ਹਿਰੀਲੀ ਸ਼ਰਾਬ ਤ੍ਰਾਸਦੀ ਦੌਰਾਨ ਜ਼ਿਲ੍ਹੇ ਅੰਦਰ ਕਰੀਬ 94 ਮੌਤਾਂ ਹੋ ਚੁੱਕੀਆਂ ਹਨ ਜਦਕਿ ਕਈਆਂ ਦੀਆਂ ਇਸ ਘਟਨਾ ਦੌਰਾਨ ਅੱਖਾਂ ਦੀ ਰੋਸ਼ਨੀ ਜਾ ਚੁੱਕੀ ਹੈ। ਸਥਾਨਕ ਮੁਹੱਲਾ ਮੁਰਾਦਪੁਰਾ ਨਿਵਾਸੀ ਸੁਖਦੇਵ ਸਿੰਘ (35) ਪੁੱਤਰ ਧਰਮ ਸਿੰਘ ਦੀ ਜ਼ਹਿਰੀਲੀ ਸ਼ਰਾਬ ਪੀਣ ਨਾਲ ਬੀਤੇ ਦਿਨੀਂ ਮੌਤ ਹੋ ਗਈ ਸੀ।ਜਿਸ ਦਾ ਸਦਮਾ ਨਾਂ ਸਹਾਰਦੀ ਹੋਈ ਉਸ ਦੀ 32 ਸਾਲਾ ਪਤਨੀ ਜੋਤੀ ਨੇ ਵੀ ਮੌਕੇ 'ਤੇ ਹੀ ਪ੍ਰਾਨ ਤਿਆਗ ਦਿੱਤੇ ਸਨ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਵਲੋਂ ਨਵੇਂ ਹੁਕਮ ਜਾਰੀ, ਕਰਫਿਊ 'ਚ ਰਾਹਤ ਦਾ ਐਲਾਨ
ਇਸ ਦੌਰਾਨ ਦੋਵਾਂ ਮ੍ਰਿਤਕਾਂ ਦਾ ਇਕੋ ਸਮੇਂ ਸਸਕਾਰ ਕੀਤਾ ਗਿਆ ਸੀ। ਮ੍ਰਿਤਕ ਆਪਣੇ ਪਿੱਛੇ ਚਾਰ ਛੋਟੇ ਬੱਚੇ ਜਿਨ੍ਹਾਂ 'ਚ ਕਰਨਬੀਰ ਸਿੰਘ (13), ਗੁਰਪ੍ਰੀਤ ਸਿੰਘ (11), ਅਰਸ਼ਪ੍ਰੀਤ ਸਿੰਘ (9) ਅਤੇ ਸੰਦੀਪ ਸਿੰਘ (6) ਛੱਡ ਗਏ ਹਨ। ਘਰ ਦੇ ਹਾਲਾਤ ਠੀਕ ਨਾ ਹੋਣ ਕਾਰਨ ਕਿਰਾਏਦਾਰ ਨੇ ਵੀ ਇਸ ਹਾਦਸੇ ਤੋਂ ਬਾਅਦ ਬੱਚਿਆਂ ਪਾਸੋ ਮਕਾਨ ਖਾਲ੍ਹੀ ਕਰਵਾ ਲਿਆ, ਜਿਸ ਦੌਰਾਨ ਬੇਸਹਾਰਾ ਬੱਚੇ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਹੁੰਦੇ ਨਜ਼ਰ ਆਏ।
ਇਹ ਵੀ ਪੜ੍ਹੋ : ਸਾਊਦੀ 'ਚ ਵਾਪਰੇ ਹਾਦਸੇ ਨੇ ਪਰਿਵਾਰ 'ਚ ਪਵਾਏ ਕੀਰਣੇ, ਭੈਣ ਦੀ ਡੋਲੀ ਤੋਰਨ ਤੋਂ ਪਹਿਲਾਂ ਜਹਾਨੋਂ ਰੁਖਸਤ ਹੋਇਆ ਭਰਾ
