ਖੰਨਾ 'ਚ ਦਿਨ ਚੜ੍ਹਦੇ ਵਾਪਰਿਆ ਹਾਦਸਾ, ਮਜ਼ਦੂਰਾਂ ਨਾਲ ਭਰੀ ਟੂਰਿਸਟ ਬੱਸ ਪਲਟੀ
Tuesday, May 12, 2020 - 02:09 PM (IST)
ਖੰਨਾ (ਵਿਪਨ) : ਖੰਨਾ ਜੀ. ਟੀ. ਰੋਡ 'ਤੇ ਪਿੰਡ ਲਿਬੜਾ ਵਿਖੇ ਰਾਧਾ ਸਵਾਮੀ ਸਤਸੰਗ ਭਵਨ ਦੇ ਨਜ਼ਦੀਕ ਮੰਗਲਵਾਰ ਨੂੰ ਦਰਦਨਾਕ ਹਾਦਸਾ ਵਾਪਰਿਆ, ਜਿਸ ਦੌਰਾਨ ਜੰਮੂ ਤੋਂ ਯੂ. ਪੀ. ਜਾ ਰਹੀ ਮਜ਼ਦੂਰਾਂ ਨਾਲ ਭਰੀ ਇੱਕ ਟੂਰਿਸਟ ਬੱਸ ਅਚਾਨਕ ਪਲਟ ਗਈ, ਜਿਸ 'ਚ ਕਈ ਮਜ਼ਦੂਰ ਜ਼ਖਮੀ ਹੋ ਗਏ। ਜਖ਼ਮੀਆਂ ਨੂੰ ਖੰਨਾ ਦੇ ਸਿਵਲ ਹਸਪਤਾਲ 'ਚ ਭਰਤੀ ਕਰਾਇਆ ਗਿਆ। ਬੱਸ 'ਚ ਸਵਾਰ ਮੁਸਾਫਰਾਂ ਮੁਤਾਬਕ ਉਹ ਬੱਸ 'ਚ ਜੰਮੂ ਤੋਂ ਬਿਹਾਰ ਜਾ ਰਹੇ ਸੀ, ਬੱਸ 'ਚ ਕਰੀਬ 45 ਤੋਂ 50 ਲੋਕ ਸਵਾਰ ਸਨ।
ਮੁਸਾਫਰਾਂ ਨੇ ਦੱਸਿਆ ਕਿ ਜਦੋਂ ਉਹ ਬੱਸ 'ਚ ਸੌਂ ਰਹੇ ਸਨ ਤਾਂ ਅਚਾਨਕ ਬੱਸ ਪਲਟ ਗਈ, ਜਿਸ ਕਾਰਨ 10 ਲੋਕਾਂ ਨੂੰ ਸੱਟਾਂ ਲੱਗੀਆਂ ਹਨ। ਮਜ਼ਦੂਰਾਂ ਨੇ ਦੱਸਿਆ ਕਿ ਉਨ੍ਹਾਂ ਕੋਲੋਂ 1-1 ਹਜ਼ਾਰ ਰੁਪਏ ਲਏ ਗਏ ਹਨ। ਫਿਲਹਾਲ ਬੱਸ ਦਾ ਡਰਾਈਵਰ ਫਰਾਰ ਦੱਸਿਆ ਜਾ ਰਿਹਾ ਹੈ। ਥਾਣਾ ਸਦਰ ਦੇ ਐੱਸ. ਐੱਚ. ਓ. ਜਸਪਾਲ ਸਿੰਘ ਦਾ ਕਹਿਣਾ ਹੈ ਕਿ ਬੱਸ ਪਲਟਣ ਦੀ ਸੂਚਨਾ ਮਿਲਦੇ ਹੀ ਜਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ ਅਤੇ ਡਰਾਈਵਰ ਅਤੇ ਕੰਡਕਟਰ ਫ਼ਰਾਰ ਹਨ। ਉਨ੍ਹਾਂ ਕਿਹਾ ਕਿ ਅੱਗੇ ਦੀ ਜਾਂਚ ਜਾਰੀ ਹੈ।