ਪੰਚਕੂਲਾ ''ਚ ਡੇਰਾ ਸਮਰਥਕਾਂ ਦੇ ਦੰਗਿਆਂ ਤੋਂ ਬਾਅਦ ਸੈਲਾਨੀਆਂ ਨੇ ਬਦਲੀ ਟੂਰਿਸਟ ਡੈਸਟੀਨੇਸ਼ਨ

Wednesday, Oct 04, 2017 - 11:53 AM (IST)

ਪੰਚਕੂਲਾ ''ਚ ਡੇਰਾ ਸਮਰਥਕਾਂ ਦੇ ਦੰਗਿਆਂ ਤੋਂ ਬਾਅਦ ਸੈਲਾਨੀਆਂ ਨੇ ਬਦਲੀ ਟੂਰਿਸਟ ਡੈਸਟੀਨੇਸ਼ਨ

ਚੰਡੀਗੜ੍ਹ (ਅਰਚਨਾ) : ਰਾਮ ਰਹੀਮ ਨੂੰ ਸਜ਼ਾ ਤੋਂ ਬਾਅਦ ਪੰਚਕੂਲਾ 'ਚ ਡੇਰਾ ਸਮਰਥਕਾਂ ਦੇ ਦੰਗਿਆਂ ਨੇ ਅਗਸਤ 'ਚ ਚੰਡੀਗੜ੍ਹ ਤੋਂ ਸੈਲਾਨੀਆਂ ਨੂੰ ਦੂਰ ਰੱਖਿਆ। ਅੰਕੜੇ ਕਹਿੰਦੇ ਹਨ ਕਿ ਪੰਚਕੂਲਾ 'ਚ ਹੋਏ ਦੰਗਿਆਂ ਨੇ ਚੰਡੀਗੜ੍ਹ ਆਉਣ ਵਾਲੇ ਸੈਲਾਨੀਆਂ ਨੂੰ ਟੂਰਿਸਟ ਡੈਸਟੀਨੇਸ਼ਨ ਬਦਲਣ 'ਤੇ ਮਜਬੂਰ ਕੀਤਾ ਹੈ। ਚੰਡੀਗੜ੍ਹ ਪ੍ਰਸ਼ਾਸਨ ਦੇ ਟੂਰਿਜ਼ਮ ਵਿਭਾਗ ਦੇ ਅੰਕੜਿਆਂ ਅਨੁਸਾਰ ਅਗਸਤ 'ਚ ਲਗਭਗ 7000 ਸੈਲਾਨੀ ਸ਼ਹਿਰ ਤੋਂ ਦੂਰ ਰਹੇ। ਹਾਲਾਂਕਿ ਵਿਦੇਸ਼ ਤੋਂ ਆਉਣ ਵਾਲੇ ਸੈਲਾਨੀਆਂ ਦੀ ਗਿਣਤੀ 'ਤੇ ਦੰਗਿਆਂ ਨੇ ਕੋਈ ਪ੍ਰਭਾਵ ਨਹੀਂ ਛੱਡਿਆ।
ਅਗਸਤ 'ਚ ਚੰਡੀਗੜ੍ਹ ਆਉਣ ਵਾਲੇ ਵਿਦੇਸ਼ੀਆਂ ਦੀ ਗਿਣਤੀ ਪਹਿਲਾਂ ਵਰਗੀ ਹੀ ਦਰਜ ਕੀਤੀ ਗਈ। ਆਮ ਤੌਰ 'ਤੇ ਚੰਡੀਗੜ੍ਹ 'ਚ ਸੈਰ-ਸਪਾਟੇ ਲਈ ਆਸ-ਪਾਸ ਦੇ ਸੂਬਿਆਂ ਤੋਂ ਹਰ ਮਹੀਨੇ 1 ਲੱਖ, 20 ਹਜ਼ਾਰ ਸੈਲਾਨੀ ਆਉਂਦੇ ਹਨ, ਇਹ ਅੰਕੜਾ ਕਦੇ-ਕਦੇ ਇਕ ਲੱਖ  22 ਹਜ਼ਾਰ ਨੂੰ ਵੀ ਪਾਰ ਕਰਦਾ ਰਿਹਾ ਹੈ ਪਰ ਦੰਗਿਆਂ ਦਾ ਡਰ ਇਸ ਹੱਦ ਤਕ ਚੰਡੀਗੜ੍ਹ 'ਤੇ ਹਾਵੀ ਰਿਹਾ ਕਿ ਸੈਲਾਨੀਆਂ ਨੇ ਸਿਟੀ ਬਿਊਟੀਫੁਲ ਤੋਂ ਖੁਦ ਨੂੰ ਦੂਰ ਹੀ ਰੱਖਿਆ।
ਕੈਪੀਟਲ ਕੰਪਲੈਕਸ ਨੇ ਵਧਾਏ ਹਨ ਸੈਲਾਨੀ
