ਜਗਬਾਣੀ ਸੈਰ ਸਪਾਟਾ ਵਿਸ਼ੇਸ਼-7 : ਰਾਜਧਾਨੀ ਐਕਸਪ੍ਰੈੱਸ ਦਾ ਯਾਦਗਾਰ ਸਫ਼ਰ

Monday, May 11, 2020 - 01:33 PM (IST)

ਜਗਬਾਣੀ ਸੈਰ ਸਪਾਟਾ ਵਿਸ਼ੇਸ਼-7 : ਰਾਜਧਾਨੀ ਐਕਸਪ੍ਰੈੱਸ ਦਾ ਯਾਦਗਾਰ ਸਫ਼ਰ

ਮਨਜੀਤ ਸਿੰਘ ਰਾਜਪੁਰਾ

ਜਦੋਂ ਅਸੀ ਚਾਰ ਲੰਗਾੜੇ ਭੂਟਾਨ ਨੂੰ ਚੱਲੇ ਤਾਂ ਭਰਜਾਈਆਂ ਤੋਂ ਤਪਿਆ ਜੇਠ ਤੰਦੂਰ ਬਣਿਆ ਪਿਆ ਸੀ। ਅਸੀਂ ਦਿੱਲੀ ਪੁੱਜ ਕੇ ਬ੍ਰਹਮਪੁੱਤਰ ਐਕਸਪ੍ਰੈੱਸ ਦੀਆਂ ਰਾਖਵੀਂਆਂ ਸੀਟਾਂ 'ਤੇ ਭੜਾਸ 'ਚ ਬੈਠੇ ਤਾਂ ਉਹ ਗੱਲ ਹੋਈ ਪਈ ਸੀ ਕਿ ਬਹੁਤੀਆਂ ਜ਼ਮੀਨ ਵਾਲੇ ਮਾਮਲੇ ਨੂੰ ਵੇਖੇ ਜਾਣਗੇ। ਜਦੋਂ ਗੱਡੀ ਅੱਧੀ ਕੁ ਯੂ.ਪੀ. ਟੱਪੀ ਤਾਂ ਸਾਡੇ 'ਚੋਂ ਇਕ ਲਾਡਲੇ ਨੂੰ ਬਾਰੀ ਥਾਣੀਂ ਆਉਂਦੀਆਂ ਤੱਤੀਆਂ ਲੋਆਂ ਨੇ ਲੂਹ ਦਿੱਤਾ ਤੇ ਉਹ ਆਪਣੇ ਘਰ ਦਾ ਏ.ਸੀ. ਕਮਰਾ ਯਾਦ ਕਰਕੇ ਲੇਰਾਂ ਮਾਰਨ ਲੱਗ ਪਿਆ।

ਏ.ਸੀ 'ਚ ਪਲਣ ਵਾਲਿਆਂ ਦਾ ਹੁਣ ਸਰਿਆ ਪਿਆ। ਇਕ ਤੀਵੀਂ ਇਕ ਵਾਰੀ ਦੱਸੇ ਕਿ ਸਾਡੇ ਬੇਟੇ ਦਾ ਸਕੂਲ ਵੀ ਏ.ਸੀ. ਐ। ਜਿਹੜੀ ਵੈਨ 'ਚ ਸਕੂਲ ਜਾਂਦਾ ਉਹ ਵੀ ਏ.ਸੀ ਐ ਤੇ ਘਰੇ ਵੀ ਅਸੀਂ ਏ.ਸੀ ਤੋਂ ਬਾਹਰ ਨੀ ਨਿਕਲਣ ਦਿੰਦੇ। ਮੇਰੇ ਹਸਬੈਂਡ ਕਹਿੰਦੇ ਕਿ ਇਕੋ ਸਾਡਾ ਬੇਟਾ ਅਸੀਂ ਉਹਦੀ ਲਾਈਫ ਬਣਾਉਣੀ ਐ। ਮੈਂ ਕਿਹਾ ਕਿ ਲਾਈਫ ਕਾਹਦੀ ਬਣਾ ਰਹੇ, ਤੁਸੀਂ ਤਾਂ ਕੁਲਫੀ ਜਮਾਅ ਰਹੇ ਉਸਦੀ। ਜਦੋਂ ਮਾੜੀ ਜਿਹੀ ਧੁੱਪ ਨਿਕਲੇਗੀ, ਉਦੋਂ ਹੀ ਪਿਘਲ ਜਾਇਆ ਕਰੇਗੀ।

