ਮੂਸੇਵਾਲਾ ਕਤਲਕਾਂਡ ’ਚ ਸ਼ਾਮਲ ਗੈਂਗਸਟਰ ਦੀਪਕ ਮੁੰਡੀ ਗ੍ਰਿਫ਼ਤਾਰ, SYL ’ਤੇ ਸੁਪਰੀਮ ਕੋਰਟ ਦੀ ਸਲਾਹ, ਪੜ੍ਹੋ TOP 10
Saturday, Sep 10, 2022 - 10:31 PM (IST)
ਜਲੰਧਰ (ਬਿਊਰੋ) : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲਕਾਂਡ ’ਚ ਪੁਲਸ ਹੱਥ ਵੱਡੀ ਸਫ਼ਲਤਾ ਲੱਗੀ ਹੈ। ਪੁਲਸ ਨੇ ਸਿੱਧੂ ਮੂਸੇਵਾਲਾ ਕਤਲਕਾਂਗ ’ਚ ਸ਼ਾਮਲ 6ਵਾਂ ਗੈਂਗਸਟਰ ਦੀਪਕ ਉਰਫ਼ ਮੁੰਡੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਸੁਪਰੀਮ ਕੋਰਟ ਨੇ ਸਤਲੁਜ-ਯਮੁਨਾ ਲਿੰਕ (ਐੱਸ. ਵਾਈ. ਐੱਲ.) ਨਹਿਰ ਦੇ ਮਾਮਲੇ ’ਚ ਪੰਜਾਬ ਅਤੇ ਹਰਿਆਣਾ ਸਰਕਾਰਾਂ ਨੂੰ ਸਹਿਯੋਗ ਕਰਨ ਲਈ ਕਿਹਾ ਹੈ। ਪੜ੍ਹੋ ਅੱਜ ਦੀਆਂ Top 10 ਖ਼ਬਰਾਂ
ਵੱਡੀ ਖ਼ਬਰ: ਸਿੱਧੂ ਮੂਸੇਵਾਲਾ ਕਤਲ ਕੇਸ ’ਚ ਸ਼ਾਮਲ ਗੈਂਗਸਟਰ ਦੀਪਕ ਮੁੰਡੀ ਗ੍ਰਿਫ਼ਤਾਰ
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ’ਚ ਪੁਲਸ ਹੱਥ ਵੱਡੀ ਸਫ਼ਲਤਾ ਲੱਗੀ ਹੈ। ਪੁਲਸ ਨੇ ਸਿੱਧੂ ਮੂਸੇਵਾਲਾ ਦੇ ਕਤਲ ਕੇਸ ’ਚ ਸ਼ਾਮਲ 6ਵਾਂ ਗੈਂਗਸਟਰ ਦੀਪਕ ਉਰਫ਼ ਮੁੰਡੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਾਣਕਾਰੀ ਮੁਤਾਬਕ ਪੰਜਾਬ ਪੁਲਸ ਨੇ ਕੇਂਦਰੀ ਏਜੰਸੀਆਂ ਅਤੇ ਦਿੱਲੀ ਪੁਲਸ ਨਾਲ ਇਕ ਸਾਂਝੀ ਮੁਹਿੰਮ ’ਚ ਫਰਾਰ ਗੈਂਗਸਟਰ ਸ਼ੂਟਰ ਦੀਪਕ ਮੁੰਡੀ ਨੂੰ ਉਸ ਦੇ 2 ਹੋਰ ਸਹਿਯੋਗੀਆਂ-ਕਪਿਲ ਪੰਡਿਤ ਅਤੇ ਰਾਜਿੰਦਰ ਨਾਲ ਭਾਰਤ-ਨੇਪਾਲ ਬਾਰਡਰ ਤੋਂ ਗ੍ਰਿਫ਼ਤਾਰ ਕੀਤਾ ਹੈ।
ਸੁਪਰੀਮ ਕੋਰਟ ਨੇ SYL ’ਤੇ ਪੰਜਾਬ-ਹਰਿਆਣਾ ਨੂੰ ਸਹਿਯੋਗ ਕਰਨ ਲਈ ਕਿਹਾ, ਨਾਲ ਹੀ ਦਿੱਤੀ ਇਹ ਸਲਾਹ