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਬਾਲ ਭਲਾਈ ਕਮੇਟੀ ਦੇ ਚੇਅਰਮੈਨ ਡਾ. ਦਿਨੇਸ਼ ਗੁਪਤਾ ਨੇ ਦੱਸਿਆ ਕਿ ਬੇਸਹਾਰਾ ਬੱਚਿਆਂ ਦੀ ਮਦਦ ਲਈ ਉਨ੍ਹਾਂ ਦੀ ਟੀਮ ਨੇ ਮੰਗਲਵਾਰ ਸਵੇਰੇ ਮ੍ਰਿਤਕ ਦੇ ਭਰਾਵਾਂ ਨਾਲ ਗੱਲਬਾਤ ਕੀਤੀ। ਜਿਸ ਦੌਰਾਨ ਮ੍ਰਿਤਕ ਸੁਖਦੇਵ ਸਿੰਘ ਦੇ ਭਰਾ ਮੇਵਾ ਸਿੰਘ ਅਤੇ ਸਤਨਾਮ ਸਿੰਘ ਨੇ ਲਿਖਤੀ ਤੌਰ 'ਤੇ ਤਿੰਨ ਬੱਚਿਆਂ ਦੀ ਦੇਖਭਾਲ ਅਤੇ ਪਾਲਣ ਪੋਸ਼ਣ ਕਰਨ ਸਬੰਧੀ ਬਿਆਨ ਦਰਜ ਕਰਵਾਏ ਹਨ ਜਦਕਿ ਸਭ ਤੋਂ ਵੱਡੇ ਬੱਚੇ ਕਰਨਬੀਰ ਸਿੰਘ ਦਾ ਮੈਡੀਕਲ ਕਰਵਾਉਣ ਉਪਰੰਤ ਉਸ ਨੂੰ ਬਾਲ ਭਲਾਈ ਘਰ ਹੁਸ਼ਿਆਰਪੁਰ ਵਿਖੇ ਭੇਜ ਦਿੱਤਾ ਗਿਆ ਹੈ। ਡਾ. ਦਿਨੇਸ਼ ਗੁਪਤਾ ਨੇ ਦੱਸਿਆ ਬੱਚਿਆਂ ਦੀ ਹੋ ਰਹੀ ਦੇਖਭਾਲ ਸਬੰਧੀ ਹਰ 15 ਦਿਨਾਂ ਬਾਅਦ ਬਾਲ ਸੁਰੱਖਿਆ ਅਫਸਰ ਰਾਜੇਸ਼ ਕੁਮਾਰ ਵੱਲੋ ਜਾਂਚ ਕੀਤੀ ਜਾਵੇਗੀ ਜੋ ਸਾਰੀ ਰਿਪੋਰਟ ਉਨ੍ਹਾਂ ਨੂੰ ਦੇਣਗੇ।ਉਨ੍ਹਾਂ ਦੱਸਿਆ ਕਿ ਗੋਦ ਲੈਣ ਵਾਲੇ ਰਿਸ਼ਤੇਦਾਰਾਂ ਨੇ ਬੱਚਿਆਂ ਨੂੰ ਪੜ੍ਹਾਈ ਲਿਖਾਈ ਦੇ ਨਾਲ-ਨਾਲ ਸਹੀ ਪਾਲਣ ਪੋਸ਼ਣ ਕਰਨ ਦਾ ਵਚਨ ਦਿੱਤਾ ਹੈ।
ਇਹ ਵੀ ਪੜ੍ਹੋ : ਮਾਨਸਾ 'ਚ ਫੈਲੀ ਸਨਸਨੀ, ਇਸ ਹਾਲਤ 'ਚ ਸੀ ਲਾਸ਼ ਕਿ ਦੇਖ ਕੰਬੇ ਲੋਕਾਂ ਦੇ ਦਿਲ (ਤਸਵੀਰਾਂ)