ਬਿਹਾਰ ਦੇ ਕਟਿਹਾਰ ਸਟੇਸ਼ਨ ਤੱਕ ਪੁੱਜਦਿਆ ਇਸ ਤਰ੍ਹਾਂ ਲਗਣ ਲੱਗ ਪਿਆ ਬਈ ਕਿਤੇ ਬਾਪੂ ਨੂੰ ਲੱਕੜੀਆਂ ਇਕੱਠੀਆਂ ਕਰਨ ਦਾ ਸੁਨੇਹਾ ਨਾ ਭੇਜਣਾ ਪੈ ਜਾਵੇ।

ਖੈਰ ਅਸੀਂ ਕਿਸੇ ਤਰ੍ਹਾਂ ਉਸ ਨੂੰ ਪੱਖੀਆਂ ਝੱਲਦੇ ਸਿਲੀਗੁੜੀ ਨੂੰ ਜਾ ਲੱਗੇ ਉਥੇ ਉਹ ਕਹਿਣ ਲੱਗਾ ਕਿ ਮੈਂ ਇਸ ਗੱਡੀ 'ਚ ਵਾਪਸ ਜਾਣ ਨਾਲੋਂ ਮਰਨਾ ਚੰਗਾ ਸਮਝਦਾਂ। ਲਉ ਜੀ ਉਸ ਦੇ ਕਹਿਣ 'ਤੇ ਅਸੀਂ ਭੂਟਾਨ ਜਾਣ ਤੋਂ ਪਹਿਲਾਂ 3000-3000 ਰੁਪਏ ਰੇਲਵੇ ਦੇ ਇਕ ਬੰਦੇ ਨੂੰ ਸਿਲੀਗੁੜੀ  ਤੋਂ ਦਿੱਲੀ ਤੱਕ ਸਭ ਤੋਂ ਮਹਿੰਗੀ ਗੱਡੀ ਰਾਜਧਾਨੀ ਐਕਸਪ੍ਰੈਸ 'ਚ ਸੀਟਾਂ ਰਾਖਵੀਂਆਂ ਕਰਨ ਲਈ ਦੇ ਦਿੱਤੇ।

ਪੜ੍ਹੋ ਇਹ ਵੀ ਖਬਰ - ਜਗਬਾਣੀ ਸੈਰ ਸਪਾਟਾ ਸਪੈਸ਼ਲ-6 : ‘ਚਾਨਣੀਆਂ ਰਾਤਾਂ ਵਰਗੀ ਧਰਤੀ’

ਪੜ੍ਹੋ ਇਹ ਵੀ ਖਬਰ - ਜਗਬਾਣੀ ਸੈਰ ਸਪਾਟਾ ਸਪੈਸ਼ਲ- 5 : ਭੂਟਾਨ ਘੁੰਮਦਿਆਂ ਪਾਰੋ ਦਾ ਸ਼ਰਬਤੀ ਝਾਕਾ

ਪੜ੍ਹੋ ਇਹ ਵੀ ਖਬਰ - ਜਗਬਾਣੀ ਸੈਰ ਸਪਾਟਾ ਸਪੈਸ਼ਲ-4 : ਦੁਨੀਆਂ ਦੇ ਸਭ ਤੋਂ ਉੱਚੇ ਪਿੰਡ ਕਿੱਬਰ ਵਿਚ ਘੁੰਮਦਿਆਂ

PunjabKesari

ਭੂਟਾਨ ਤੋਂ ਵਾਪਸ ਆ ਕੇ ਅਸੀਂ ਰੇਲਵੇ ਦੇ ਬੰਦੇ ਤੋਂ ਟਿਕਟਾਂ ਲੈ ਕੇ ਸਟੇਸ਼ਨ 'ਤੇ ਪੁੱਜੇ। ਇਹ ਪਹਿਲੀ ਵਾਰ ਸੀ ਕਿ ਮੈਂ ਇੰਨਾ ਮਹਿੰਗਾ ਸਫਰ ਕਰ ਰਿਹਾ ਸੀ। ਐਨੇ ਪੈਸਿਆਂ ਨਾਲ ਤਾਂ ਮੈਂ ਕੇਰਲਾ ’ਚ ਪੰਦਰਾਂ ਦਿਨ ਰਹਿ ਕੇ ਮੁੜ ਆਉਂਦਾ ਹਾਂ। 

