ਰਾਹੁਲ ਗਾਂਧੀ ਦਾ ਮੂਸੇਵਾਲਾ ਦੇ ਪਿਤਾ ਨੂੰ ਸਲਾਮ, ਕਬੱਡੀ ਖਿਡਾਰੀ ਅਮਰਪ੍ਰੀਤ ਅਮਰੀ ਦੀ ਕੈਨੇਡਾ 'ਚ ਮੌਤ, ਪੜ੍ਹੋ TOP 10

Monday, Jan 16, 2023 - 09:23 PM (IST)

ਜਲੰਧਰ: ਅੱਜ ਰਾਹੁਲ ਗਾਂਧੀ ਨੇ ਸੋਸ਼ਲ ਮੀਡੀਆ 'ਤੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨਾਲ ਤਸਵੀਰ ਸਾਂਝੀ ਕਰਦਿਆਂ ਉਨ੍ਹਾਂ ਨੂੰ ਸਲਾਮ ਕੀਤਾ ਤਾਂ ਉੱਧਰ ਨਾਮੀ ਕਬੱਡੀ ਖਿਡਾਰੀ ਅਮਰਪ੍ਰੀਤ ਅਮਰੀ ਦੀ ਕੈਨੇਡਾ ਦੇ ਸਰੀ ਵਿਚ ਮੌਤ ਹੋ ਗਈ। ਪੜ੍ਹੋ ਅੱਜ ਦੀਆਂ 10 ਮੁੱਖ ਖ਼ਬਰਾਂ...

ਰਾਹੁਲ ਗਾਂਧੀ ਦਾ ਮੂਸੇਵਾਲਾ ਦੇ ਪਿਤਾ ਨੂੰ ਸਲਾਮ, ਕਿਹਾ- ਪੁੱਤ ਲਈ ਵੇਖਿਆ ਬੇਸ਼ੁਮਾਰ ਪਿਆਰ ਤੇ....

ਰਾਹੁਲ ਗਾਂਧੀ ਦੀ 'ਭਾਰਤ ਜੋੜੋ ਯਾਤਰਾ' ਇੰਨੀਂ ਦਿਨੀਂ ਜਲੰਧਰ ਸ਼ਹਿਰ 'ਚ ਹੈ। ਇਸ ਦੌਰਾਨ ਰਾਹੁਲ ਗਾਂਧੀ ਭਾਰੀ ਲੋਕਾਂ ਦੇ ਇਕੱਠ ਨਾਲ ਸ਼ਹਿਰ ਦੇ ਵੱਖ-ਵੱਖ ਹਿੱਸਿਆਂ 'ਚੋਂ ਲੰਘ ਰਹੇ ਹਨ। ਬੀਤੇ ਦਿਨੀਂ ਰਾਹੁਲ ਗਾਂਧੀ ਦੀ 'ਭਾਰਤ ਜੋੜੋ ਯਾਤਰਾ' ਖਾਲਸਾ ਕਾਲਜ ਤੋਂ ਮੁੜ ਸ਼ੁਰੂ ਹੋਈ ਸੀ। ਪਹਿਲਾਂ ਇਹ ਯਾਤਰਾ ਫਗਵਾੜਾ ਦੀ ਪ੍ਰਾਈਵੇਟ ਯੂਨੀਵਰਸਿਟੀ ਤੋਂ ਸਵੇਰੇ 6 ਵਜੇ ਸ਼ੁਰੂ ਹੋਣੀ ਸੀ। 

ਕਬੱਡੀ ’ਚ ਵੱਡਾ ਨਾਮਣਾ ਖੱਟਣ ਵਾਲੇ ਚੋਟੀ ਦੇ ਰੇਡਰ ਅਮਰਪ੍ਰੀਤ ਅਮਰੀ ਦੀ ਕੈਨੇਡਾ ’ਚ ਮੌਤ

ਮੋਗਾ ਦੇ ਕਸਬਾ ਨਿਹਾਲ ਸਿੰਘ ਵਾਲਾ ਦੇ ਪਿੰਡ ਪੱਤੋ ਹੀਰਾ ਸਿੰਘ ਦੇ ਨਾਮੀ ਕਬੱਡੀ ਰੇਡਰ ਅਮਰਪ੍ਰੀਤ ਅਮਰੀ ਦੀ ਕੈਨੇਡਾ ਦੇ ਸਰੀ ਵਿਚ ਦਿਲ ਦਾ ਦੌਰਾ ਪੈਣ ਕਾਰਨ ਅੱਜ ਸਵੇਰੇ ਮੌਤ ਹੋ ਗਈ। 

