ਭਾਰਤੀਆਂ ਨੂੰ ਲੈ ਕੇ ਕੈਨੇਡਾ ਦਾ ਵੱਡਾ ਐਲਾਨ, DGP ਯਾਦਵ ਨੂੰ ਮਿਲੇ ਮੂਸੇਵਾਲਾ ਦੇ ਪਿਤਾ, ਪੜ੍ਹੋ Top 10
Monday, Nov 14, 2022 - 09:59 PM (IST)
ਜਲੰਧਰ (ਬਿਊਰੋ) : ਕੈਨੇਡਾ ਵਿਚ ਰਹਿ ਰਹੇ ਭਾਰਤੀਆਂ ਲਈ ਚੰਗੀ ਖ਼ਬਰ ਹੈ। ਕੈਨੇਡੀਅਨ ਆਰਮਡ ਫੋਰਸਿਜ਼ (ਸੀ.ਏ.ਐੱਫ.) ਨੇ ਐਲਾਨ ਕੀਤਾ ਹੈ ਕਿ ਸਥਾਈ ਨਿਵਾਸੀ, ਜਿਨ੍ਹਾਂ ਵਿੱਚ ਭਾਰਤੀਆਂ ਦਾ ਵੱਡਾ ਹਿੱਸਾ ਸ਼ਾਮਲ ਹੈ, ਹੁਣ ਫ਼ੌਜ ਵਿੱਚ ਭਰਤੀ ਹੋਣ ਦੇ ਯੋਗ ਹਨ। ਉਥੇ ਹੀ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਰਿਵਾਰ ਅਤੇ ਪ੍ਰਸ਼ੰਸ਼ਕ ਲਗਾਤਾਰ ਇਨਸਾਫ਼ ਦੀ ਮੰਗ ਕਰ ਰਹੇ ਹਨ। ਇਸੇ ਮਾਮਲੇ 'ਚ ਅੱਜ ਸਿੱਧੂ ਦੇ ਮਾਤਾ-ਪਿਤਾ ਡੀ. ਜੀ. ਪੀ. ਚੰਡੀਗੜ੍ਹ ਵਿਖੇ ਪਹੁੰਚੇ ਸਨ। ਦੱਸ ਦਈਏ ਕਿ ਅਲਟੀਮੇਟਮ ਵਿਚਾਲੇ ਡੀ. ਜੀ. ਪੀ. ਨਾਲ ਬਲਕੌਰ ਸਿੰਘ ਦੀ ਇਹ ਪਹਿਲੀ ਮੁਲਾਕਾਤ ਹੈ। ਪੜ੍ਹੋ ਅੱਜ ਦੀਆਂ Top 10 ਖ਼ਬਰਾਂ
ਕੈਨੇਡਾ ਦਾ ਵੱਡਾ ਐਲਾਨ, ਹੁਣ PR ਵਾਲੇ ਭਾਰਤੀ ਨਿਵਾਸੀ ਵੀ ਬਣ ਸਕਦੇ ਹਨ 'ਫ਼ੌਜ' ਦਾ ਹਿੱਸਾ
ਕੈਨੇਡਾ ਵਿਚ ਰਹਿ ਰਹੇ ਭਾਰਤੀਆਂ ਲਈ ਚੰਗੀ ਖ਼ਬਰ ਹੈ। ਕੈਨੇਡੀਅਨ ਆਰਮਡ ਫੋਰਸਿਜ਼ (ਸੀ.ਏ.ਐੱਫ.) ਨੇ ਐਲਾਨ ਕੀਤਾ ਹੈ ਕਿ ਸਥਾਈ ਨਿਵਾਸੀ, ਜਿਨ੍ਹਾਂ ਵਿੱਚ ਭਾਰਤੀਆਂ ਦਾ ਵੱਡਾ ਹਿੱਸਾ ਸ਼ਾਮਲ ਹੈ, ਹੁਣ ਫ਼ੌਜ ਵਿੱਚ ਭਰਤੀ ਹੋਣ ਦੇ ਯੋਗ ਹਨ।ਇਹ ਘੋਸ਼ਣਾ ਯਾਦਗਾਰੀ ਦਿਵਸ ਦੇ ਨੇੜੇ ਕੀਤੀ ਗਈ, ਉਹਨਾਂ ਰਿਪੋਰਟਾਂ ਦੇ ਵਿਚਕਾਰ ਕਿ ਕੈਨੇਡੀਅਨ ਫ਼ੌਜ ਹਜ਼ਾਰਾਂ ਖਾਲੀ ਅਸਾਮੀਆਂ ਨੂੰ ਭਰਨ ਲਈ ਨਵੇਂ ਮੈਂਬਰਾਂ ਦੀ ਭਰਤੀ ਕਰਨ ਲਈ ਸੰਘਰਸ਼ ਕਰ ਰਹੀ ਹੈ।