ਜਦੋਂ ਅਸੀਂ ਸਟੇਸ਼ਨ 'ਤੇ ਪੁੱਜੇ ਤਾਂ ਗੱਡੀ ਹਾਲੇ ਆਈ ਨਹੀਂ ਸੀ। ਅਸੀਂ ਪਹਿਲੇ ਦਰਜੇ ਦੇ ਉਡੀਕ ਘਰ 'ਚ ਜਾ ਪੁੱਜੇ। ਉਥੇ ਫੌਜ ਦੇ ਅਫਸਰ ਤੇ ਹੋਰ ਤਕੜੀਆਂ ਸਾਮੀਆਂ ਬੈਠੀਆਂ ਸਨ ਜਦੋਂ ਅਸੀਂ ਉਥੇ ਪੁੱਜੇ ਤਾਂ ਉਹ ਸਾਡੇ ਵਲ ਐਂ ਝਾਕੇ ਜਿਵੇਂ ਗੇਜਾ ਲੰਬੜਦਾਰ ਮੋਢੇ ਤੇ ਕਹੀ ਰੱਖ ਕੇ ਤਹਿਸੀਲਦਾਰ ਦੇ ਦਫਤਰ 'ਚ ਵੜ ਗਿਆ ਹੋਵੇ।

ਥੋੜ੍ਹੀ ਕੁ ਦੇਰ ਬਾਅਦ ਗੱਡੀ ਆਣ ਪੁੱਜੀ। ਅਸੀਂ ਆਪਣੀਆਂ ਰਾਖਵੀਂਆਂ ਸੀਟਾਂ ਤੇ ਪੁੱਜੇ। ਮੈਂ ਅੱਜ ਤੱਕ ਜਿੰਨੇ ਵੀ ਸਫਰ ਕੀਤੇ ਉਹ ਲੰਡੂ ਡੱਬਿਆਂ 'ਚ ਹੀ ਕੀਤੇ ਸਨ ਤੇ ਉਨ੍ਹਾਂ 'ਚੋਂ ਮੁਰਗੀਖਾਨੇ ਦੀਆਂ ਬਿੱਠਾਂ ਵਰਗੀ ਹਵਾੜ ਆਉਂਦੀ ਸੀ। ਪਰ ਰਾਜਧਾਨੀ ਦੇ ਡੱਬਿਆਂ 'ਚ ਤਾਂ ‘ਜਦੋਂ ਹੱਸਦੀ ਭੁਲੇਖਾ ਮੈਨੂੰ ਪੈਂਦਾ ਵੇ ਹਾਸਿਆਂ 'ਚ ਤੂੰ ਹੱਸਦਾ’ ਵਰਗੀ ਗੱਲ ਹੋਈ ਪਈ ਸੀ। ਐਦਾਂ ਲਗਦਾ ਸੀ ਜਿਵੇਂ ਕਾਟੋਆਂ ਨੂੰ ਕਿੱਕਰਾਂ ਤੋਂ ਲਾਹੁਣ ਵਾਲੇ ‘ਕਲੀਰਿਆਂ ਦੇ ਦੇਸ’ ਪੁੱਜ ਗਏ ਹੋਣ।