ਮਾਲੇਰਕੋਟਲਾ 'ਚ ਚਿੱਟੇ ਦਿਨ ਵੱਡੀ ਵਾਰਦਾਤ, ਛੁਰਾ ਮਾਰ ਕੇ ਦੁਕਾਨਦਾਰ ਦਾ ਕਤਲ

ਮਾਲੇਰਕੋਟਲਾ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਦਿਨ-ਦਿਹਾੜੇ ਇਕ ਦੁਕਾਨਦਾਰ ਦਾ ਕਤਲ ਕਰ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਕ ਅੱਜ ਬਾਅਦ ਦੁਪਹਿਰ ਕਰੀਬ ਪੌਣੇ ਇਕ ਵਜੇ ਮਾਲੇਰਕੋਟਲਾ ਦੇ ਸ਼ਰਾਫਾ ਬਾਜ਼ਾਰ ਦੇ ਇਕ ਦੁਕਾਨਦਾਰ ਦਾ ਅਣਪਛਾਤੇ ਵਿਅਕਤੀ ਨੇ ਛੁਰਾ ਮਾਰ ਕੇ ਕਤਲ ਕਰ ਦਿੱਤਾ।

ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੂੰ ਹਾਈਕੋਰਟ ਵਲੋਂ ਵੱਡੀ ਰਾਹਤ

ਹਲਕਾ ਆਤਮ ਨਗਰ ਤੋਂ ਸਾਬਕਾ ਵਿਧਾਇਕ ਅਤੇ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੂੰ ਹਾਈਕੋਰਟ ਤੋਂ ਵੱਡੀ ਰਾਹਤ ਮਿਲੀ ਹੈ। ਸੋਮਵਾਰ ਨੂੰ ਪੰਜਾਬ-ਹਰਿਆਣਾ ਹਾਈਕੋਰਟ ਵਲੋਂ ਉਨ੍ਹਾਂ ਦੀ ਇਰਾਦਾ ਕਤਲ ਆਈ. ਪੀ. ਸੀ. ਦੀ ਧਾਰਾ 307 ਦੇ ਮਾਮਲੇ ਵਿਚ ਰੈਗੂਲਰ ਜ਼ਮਾਨਤ ਮਨਜ਼ੂਰ ਕਰ ਲਈ ਹੈ ਜਦਕਿ ਬੈਂਸ ’ਤੇ ਦਰਜ ਬਲਾਤਕਾਰ ਦੇ ਕੇਸ ਵਿਚ ਅਜੇ ਫੈਸਲਾ ਆਉਣਾ ਬਾਕੀ ਹੈ। ਫਿਲਹਾਲ ਸਿਮਰਜੀਤ ਬੈਂਸ ਜੇਲ੍ਹ ਵਿਚ ਬੰਦ ਹਨ। 

ਕੁੱਤੇ ਤੋਂ ਬਚਣ ਦੇ ਚੱਕਰ 'ਚ Swiggy Delivery Boy ਨੇ ਚੁੱਕਿਆ ਅਜਿਹਾ ਕਦਮ ਕਿ ਗੁਆਣੀ ਪਈ ਜਾਨ

ਕੁੱਤੇ ਦੇ ਹਮਲੇ ਤੋਂ ਬਚਣ ਲਈ ਤੀਜੀ ਮੰਜ਼ਿਲ ਤੋਂ ਛਾਲ ਮਾਰਨ ਵਾਲੇ ਡਿਲੀਵਰੀ ਬੁਆਏ ਦੀ ਹਸਪਤਾਲ 'ਚ ਇਲਾਜ ਦੌਰਾਨ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਸਵਿਗੀ ਡਿਲੀਵਰੀ ਬੁਆਏ ਰਿਜ਼ਵਾਨ ਅਪਾਰਟਮੈਂਟ 'ਚ ਖਾਣਾ ਡਿਲੀਵਰ ਕਰਨ ਪਹੁੰਚਿਆ ਸੀ। ਇਸ ਦੌਰਾਨ ਉਸ ਨੂੰ ਜਰਮਨ ਸ਼ੈਫਰਡ ਕੁੱਤਾ ਪੈ ਗਿਆ। ਕੁੱਤੇ ਤੋਂ ਬਚਣ ਲਈ ਰਿਜ਼ਵਾਨ ਨੇ ਅਪਾਰਟਮੈਂਟ ਦੀ ਤੀਜੀ ਮੰਜ਼ਿਲ ਤੋਂ ਛਾਲ ਮਾਰ ਦਿੱਤੀ ਸੀ।