ਚੰਡੀਗੜ੍ਹ DGP ਦਫ਼ਤਰ ਪਹੁੰਚੇ ਮੂਸੇਵਾਲਾ ਦਾ ਪਿਤਾ ਬਲਕੌਰ ਸਿੰਘ ਸਿੱਧੂ
ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਰਿਵਾਰ ਅਤੇ ਪ੍ਰਸ਼ੰਸ਼ਕ ਲਗਾਤਾਰ ਇਨਸਾਫ਼ ਦੀ ਮੰਗ ਕਰ ਰਹੇ ਹਨ। ਇਸੇ ਮਾਮਲੇ 'ਚ ਅੱਜ ਸਿੱਧੂ ਦੇ ਮਾਤਾ-ਪਿਤਾ ਡੀ. ਜੀ. ਪੀ. ਚੰਡੀਗੜ੍ਹ ਵਿਖੇ ਪਹੁੰਚੇ ਸਨ। ਦੱਸ ਦਈਏ ਕਿ ਅਲਟੀਮੇਟਮ ਵਿਚਾਲੇ ਡੀ. ਜੀ. ਪੀ. ਨਾਲ ਬਲਕੌਰ ਸਿੰਘ ਦੀ ਇਹ ਪਹਿਲੀ ਮੁਲਾਕਾਤ ਹੈ।
ਕਿਸਾਨਾਂ ਦੇ ਹੱਕ 'ਚ ਪੰਜਾਬ ਸਰਕਾਰ ਦਾ ਇਕ ਹੋਰ ਵੱਡਾ ਫ਼ੈਸਲਾ, ਨੋਟੀਫਿਕੇਸ਼ਨ ਜਾਰੀ
ਝੋਨੇ ਦੀ ਪਰਾਲੀ ਦੇ ਪ੍ਰਬੰਧਨ ਵਿਚ ਨਿਰੰਤਰ ਉਪਰਾਲੇ ਕਰ ਰਹੀ ਭਗਵੰਤ ਮਾਨ ਸਰਕਾਰ ਵਲੋਂ ਇਸ ਦਿਸ਼ਾ ਵਿਚ ਅਹਿਮ ਕਦਮ ਚੁੱਕਦਿਆਂ ਸੂਬੇ ਭਰ ਵਿਚ ਇੱਟਾਂ ਦੇ ਭੱਠੇ ਵਾਲਿਆਂ ਲਈ ਬਾਲਣ ਵਾਸਤੇ ਪਰਾਲੀ ਨੂੰ 20 ਫ਼ੀਸਦੀ ਬਾਲਣ ਵਜੋਂ ਵਰਤਣ ਲਈ ਲਾਜ਼ਮੀ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ।
ਜਬਰੀ ਧਰਮ ਪਰਿਵਰਤਨ ’ਤੇ ਸੁਪਰੀਮ ਕੋਰਟ ਦਾ ਸਖ਼ਤ ਰੁਖ਼, ਕਿਹਾ-ਇਹ ਗੰਭੀਰ ਮਾਮਲਾ, ਦੇਸ਼ ਦੀ ਸੁਰੱਖਿਆ ਲਈ ਖ਼ਤਰਾ
ਸੁਪਰੀਮ ਕੋਰਟ ਨੇ ਜਬਰੀ ਧਰਮ ਪਰਿਵਰਤਨ ਨੂੰ ‘ਬਹੁਤ ਗੰਭੀਰ’ ਮੁੱਦਾ ਕਰਾਰ ਦਿੰਦਿਆਂ ਸੋਮਵਾਰ ਕੇਂਦਰ ਨੂੰ ਕਿਹਾ ਕਿ ਉਹ ਇਸ ਨੂੰ ਰੋਕਣ ਲਈ ਕਦਮ ਚੁੱਕੇ ਅਤੇ ਇਸ ਦਿਸ਼ਾ ’ਚ ਗੰਭੀਰ ਯਤਨ ਕਰੇ। ਅਦਾਲਤ ਨੇ ਚਿਤਾਵਨੀ ਦਿੱਤੀ ਕਿ ਜੇ ਜਬਰੀ ਧਰਮ ਪਰਿਵਰਤਨ ਨੂੰ ਨਾ ਰੋਕਿਆ ਗਿਆ ਤਾਂ ‘ਬਹੁਤ ਮੁਸ਼ਕਿਲ ਹਾਲਾਤ’ ਪੈਦਾ ਹੋ ਜਾਣਗੇ।