ਸੁਪਰੀਮ ਕੋਰਟ ਨੇ ਸਤਲੁਜ-ਯਮੁਨਾ ਲਿੰਕ (ਐੱਸ. ਵਾਈ. ਐੱਲ.) ਨਹਿਰ ਦੇ ਮਾਮਲੇ ਵਿਚ ਪੰਜਾਬ ਅਤੇ ਹਰਿਆਣਾ ਸਰਕਾਰਾਂ ਨੂੰ ਸਹਿਯੋਗ ਕਰਨ ਲਈ ਕਿਹਾ ਹੈ। ਇਸ ਮਾਮਲੇ ਵਿੱਚ ਸੁਪਰੀਮ ਕੋਰਟ ਦਾ ਕਹਿਣਾ ਹੈ ਕਿ ਪਾਣੀ ਇੱਕ ਕੁਦਰਤੀ ਸੋਮਾ ਹੈ।
ਪੰਜਾਬ ਸਰਕਾਰ ਨੂੰ ਝਟਕਾ, ਪਰਾਲੀ ਨਾ ਸਾੜਨ ਵਾਲੇ ਕਿਸਾਨਾਂ ਨੂੰ ਨਕਦ ਰਾਸ਼ੀ ਦੀ ਤਜਵੀਜ਼ ਕੇਂਦਰ ਨੇ ਠੁਕਰਾਈ
ਹਰ ਸਾਲ ਸਰਦੀਆਂ ਦੇ ਮੌਸਮ ’ਚ ਦਿੱਲੀ-ਐੱਨ. ਸੀ. ਆਰ. ਅਤੇ ਪੰਜਾਬ ਸਮੇਤ ਦੇਸ਼ ਦੇ ਕਈ ਹਿੱਸੇ ਕਿਸਾਨਾਂ ਵਲੋਂ ਸਾੜੀ ਜਾਣ ਵਾਲੀ ਝੋਨੇ ਦੀ ਪਰਾਲੀ ਦੇ ਧੂੰਏਂ ਦੀ ਲਪੇਟ ’ਚ ਰਹਿੰਦੇ ਹਨ। ਇਸ ਕਾਰਨ ਆਬੋ-ਹਵਾ ਵਿਗੜ ਜਾਂਦੀ ਹੈ ਅਤੇ ਹਵਾ ਪ੍ਰਦੂਸ਼ਣ ਦਾ ਪੱਧਰ ਕਾਫੀ ਵਧ ਜਾਂਦਾ ਹੈ।
ਕੇਂਦਰ ਵੱਲੋਂ ਤਜਵੀਜ਼ ਰੱਦ ਕਰਨ ’ਤੇ ਬੋਲੇ CM ਮਾਨ, ਪੰਜਾਬ ਸਰਕਾਰ ਖ਼ੁਦ ਕਰੇਗੀ ਪਰਾਲੀ ਦਾ ਹੱਲ
ਕੇਂਦਰ ਸਰਕਾਰ ਨੇ ਅੱਜ ਪੰਜਾਬ ਸਰਕਾਰ ਵੱਲੋਂ ਝੋਨੇ ਦੀ ਪਰਾਲੀ ਦੇ ਖ਼ਾਤਮੇ ਲਈ 1500 ਰੁਪਏ ਪ੍ਰਤੀ ਏਕੜ ਦੀ ਰੱਖੀ ਤਜਵੀਜ਼ ਨੂੰ ਅੱਜ ਠੁਕਰਾ ਦਿੱਤਾ। ਇਸੇ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਨੂੰ ਚਿੱਠੀ ਲਿਖ ਕੇ ਝੋਨੇ ਦੇ ਸੀਜ਼ਨ ’ਚ ਪਰਾਲੀ ਨੂੰ ਅੱਗ ਨਾ ਲਾਉਣ ਦੇ ਮਸਲੇ ’ਚ ਸਹਾਇਤਾ ਮੰਗੀ ਸੀ। ਇਸ ਤਹਿਤ ਕਿਸਾਨਾਂ ਨੂੰ 2500 ਰੁਪਏ ਪ੍ਰਤੀ ਏਕੜ, ਜਿਸ ’ਚ 1500 ਰੁਪਏ ਏਕੜ ਕੇਂਦਰ ਤੇ ਪੰਜਾਬ ਤੇ ਦਿੱਲੀ ਦੇ 500-500 ਜਮ੍ਹਾ ਕਰਕੇ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਬਦਲੇ ਵਿੱਤੀ ਮਦਦ ਦੇ ਦੇਵਾਂਗੇ ਪਰ ਸਰਕਾਰ ਨੇ ਇਹ ਮੰਗ ਠੁਕਰਾ ਦਿੱਤੀ ਹੈ।
ਟਾਂਡਾ ਵਿਖੇ ਥਾਣੇ 'ਚ ਲਾਈਵ ਹੋ ਕੇ ASI ਨੇ ਗੋਲ਼ੀ ਮਾਰ ਕੀਤੀ ਖ਼ੁਦਕੁਸ਼ੀ, ਵੀਡੀਓ 'ਚ ਖੋਲ੍ਹੇ SHO ਦੇ ਵੱਡੇ ਰਾਜ਼