ਪੜ੍ਹੋ ਇਹ ਵੀ ਖਬਰ - ਜਗਬਾਣੀ ਸੈਰ ਸਪਾਟਾ ਵਿਸ਼ੇਸ਼-3 : ਜੈਸਲਮੇਰ ਸ਼ਹਿਰ ਅਤੇ ਇਸਦਾ ਆਲਾ-ਦੁਆਲਾ

ਪੜ੍ਹੋ ਇਹ ਵੀ ਖਬਰ - 'ਜਗ ਬਾਣੀ' ਸੈਰ-ਸਪਾਟਾ-2 : ਖੁਸ਼ਹਾਲੀ ਦੇ ਦੇਸ਼ ਭੂਟਾਨ ਵਿਚ ਘੁੰਮਦਿਆਂ

ਸਿਲੀਗੁੜੀ ਤੋਂ ਗੱਡੀ ਚੱਲੀ ਨੂੰ ਹਾਲੇ ਥੋੜ੍ਹੀ ਦੇਰ ਹੀ ਹੋਈ ਸੀ ਕਿ ਰੇਲਵੇ ਦਾ ਇਕ ਮੁਲਾਜ਼ਮ ਆ ਕੇ ਮੈਨੂੰ ਪੁੱਛਦਾ, ਸਰ ਆਪ ਕਿਆ ਲੇਂਗੇ ਕੌਫੀ ਯਾ ਸੂਪ ? ਮੇਰੀ ਹਾਲਤ ਵੇਖਣ ਵਾਲੀ ਸੀ ਜਿਵੇਂ ਆੜ੍ਹਤੀ  ਦੇ ਪੈਸੇ ਦੱਬਣ ਵਾਲੇ ਨੂੰ ਪਿੰਡ ਨੇ ਸਰਪੰਚ ਬਣਾ ਦਿੱਤਾ ਹੋਵੇ। ਜਦੋਂ ਉਹ ਥੋੜ੍ਹੀ ਦੇਰ ਬਾਅਦ ਸਰ ਸਰ ਕਰਦਾ ਤਾਂ ਮੈਨੂੰ ਆਪਣੇ ਆਪ ਤੇ ਬਹੁਤ ਹਾਸਾ ਆਉਂਦਾ। ਉਸ ਬੰਦੇ ਦੀ ਸਾਡੇ ਡੱਬੇ ਵਿਚ ਡਿਊਟੀ ਸੀ ਤੇ ਉਹ ਹਰ ਘੰਟੇ ਬਾਅਦ ਕਦੇ ਸੂਪ, ਸੈਂਡਵਿਚ, ਕਦੇ ਠੰਢਾ ਲੈ ਕੇ ਹਾਜ਼ਰ ਹੁੰਦਾ। ਰਾਜਧਾਨੀ ਦੀ ਟਿਕਟ ਵਿਚ ਟਿਕਟ ਦੇ ਨਾਲ ਹੀ ਖਾਣਾ ਪੀਣਾ ਵੀ ਸ਼ਾਮਲ ਹੁੰਦਾ ਹੈ।

PunjabKesari

ਦੁਪਹਿਰ ਨੂੰ ਉਹ ਚਿਕਨ ਚਿੱਲੀਆਂ ਲੈ ਕੇ ਹਾਜ਼ਰ ਹੋਇਆ। ਜੱਸੀ ਨੇ ਚਿਕਨ ਚਿੱਲੀਆਂ ਦੀਆਂ ਬਿੱਲੀਆਂ ਬੁਲਾ ਕੇ ਰੱਖ ਦਿੱਤੀਆਂ। ਉਹ ਆਪਣਾ ਮਾਲ ਤਾਂ ਛਕਦਾ ਹੀ ਸੀ ਨਾਲ ਦਿਆਂ ਦੇ 'ਤੇ ਵੀ ਹੱਥ ਫੇਰਦਾ ਸੀ। ਪਤੰਦਰ ਨੂੰ ਕੁੱਝ ਸਮਾਂ ਪਹਿਲਾਂ ਹੋਣੀ ਦੂਸਰੀ ਦੁਨੀਆਂ ਵਿਚ ਲੈ ਗਈ। ਉਹ ਕਹਿੰਦਾ, ਬਾਈ ਮੇਰੇ ਹੁੰਦਿਆਂ ਚਿੰਤਾ ਨੀ ਕਰਨੀ। ਆਪਾਂ ਪੈਸੇ ਦਿੱਤੇ ਐ ਕੋਈ ਵੀ ਸ਼ਿਕਾਰ ਸੁੱਕਾ ਨੀ ਜਾਣਾ ਚਾਹੀਦਾ।

ਰਾਤ ਨੂੰ ਸਿਆਲ 'ਚ ਪਰਾਲੀ 'ਚ ਪਏ ਕੁੱਤਿਆਂ ਵਰਗੀ ਨੀਂਦ ਆਈ। ਸਾਡੇ ਨਾਲ ਇਕ ਹੋਰ ਟੱਬਰ ਸਫਰ ਕਰ ਰਿਹਾ ਸੀ। ਉਹ ਕਿਸੇ ਵਿਆਹ ਤੋਂ ਆ ਰਹੇ ਸੀ। ਉਹ ਖਾਣ ਪੀਣ ਦਾ ਜੋ ਵੀ ਸਮਾਨ ਬਚਦਾ ਸੀ ਉਸ ਨੂੰ ਆਪਣੇ ਝੋਲਿਆਂ ਵਿਚ ਪਾਈ ਜਾਂਦੇ ਸਨ। ਇੱਥੋਂ ਤੱਕ ਕਿ ਉਨ੍ਹਾਂ ਜਾੜ੍ਹਾਂ ਕਰੇਲਣ ਵਾਲੇ ਡੱਕੇ ਵੀ ਆਪਣੇ ਝੋਲਿਆਂ ਵਿਚ ਸੁੱਟ ਲਏ। ਉਨ੍ਹਾਂ ਦੀ ਹਾਲਤ ਮੇਲੇ ਗਈ ਉਸ ਤੀਵੀਂ ਵਰਗੀ ਸੀ ਜਿਹੜੀ ਜਲੇਬੀਆਂ ਦਾ ਝੋਲਾ ਭਰ ਕੇ ਜਲੇਬੀਦਾਣਾ ਚੁਗਦੀ ਫਿਰਦੀ ਹੋਵੇ।