CM ਮਾਨ ਦੇ ਹੁਕਮਾਂ ਤੋਂ ਬਾਅਦ ਹੋਈ ਮੀਟਿੰਗ ’ਚ ਟਰਾਂਸਪੋਰਟ ਵਿਭਾਗ ਨੇ ਮੰਨੀਆਂ ਮੁਲਾਜ਼ਮਾਂ ਦੀਆਂ ਮੰਗਾਂ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਹੁਕਮਾਂ ’ਤੇ ਟਰਾਂਸਪੋਰਟ ਵਿਭਾਗ ਨੇ ਸੂਬੇ ਦੀ ਪੰਜਾਬ ਰੋਡਵੇਜ਼, ਪਨਬੱਸ/ਪੀ.ਆਰ.ਟੀ.ਸੀ. ਕੰਟਰੈਕਟ ਵਰਕਰਜ਼ ਯੂਨੀਅਨ ਦੀਆਂ ਪ੍ਰਮੁੱਖ ਮੰਗਾਂ ਨੂੰ ਪ੍ਰਵਾਨ ਕਰ ਲਿਆ ਹੈ। ਇਸ ਸਬੰਧੀ ਫ਼ੈਸਲਾ ਅੱਜ ਇੱਥੇ ਮੁੱਖ ਮੰਤਰੀ ਦਫ਼ਤਰ ਵਿਖੇ ਹੋਈ ਮੀਟਿੰਗ ਦੌਰਾਨ ਲਿਆ ਗਿਆ।
ਤਰਨਤਾਰਨ ’ਚ ਪੁਲਸ ਨੇ ਗੈਂਗਸਟਰਾਂ ਨੂੰ ਪਾਇਆ ਘੇਰਾ, ਅੰਨ੍ਹੇਵਾਹ ਚੱਲੀਆਂ ਗੋਲ਼ੀਆਂ
ਤਰਨਤਾਰਨ ਪੁਲਸ ਅਤੇ ਗੈਂਗਸਟਰਾਂ ਵਿਚਕਾਰ ਸੋਮਵਾਰ ਸ਼ਾਮ ਮੁੱਠਭੇੜ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਜਿਸ ਦੌਰਾਨ ਵੱਡੀ ਗਿਣਤੀ ਵਿਚ ਦੋਵੇਂ ਪਾਸਿਓਂ ਫਾਇਰਿੰਗ ਕੀਤੀ ਗਈ। ਇਸ ਫਾਇਰਿੰਗ ਦੌਰਾਨ ਜਿੱਥੇ ਥਾਣਾ ਸਦਰ ਤਰਨਤਾਰਨ ਦੀ ਪੁਲਸ ਨੇ ਬਹਾਦਰੀ ਨਾਲ ਸਾਹਮਣਾ ਕਰਦੇ ਹੋਏ ਦੋ ਗੈਂਗਸਟਰਾਂ ਨੂੰ ਦੋ ਪਿਸਤੌਲਾਂ ਅਤੇ ਦੋ ਮੋਟਰਸਾਈਕਲਾਂ ਮੇਤ ਗ੍ਰਿਫ਼ਤਾਰ ਕਰ ਲਿਆ ਹੈ।
ਪ੍ਰੇਮੀ ਨੇ ਪ੍ਰੇਮਿਕਾ ਦਾ ਬੇਰਹਿਮੀ ਨਾਲ ਕੀਤਾ ਕਤਲ, ਫਿਰ ਲਾਸ਼ ਦੇ 35 ਟੁਕੜੇ ਕਰ ਜੰਗਲ 'ਚ ਸੁੱਟੇ
ਦਿੱਲੀ 'ਚ ਪ੍ਰੇਮੀ ਵਲੋਂ ਪ੍ਰੇਮਿਕਾ ਦਾ ਬੇਰਹਿਮੀ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰੇਮੀ ਨੇ ਲਿਵ ਇਨ ਪਾਰਟਨਰ ਦਾ ਕਤਲ ਕਰ ਕੇ ਉਸ ਦੇ 35 ਟੁਕੜੇ ਕਰ ਦਿੱਤੇ। ਮਹਿਰੌਲੀ ਪੁਲਸ ਨੇ ਸੋਮਵਾਰ ਨੂੰ ਦੱਸਿਆ ਕਿ ਮ੍ਰਿਤਕਾ ਦਾ ਨਾਮ ਸ਼ਰਧਾ ਹੈ ਅਤੇ ਉਹ ਮੁੰਬਈ ਦੇ ਮਲਾਡ ਇਲਾਕੇ ਦੀ ਰਹਿਣ ਵਾਲੀ ਸੀ।