ਮੁੱਖ ਮੰਤਰੀ ਭਗਵੰਤ ਮਾਨ ਦੀ ਕਪੂਰਥਲਾ ਜੇਲ੍ਹ ਵਿਚ ਰੇਡ

ਪੰਜਾਬ ਦੇ ਮੁੱਖ ਮੰਤਰੀ ਨੇ ਜੇਲ੍ਹ ਵਿਭਾਗ ਸੰਭਾਲਣ ਤੋਂ ਬਾਅਦ ਪਹਿਲੀ ਵਾਰ ਕਪੂਰਥਲਾ ਦੀ ਕੇਂਦਰੀ ਜੇਲ੍ਹ ਦਾ ਅਚਨਚੇਤ ਦੌਰਾ ਕੀਤਾ ਹੈ। ਇਸ ਦੌਰਾਨ ਉਨ੍ਹਾਂ ਨੇ ਕੈਦੀਆਂ ਅਤੇ ਹਵਾਲਾਤੀਆਂ ਨਾਲ ਵੀ ਮੁਲਾਕਾਤ ਕੀਤੀ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਮੁੱਖ ਮੰਤਰੀ ਨੇ ਦੱਸਿਆ ਕਿ ਪੰਜਾਬ ਦੀਆਂ ਜੇਲ੍ਹਾਂ ਵਿਚ ਸੁਧਾਰ ਕੀਤਾ ਜਾ ਰਿਹਾ ਹੈ।

ਅਧੂਰਾ ਰਹਿ ਗਿਆ ਧੀ ਦੀ ਡੋਲ਼ੀ ਤੋਰਨ ਦਾ ਸੁਫ਼ਨਾ, ਸਪੇਨ ਗਏ ਪਿਤਾ ਦੀ ਅਚਾਨਕ ਹੋਈ ਮੌਤ

ਸਪੇਨ ਰਹਿੰਦੇ ਬਨੂੜ ਦੀ ਵਿਅਕਤੀ ਮੌਤ ਹੋ ਜਾਣ ਦਾ ਦੁਖ਼ਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਦੀ ਪਛਾਣ ਕੁਲਵੰਤ ਸਿੰਘ ਵਾਸੀ ਪਿੰਡ ਨਨਹੇੜਾ, ਬਨੂੜ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਸਪੇਨ 'ਚ ਦਿਲ ਦਾ ਦੌਰਾ ਪੈਣ ਕਾਰਨ ਕੁਲਵੰਤ ਸਿੰਘ ਦੀ ਮੌਤ ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਕੁਲਵੰਤ ਸਿੰਘ ਦੇ ਭਰਾ ਬੱਬੂ ਨੇ ਦੱਸਿਆ ਕਿ ਉਸ ਦਾ ਭਰਾ ਕੁਲਵੰਤ ਸਿੰਘ ਜੋ ਕਿ ਕਈ ਸਾਲ ਪਹਿਲਾਂ ਰੋਜ਼ੀ-ਰੋਟੀ ਕਮਾਉਣ ਲਈ ਵਿਦੇਸ਼ (ਸਪੇਨ) ਗਿਆ ਸੀ ਤੇ ਬੀਤੇ ਦਿਨੀਂ ਉਸ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ।

ਸੁਰੱਖਿਆ ਏਜੰਸੀਆਂ ਨੇ ਜਾਰੀ ਕੀਤਾ ਅਲਰਟ, ਪੰਜਾਬ ’ਚ ਫਿਰ ਹੋ ਸਕਦੈ ਵੱਡਾ ਅੱਤਵਾਦੀ ਹਮਲਾ

ਸੁਰੱਖਿਆ ਏਜੰਸੀਆਂ ਨੇ ਪੰਜਾਬ ਵਿਚ ਵੱਡੇ ਅੱਤਵਾਦੀ ਹਮਲੇ ਦਾ ਅਲਰਟ ਜਾਰੀ ਕੀਤਾ ਹੈ। ਸੂਤਰਾਂ ਮੁਤਾਬਕ ਗਣਤੰਤਰ ਦਿਵਸ ਮੌਕੇ ਅੱਤਵਾਦੀ ਪੰਜਾਬ ਵਿਚ ਹਮਲੇ ਦੀ ਤਿਆਰੀ ਕਰ ਰਹੇ ਹਨ। ਜਿਸ ਦੇ ਚੱਲਦੇ ਸੂਬੇ ਵਿਚ ਅਲਰਟ ਜਾਰੀ ਕੀਤਾ ਗਿਆ ਹੈ। ਪੰਜਾਬ ਤੋਂ ਇਲਾਵਾ ਦਿੱਲੀ ਅਤੇ ਉੱਤਰ ਪ੍ਰਦੇਸ਼ ਵਿਚ ਵੀ ਅੱਤਵਾਦੀ ਹਮਲੇ ਦਾ ਅਲਰਟ ਜਾਰੀ ਕੀਤਾ ਗਿਆ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਭਾਰਤ ਵਿਚ ਜੀ-20 ਸਮਿਟ ਹੋਣ ਜਾ ਰਿਹਾ ਹੈ, ਇਸ ਨੂੰ ਵੀ ਨਿਸ਼ਾਨਾ ਬਣਾ ਕੇ ਅੱਤਵਾਦੀ ਵੱਡਾ ਹਮਲਾ ਕਰਨ ਦੀ ਫਿਰਾਕ ਵਿਚ ਹਨ। 