ਚੰਡੀਗੜ੍ਹ ਦੇ ਟੂਰਿਸਟ ਅਫ਼ਸਰ ਨਰਿੰਦਰ ਕੁਮਾਰ ਦਾ ਕਹਿਣਾ ਹੈ ਕਿ ਸ਼ਹਿਰ 'ਚ ਆਉਣ ਵਾਲੇ ਸੈਲਾਨੀਆਂ ਦੀ ਗਿਣਤੀ ਵਧ ਰਹੀ ਹੈ। ਜਦੋਂ ਤੋਂ ਕੈਪੀਟਲ ਕੰਪਲੈਕਸ ਨੂੰ ਵਰਲਡ ਹੈਰੀਟੇਜ ਸਾਈਟ 'ਚ ਸ਼ਾਮਲ ਕੀਤਾ ਗਿਆ ਹੈ, ਉਦੋਂ ਤੋਂ ਚੰਡੀਗੜ੍ਹ ਦੇ ਟੂਰਿਜ਼ਮ ਨੂੰ ਬੜਾਵਾ ਮਿਲਿਆ ਹੈ। ਦੇਸ਼-ਵਿਦੇਸ਼ ਦੇ ਸੈਲਾਨੀ ਲੀ-ਕਾਰਬੂਜੀਏ ਦੀਆਂ ਰਚਨਾਵਾਂ ਨੂੰ ਦੇਖਣ ਲਈ ਸ਼ਹਿਰ 'ਚ ਆ ਰਹੇ ਹਨ। ਅਗਸਤ 'ਚ ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ ਚੰਡੀਗੜ੍ਹ ਆਉਣ ਵਾਲੇ ਸੈਲਾਨੀਆਂ ਦੀ ਗਿਣਤੀ ਘੱਟ ਦਰਜ ਕੀਤੀ ਗਈ ਹੈ, ਕਿਉਂਕਿ ਰਾਮ ਰਹੀਮ ਦੀ ਸਜ਼ਾ ਦੇ ਐਲਾਨ ਤੋਂ ਬਾਅਦ ਨਾ ਸਿਰਫ ਪੰਚਕੂਲਾ 'ਚ ਦੰਗੇ ਭੜਕ ਗਏ ਸਨ, ਬਲਕਿ ਉਸ ਤੋਂ ਬਾਅਦ ਪੰਚਕੂਲਾ ਤੋਂ ਚੰਡੀਗੜ੍ਹ ਤੇ ਚੰਡੀਗੜ੍ਹ ਤੋਂ ਪੰਚਕੂਲਾ ਆਉਣ ਵਾਲੇ ਲੋਕਾਂ ਨੂੰ ਚੰਡੀਗੜ੍ਹ ਤੇ ਪੰਚਕੂਲਾ ਦੀ ਪੁਲਸ ਚੈੱਕ ਕਰ ਰਹੀ ਸੀ। ਨਰਿੰਦਰ ਕੁਮਾਰ ਨੇ ਦੱਸਿਆ ਕਿ ਚੰਡੀਗੜ੍ਹ ਆਉਣ ਵਾਲੇ ਸੈਲਾਨੀਆਂ ਦਾ ਅੰਕੜਾ ਸ਼ਹਿਰ 'ਚ ਆਉਣ ਵਾਲੀਆਂ ਫਲਾਈਟਾਂ, ਟਰੇਨਾਂ, ਬੱਸ ਤੋਂ ਇਲਾਵਾ ਹੋਟਲਾਂ ਦੀ ਬੁਕਿੰਗ ਤੋਂ ਮਿਲਦਾ ਹੈ। ਸੈਲਾਨੀ ਹੋਟਲਾਂ ਤੋਂ ਇਲਾਵਾ ਚੰਡੀਗੜ੍ਹ ਦੇ ਗੈਸਟ ਹਾਊਸ, ਧਰਮਸ਼ਾਲਾ, ਸਰਕਾਰੀ ਸਰਕਟ ਹਾਊਸ, ਟ੍ਰਾਂਜ਼ਿਟ ਲਾਊਂਜ ਆਦਿ 'ਚ ਵੀ ਠਹਿਰਦੇ ਹਨ। ਬਹੁਤੇ ਸੈਲਾਨੀ ਚੰਡੀਗੜ੍ਹ ਦੀ ਖੂਬਸੂਰਤੀ ਦੇਖਣ ਤੋਂ ਬਾਅਦ ਹਿਮਾਚਲ ਪ੍ਰਦੇਸ਼ ਦੇ ਸੁੰਦਰ ਸਪਾਟਸ ਕੁੱਲੂ-ਮਨਾਲੀ, ਮੰਸੂਰੀ, ਸ਼ਿਮਲਾ ਵੱਲ ਨਿਕਲ ਜਾਂਦੇ ਹਨ।
ਸੈਲਾਨੀਆਂ ਤੋਂ ਪੁੱਛਾਂਗੇ ਚੰਡੀਗੜ੍ਹ 'ਚ ਕਿਹੜਾ ਹੈ ਸਭ ਤੋਂ ਸੁੰਦਰ ਸਪਾਟ?
