ਟੋਲ ਪਲਾਜ਼ਾ ਤੋਂ ਅਪ-ਡਾਊਨ ਦੀ ਪਰਚੀ ਬੰਦ, ਹੁਣ ਹਰ ਵਾਰ ਦੇਣਾ ਪਵੇਗਾ ਚਾਰਜ
Saturday, Jan 18, 2020 - 10:25 AM (IST)
ਪਟਿਆਲਾ (ਜੋਸਨ): ਟੋਲ ਟੈਕਸ ਤੋਂ ਲੰਘਣ ਵਾਲਿਆਂ ਨੂੰ ਕੇਂਦਰ ਸਰਕਾਰ ਦੇ ਰਾਸ਼ਟਰੀ ਮਾਰਗ ਅਤੇ ਸੜਕ ਟਰਾਂਸਪੋਰਟ ਮੰਤਰਾਲੇ ਨੇ ਇਕ ਹੋਰ ਵੱਡਾ ਝਟਕਾ ਦਿੱਤਾ ਹੈ। ਹੁਣ ਕੋਈ ਵੀ ਵਿਅਕਤੀ ਟੋਲ ਤੋਂ ਲੰਘਣ ਸਮੇਂ ਆਉਣ-ਜਾਣ ਦੀ ਇਕੋ ਪਰਚੀ ਨਹੀਂ ਕਟਵਾ ਸਕੇਗਾ। ਹਰ ਵਾਰ ਨਵੀਂ ਪਰਚੀ ਕਟਵਾਉਣੀ ਪਏਗੀ। ਇਹ ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ ਕਰ ਦਿੱਤਾ ਗਿਆ ਹੈ, ਜਿਸ ਵਾਹਨ 'ਤੇ ਫਾਸਟ ਟੈਗ ਨਹੀਂ ਲੱਗਾ ਹੋਵੇਗਾ, ਉਸ ਤੋਂ ਵਾਰ-ਵਾਰ ਟੋਲ ਵਸੂਲ ਕੀਤਾ ਜਾਵੇਗਾ।
ਜਿਹੜੇ ਵਾਹਨ ਕੈਸ਼ ਲੇਨ ਵਿਚੋਂ ਲੰਘਦੇ ਸਨ, ਪਹਿਲਾਂ ਉਹ ਟੋਲ ਤੋਂ ਲੰਘਣ ਲਈ ਆਉਣ-ਜਾਣ ਦੀ ਪਰਚੀ ਕਟਵਾ ਲੈਂਦੇ ਸਨ। ਅੱਜ ਤੋਂ ਸਾਰੇ ਟੋਲ ਪਲਾਜ਼ਿਆਂ 'ਤੇ ਇਹ ਅਪ-ਡਾਊਨ ਦਾ ਪਰਚੀ ਸਿਸਟਮ ਬੰਦ ਕਰ ਦਿੱਤਾ ਗਿਆ ਹੈ। ਹੁਣ ਜੋ ਵਾਹਨ ਫਾਸਟ ਟੈਗ ਤੋਂ ਬਿਨਾਂ ਟੋਲ ਤੋਂ ਲੰਘੇਗਾ, ਉਸ ਨੂੰ ਓਨੀ ਵਾਰ ਹੀ ਟੋਲ ਦੇਣਾ ਪਵੇਗਾ।
ਕੇਂਦਰ ਸਰਕਾਰ ਦੇ ਰਾਸ਼ਟਰੀ ਰਾਜ ਮਾਰਗ ਵਿਭਾਗ ਨੇ ਵਾਹਨ ਚਾਲਕਾਂ ਨੂੰ ਫਾਸਟ ਟੈਗ ਲਾਉਣ ਦੀ ਪਹਿਲਾਂ 15 ਜਨਵਰੀ ਤੱਕ ਤਾਰੀਖ ਦਿੱਤੀ ਹੋਈ ਸੀ। ਹੁਣ ਤੱਕ ਸਾਰੇ ਵਾਹਨਾਂ 'ਤੇ ਫਾਸਟ ਟੈਗ ਨਾ ਲੱਗਣ ਕਾਰਣ ਵਿਭਾਗ ਨੇ ਇਹ ਤਾਰੀਖ 15 ਫਰਵਰੀ ਤੱਕ ਵਧਾ ਦਿੱਤੀ ਹੈ। ਟੋਲ ਪਲਾਜ਼ਿਆਂ 'ਤੇ ਫਾਸਟ ਟੈਗ ਲਾਈਨਾਂ 'ਚ ਕੋਈ ਵੀ ਤਬਦੀਲੀ ਨਹੀਂ ਕੀਤੀ।