ਇਟਲੀ 'ਚ ਭਾਰਤੀਆਂ ਨਾਲ ਵਾਪਰਿਆ ਦਰਦਨਾਕ ਭਾਣਾ, ਨਹਿਰ 'ਚ ਕਾਰ ਡਿੱਗਣ ਕਾਰਨ 2 ਮੁੰਡਿਆਂ ਤੇ 1 ਕੁੜੀ ਦੀ ਮੌਤ

ਇਟਲੀ ਤੋਂ ਇਕ ਬੇਹੱਦ ਹੀ ਦੁਖ਼ਦਾਈ ਖ਼ਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਮੁਤਾਬਕ ਇਟਲੀ ਦੇ ਵੈਰੋਨਾ ਨੇੜਲੇ ਸ਼ਹਿਰ ਵੈਰੋਨੇਲਾ ਵਿਖੇ ਖ਼ਰਾਬ ਮੌਸਮ ਦੇ ਚੱਲਦਿਆਂ ਬੀਤੀ ਸ਼ਾਮ ਲਗਭਗ 5:20 'ਤੇ ਇਕ ਕਾਰ ਦੇ ਨਹਿਰ ਵਿਚ ਡਿੱਗ ਜਾਣ ਨਾਲ ਕਾਰ ਵਿਚ ਸਵਾਰ 2 ਭਾਰਤੀ ਮੁੰਡਿਆਂ ਅਤੇ 1 ਭਾਰਤੀ ਕੁੜੀ ਦੀ ਪਾਣੀ ਵਿਚ ਡੁੱਬ ਜਾਣ ਕਾਰਨ ਮੌਤ ਹੋ ਗਈ ਹੈ। ਇਸ ਹਾਦਸੇ ਨੇ ਇਟਲੀ ਵਿੱਚ ਵੱਸਦੇ ਪੰਜਾਬੀਆਂ ਨੂੰ ਹਲੂਣ ਕੇ ਰੱਖ ਦਿੱਤਾ ਹੈ। 

ਸੜਕ ਹਾਦਸੇ ਮਗਰੋਂ ਰਿਸ਼ਭ ਪੰਤ ਦਾ ਪਹਿਲਾ ਟਵੀਟ, ਆਪਣੀ Surgery ਤੇ Recovery ਬਾਰੇ ਸਾਂਝੀ ਕੀਤੀ ਜਾਣਕਾਰੀ

ਭਾਰਤੀ ਟੀਮ ਦੇ ਸਟਾਰ ਬੱਲੇਬਾਜ਼ ਰਿਸ਼ਭ ਪੰਤ ਨੇ ਕਾਰ ਹਾਦਸੇ ਤੋਂ ਬਾਅਦ ਪਹਿਲੀ ਵਾਰ ਆਪਣੀ ਮੌਜੂਦਾ ਸਥਿਤੀ ਬਾਰੇ ਟਵੀਟ ਕੀਤਾ ਹੈ। ਪੰਤ ਨੇ ਆਪਣੇ ਪ੍ਰਸ਼ੰਸਕਾਂ ਨੂੰ ਸੂਚਿਤ ਕੀਤਾ ਹੈ ਕਿ ਉਨ੍ਹਾਂ ਦੀ ਸਰਜਰੀ ਸਫਲ ਰਹੀ ਹੈ ਅਤੇ ਉਹ ਹੁਣ ਸੱਟ ਤੋਂ ਉਭਰ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਦੇ ਨਾਲ-ਨਾਲ ਸਰਕਾਰੀ ਅਧਿਕਾਰੀਆਂ ਅਤੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਤੇ ਸਕੱਤਰ ਜੈ ਸ਼ਾਹ ਦਾ ਵੀ ਧੰਨਵਾਦ ਕੀਤਾ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Anmol Tagra

Content Editor

Related News