ਚੰਡੀਗੜ੍ਹ ਪ੍ਰਸ਼ਾਸਨ ਦਾ ਟੂਰਿਜ਼ਮ ਵਿਭਾਗ 5 ਅਕਤੂਬਰ ਤੋਂ ਚੰਡੀਗੜ੍ਹ 'ਚ ਟੂਰਿਜ਼ਮ ਫੈਸਟੀਵਲ ਸ਼ੁਰੂ ਕਰਨ ਜਾ ਰਿਹਾ ਹੈ। 25 ਅਕਤੂਬਰ ਤਕ ਚੱਲਣ ਵਾਲੇ ਇਸ ਫੈਸਟੀਵਲ ਦੌਰਾਨ ਸੈਲਾਨੀਆਂ ਨੂੰ ਕੈਪੀਟਲ ਕੰਪਲੈਕਸ ਦੀ ਖੂਬਸੂਰਤੀ ਤੇ ਆਰਕੀਟੈਕਚਰ ਨੂੰ ਦਿਖਾਇਆ ਜਾਵੇਗਾ। ਫੈਸਟੀਵਲ ਦੌਰਾਨ ਇਕ ਸਟੱਡੀ ਕੀਤੀ ਜਾਵੇਗੀ, ਜਿਸ 'ਚ ਚੰਡੀਗੜ੍ਹ ਆਉਣ ਵਾਲੇ ਸੈਲਾਨੀਆਂ ਤੋਂ ਪੁੱਛਿਆ ਜਾਵੇਗਾ ਕਿ ਉਹ ਚੰਡੀਗੜ੍ਹ ਦੀ ਖੂਬਸੂਰਤੀ 'ਚ ਹੋਰ ਕੀ ਨਿਖਾਰ ਦੇਖਣਾ ਚਾਹੁੰਦੇ ਹਨ। ਚੰਡੀਗੜ੍ਹ 'ਚ ਵੱਡੀ ਗਿਣਤੀ 'ਚ ਸੈਲਾਨੀ ਆ ਰਹੇ ਹਨ। ਦੇਸ਼ 'ਚੋਂ ਇਕ ਮਹੀਨੇ 'ਚ ਇਕ ਲੱਖ ਤੋਂ ਜ਼ਿਆਦਾ ਸੈਲਾਨੀ ਚੰਡੀਗੜ੍ਹ ਆਉਂਦੇ ਹਨ। ਸੈਲਾਨੀਆਂ ਨੂੰ ਚੰਡੀਗੜ੍ਹ 'ਚ ਸਭ ਤੋਂ ਜ਼ਿਆਦਾ ਚੰਗਾ ਕੀ ਲੱਗਦਾ ਹੈ, ਇਸ ਬਾਰੇ ਸਵਾਲ ਕੀਤੇ ਜਾਣਗੇ। ਸਿਰਫ ਐਨਾ ਹੀ ਨਹੀਂ, ਟੂਰਿਸਟ ਨੂੰ ਇਹ ਵੀ ਸੰਦੇਸ਼ ਦਿੱਤਾ ਜਾਵੇਗਾ ਕਿ ਉਹ ਚੰਡੀਗੜ੍ਹ ਦੀ ਸਵੱਛਤਾ ਦਾ ਵੀ ਸੈਰ-ਸਪਾਟੇ ਦੌਰਾਨ ਧਿਆਨ ਰੱਖਣ।


Related News