ਟਾਂਡਾ ਵਿਖੇ ਵੱਡੀ ਘਟਨਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਥੋਂ ਦੇ ਥਾਣਾ ਹਰਿਆਣਾ ਵਿਚ ਤਾਇਨਾਤ ਥਾਣੇਦਾਰ ਨੇ ਆਪਣੀ ਸਰਵਿਸ ਰਿਵਾਲਵਰ ਨਾਲ ਗੋਲ਼ੀ ਮਾਰ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਥਾਣੇਦਾਰ ਸਤੀਸ਼ ਕੁਮਾਰ ਵਜੋਂ ਹੋਈ ਹੈ।
ਪੰਜਾਬ ’ਚ ਗੈਂਗਵਾਰ ਰੋਕਣ ਲਈ ਐਕਸ਼ਨ 'ਚ DGP ਗੌਰਵ ਯਾਦਵ , ਅਧਿਕਾਰੀਆਂ ਨੂੰ ਦਿੱਤੀਆਂ ਹਦਾਇਤਾਂ
ਪੰਜਾਬ ’ਚ ਗੈਂਗਵਾਰ ਸਬੰਧੀ ਕੋਈ ਵੀ ਘਟਨਾ ਰੋਕਣ ਲਈ ਪੰਜਾਬ ਪੁਲਸ ਨੇ ਸੂਬੇ ਵਿਚ ਸੁਰੱਖਿਆ ਪ੍ਰਬੰਧਾਂ ਨੂੰ ਹੋਰ ਸਖ਼ਤ ਕਰ ਦਿੱਤਾ ਹੈ। ਕੇਂਦਰੀ ਖ਼ੁਫ਼ੀਆ ਏਜੰਸੀਆਂ ਨੇ ਪੰਜਾਬ ਵਿਚ ਗੈਂਗਵਾਰ ਹੋਣ ਦਾ ਖ਼ਦਸ਼ਾ ਪ੍ਰਗਟਾਇਆ ਸੀ ਅਤੇ ਸੂਬਾ ਪੁਲਸ ਨੂੰ ਭੇਜੀਆਂ ਸੂਚਨਾਵਾਂ ਵਿਚ ਕਿਹਾ ਸੀ ਕਿ ਸਿੱਧੂ ਮੂਸੇਵਾਲਾ ਦੇ ਕਤਲ ਦੇ ਮੁੱਖ ਸਾਜ਼ਿਸ਼ਕਾਰ ਗੈਂਗਸਟਰ ਲਾਰੈਂਸ ਬਿਸ਼ਨੋਈ ’ਤੇ ਬੰਬੀਹਾ ਗੈਂਗ ਵੱਲੋਂ ਹਮਲਾ ਕੀਤਾ ਜਾ ਸਕਦਾ ਹੈ।
ਤਖ਼ਤ ਸ੍ਰੀ ਪਟਨਾ ਸਾਹਿਬ ਕਮੇਟੀ ਦੇ ਪ੍ਰਧਾਨ ਜੱਥੇਦਾਰ ਅਵਤਾਰ ਸਿੰਘ ਹਿਤ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਅਤੇ ਤਖਤ ਸ੍ਰੀ ਪਟਨਾ ਸਾਹਿਬ ਕਮੇਟੀ ਦੇ ਪ੍ਰਧਾਨ ਜੱਥੇਦਾਰ ਅਵਤਾਰ ਸਿੰਘ ਹਿਤ ਦੀ ਅੱਜ ਯਾਨੀ ਸ਼ਨੀਵਾਰ ਸਵੇਰੇ ਦਿੱਲੀ 'ਚ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਅਚਾਨਕ ਦਿਲ ਦਾ ਦੌਰਾ ਪੈਣ ਨਾਲ ਉਨ੍ਹਾਂ ਦੀ ਮੌਤ ਹੋ ਗਈ।
ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਪਵਿੱਤਰ ਸ਼ਹਿਰ ਬਣਾਉਣ ਦਾ ਨੋਟੀਫਿਕੇਸ਼ਨ ਜਾਰੀ ਕਰੇ ਪੰਜਾਬ ਸਰਕਾਰ: ਧਾਮੀ
ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਪਵਿੱਤਰ ਸ਼ਹਿਰ ਬਣਾਉਣ ਦਾ ਨੋਟੀਫਿਕੇਸ਼ਨ ਜਾਰੀ ਕਰੇ ਪੰਜਾਬ ਸਰਕਾਰ। ਇਹ ਮੰਗ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵਲੋਂ ਕੀਤੀ ਗਈ ਹੈ। ਗੁਰੂ ਨਗਰੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਪਹੁੰਚੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਧਾਮੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਹ ਐਲਾਨ ਕੀਤਾ ਸੀ ਕਿ ਪੰਜਾਬ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਜਾਵੇਗਾ।
ਮਹਾਰਾਣੀ ਐਲਿਜ਼ਾਬੈਥ-II ਦੇ ਦਿਹਾਂਤ ਮਗਰੋਂ ਟਵਿਟਰ 'ਤੇ 'ਕੋਹਿਨੂਰ' ਨੂੰ ਵਾਪਸ ਲਿਆਉਣ ਦੀ ਮੰਗ ਤੇਜ਼
ਬ੍ਰਿਟੇਨ ਵਿੱਚ ਸਭ ਤੋਂ ਲੰਮੇ ਸਮੇਂ ਤੱਕ ਰਾਜ ਕਰਨ ਵਾਲੀ ਮਹਾਰਾਣੀ ਐਲੀਜ਼ਾਬੈਥ-II ਦੇ ਦਿਹਾਂਤ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਕੋਹਿਨੂਰ ਹੀਰਾ ਭਾਰਤ ਨੂੰ ਵਾਪਸ ਕਰਨ ਦੀ ਮੰਗ ਫਿਰ ਤੋਂ ਉੱਠ ਰਹੀ ਹੈ। ਮਹਾਰਾਣੀ ਦੇ ਬੇਟੇ ਪ੍ਰਿੰਸ ਚਾਰਲਸ ਦੇ ਰਾਜਗੱਦੀ ਸੰਭਾਲਣ ਦੇ ਨਾਲ ਹੀ 105 ਕੈਰੇਟ ਦਾ ਹੀਰਾ ਉਨ੍ਹਾਂ ਦੀ ਪਤਨੀ ਡਚੇਸ ਕਾਰਨਵਾਲ ਕੈਮਿਲਾ ਕੋਲ ਜਾਏਗਾ। ਕੋਹਿਨੂਰ ਇਕ ਵੱਡਾ, ਬੇਰੰਗ ਹੀਰਾ ਹੈ ਜੋ 14ਵੀਂ ਸਦੀ ਦੀ ਸ਼ੁਰੂਆਤ ਵਿਚ ਦੱਖਣੀ ਭਾਰਤ ਵਿਚ ਮਿਲਿਆ ਸੀ।
ASI ਸਤੀਸ਼ ਕੁਮਾਰ ਖ਼ੁਦਕੁਸ਼ੀ ਮਾਮਲੇ ’ਚ ਪੰਜਾਬ ਪੁਲਸ ਦੀ ਵੱਡੀ ਕਾਰਵਾਈ
ਥਾਣਾ ਹਰਿਆਣਾ ’ਚ ਤਾਇਨਾਤ ਏ. ਐੱਸ. ਆਈ. ਸਤੀਸ਼ ਕੁਮਾਰ ਵੱਲੋਂ ਖ਼ੁਦਕੁਸ਼ੀ ਕਰਨ ਦੇ ਮਾਮਲੇ ’ਚ ਐੱਸ. ਐੱਸ. ਪੀ. ਸਰਤਾਜ ਸਿੰਘ ਚਾਹਲ ਨੇ ਘਟਨਾ ’ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ। ਜ਼ਿਕਰਯੋਗ ਹੈ ਕਿ ਏ. ਐੱਸ. ਆਈ. ਸਤੀਸ਼ ਵੱਲੋਂ ਖ਼ੁਦਕੁਸ਼ੀ ਲਈ ਲਿਖੇ ਨੋਟ ਵਿਚ ਥਾਣਾ ਟਾਂਡਾ ਇੰਚਾਰਜ ਓਂਕਾਰ ਸਿੰਘ ਬਰਾੜ ਨੂੰ ਮੌਤ ਦਾ ਜ਼ਿੰਮੇਵਾਰ ਠਹਿਰਾਇਆ ਹੈ।