ਦਿੱਲੀ ਪੁੱਜਣ ’ਤੇ ਰੇਲਵੇ ਦਾ ਬੰਦਾ ਸਾਰੇ ਡੱਬੇ 'ਚ ਚੰਗੀ ਸੇਵਾ ਬਦਲੇ ਕਿਸੇ ਇਨਾਮ ਦੀ ਉਮੀਦ ਨਾਲ ਘੁੰਮ ਰਿਹਾ ਸੀ। ਕਈਆਂ ਨੇ ਇਨਾਮ ਦਿੱਤਾ ਅਤੇ ਕਈਆਂ ਨੇ ਜਵਾਬ ਦੇ ਦਿੱਤਾ। ਜਦੋਂ ਉਹ ਸਾਡੇ ਕੋਲ ਆਇਆ ਤਾਂ ਮੇਰੇ ਨਾਲ ਦਿਆਂ ਨੇ ਮੇਰੇ ਵੱਲ ਇਸ਼ਾਰਾ ਕਰ ਦਿੱਤਾ। ਸਭ ਦੇ ਇਕੱਠੇ ਪੈਸੇ ਮੇਰੇ ਕੋਲ ਹੀ ਸਨ। ਅਜਿਹੇ ਮੌਕੇ ਆਪਾਂ ਨੂੰ ਰੱਬ ਦੇਵੇ। ਕੌਮ ਦੀ ਪੱਗ ਦਾ ਸ਼ਮਲਾ ਉਚਾ ਕਰਨ ਲਈ ਆਪਾਂ ਆਪਣੀ ਪੂੰਛ ਨੂੰ ਅੱਗ ਲਾ ਕੇ ਬਹਿ ਗਏ।

ਪੜ੍ਹੋ ਇਹ ਵੀ ਖਬਰ - ਜਗਬਾਣੀ ਸੈਰ ਸਪਾਟਾ ਵਿਸ਼ੇਸ਼-1 : ਹਿਟਲਰ ਦੇ ਦੇਸ਼ ਵਿਚ ਘੁੰਮਦਿਆਂ​​​​​​​

ਮੈਂ ਉਸ ਨੂੰ ਸੌ ਰੁਪਏ ਦਿੱਤੇ ਤਾਂ ਉਹ ਕਹਿਣ ਲੱਗਾ ਕਿ ਸਰਦਾਰ ਜੀ ਹੋਰ ਦਿਉ, ਤੁਸੀਂ ਚਾਰ ਜਣੇ ਹੋ। ਜਦੋਂ ਮੈਂ 100 ਰੁਪਏ ਹੋਰ ਦਿੱਤੇ ਤੇ ਪੁੱਛਿਆ ਕਿ ਹੋਰ ਦਵਾਂ ਤਾਂ ਉਹ ਮੱਥੇ ਨਾਲ ਹੱਥ ਨਾਲ ਲਾ ਕੇ ਕਹਿਣ ਲੱਗਾ, ਸਰਦਾਰ ਜੀ ਮੈਨੂੰ ਪਤਾ ਤੁਸੀਂ ਬਹੁਤ ਵੱਡੇ ਦਿਲ ਵਾਲੇ ਬੰਦੇ ਹੁੰਦੇ ਹੋ। ਮੈਂ ਆਪਣੇ ਮਨ ਵਿਚ ਕਿਹਾ ਕਿ ਇਹੀ ਤਾਂ ਤੇਰੇ ਤੋਂ ਕਹਾਣਾ ਸੀ, ਹੋਰ ਅਸੀਂ ਕਿਹੜਾ ਰਾਜਧਾਨੀ ਤੇ ਪੀਂਘ ਪਾਉਣੀ ਐ। ਇਹ ਸਫਰ ਉਨ੍ਹਾਂ ਹਰੀਆਂ ਮਿਰਚਾਂ ਵਰਗਾ ਸੀ ਜਿਹੜੀਆਂ ਸਿਆਲ 'ਚ ਸਾਗ ਨਾਲ ਖਾਣ ਲੱਗਿਆਂ ਤਾਂ ਬੜੀਆਂ ਸੁਆਦ ਲਗਦੀਆਂ ਪਰ ਦੂਜੇ ਦਿਨ ਸਵੇਰੇ ਚਿੱਤੜ ਧੋਣ ਲੱਗਿਆਂ ਚੰਗਿਆੜੇ ਨਿਕਲਦੇ ਐ।

PunjabKesari


author

rajwinder kaur

Content Editor

Related News