ਟਰੈਕਟਰ ਦੇ ਹਲ ਵਿਚ ਆਇਆ ਨੌਜਵਾਨ, ਤੜਫ਼-ਤੜਫ਼ ਕੇ ਨਿਕਲੀ ਇਕਲੌਤੇ ਪੁੱਤ ਦੀ ਜਾਨ
ਪੰਜਾਬ ਵਿਚ ਦਿਨੋਂ-ਦਿਨ ਸੜਕ ਹਾਦਸਿਆਂ ਵਿਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ ਅਤੇ ਵਹੀਕਲ ਚਾਲਕਾਂ ਦੀ ਅਣਗਹਿਲੀ ਦੇ ਚੱਲਦਿਆਂ ਹਰ ਰੋਜ਼ ਕੀਮਤੀ ਜਾਨਾਂ ਮੌਤ ਦੇ ਮੂੰਹ ਵਿਚ ਜਾ ਰਹੀਆਂ ਹਨ। ਬੀਤੀ ਦੇਰ ਰਾਤ ਨਾਭਾ ਬਲਾਕ ਦੇ ਪਿੰਡ ਅਭੇਪੁਰ ਦੇ ਨਜ਼ਦੀਕ ਟਰੈਕਟਰ ਚਾਲਕ ਦੀ ਗ਼ਲਤੀ ਦੇ ਚੱਲਦਿਆਂ ਪਰਿਵਾਰ ਦਾ ਇਕਲੌਤਾ ਪੁੱਤਰ ਮੌਤ ਦੇ ਮੂੰਹ ਵਿਚ ਚਲਾ ਗਿਆ।
ਗੰਨ ਕਲਚਰ ’ਤੇ ਆਮ ਆਦਮੀ ਪਾਰਟੀ ਦਾ ਵੱਡਾ ਬਿਆਨ, ਕਾਂਗਰਸ ਤੇ ਅਕਾਲੀਆਂ ਸਿਰ ਭੰਨਿਆ ਠੀਕਰਾ
ਆਮ ਆਦਮੀ ਪਾਰਟੀ ਨੇ ਹਥਿਆਰਾਂ ਦੇ ਲਾਇਸੈਂਸਾਂ ਦੀ ਸਮੀਖਿਆ ਕਰਨ ਅਤੇ ਗੈਰ-ਜ਼ਰੂਰੀ ਲਾਇਸੈਂਸਾਂ ਨੂੰ ਰੱਦ ਕਰਨ ਦੇ ਮਾਨ ਸਰਕਾਰ ਦੇ ਫ਼ੈਸਲੇ ਦਾ ਸਵਾਗਤ ਕੀਤਾ ਹੈ। ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਮੁੱਖ ਬੁਲਾਰੇ ਮਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਸਰਕਾਰ ਦੇ ਇਸ ਫ਼ੈਸਲੇ ਨਾਲ ਅਪਰਾਧਿਕ ਪਿਛੋਕੜ ਵਾਲੇ ਲੋਕਾਂ ਤੋਂ ਹਥਿਆਰ ਖੋਹੇ ਜਾਣਗੇ ਅਤੇ ਪੰਜਾਬ 'ਚ ਗੰਨ ਕਲਚਰ ਖ਼ਤਮ ਹੋਵੇਗਾ।
ਖੁੱਲ੍ਹਣ ਲੱਗੀਆਂ ਡੇਰਾ ਪ੍ਰੇਮੀ ਦੇ ਕਤਲਕਾਂਡ ਦੀਆਂ ਪਰਤਾਂ, ਬਠਿੰਡਾ ਦੇ ਸਬ-ਇੰਸਪੈਕਟਰ ਦਾ ਮੁੰਡਾ ਪੁਲਸ ਹਿਰਾਸਤ 'ਚ
ਬੀਤੇ ਦਿਨੀਂ ਕੋਟਕਪੂਰਾ 'ਚ ਬੇਅਦਬੀ ਮਾਮਲੇ ਦੇ ਮੁਲਜ਼ਮ ਡੇਰਾ ਪ੍ਰੇਮੀ ਦਾ ਗੋਲ਼ੀਆਂ ਮਾਰ ਕੇ ਕਤਲ ਕਰ ਦੇਣ ਦੇ ਮਾਮਲੇ 'ਚ ਵੱਡਾ ਖ਼ੁਲਾਸਾ ਹੋਇਆ ਹੈ। ਸੂਤਰਾਂ ਮੁਤਾਬਕ ਇਸ ਕਤਲਕਾਂਡ 'ਚ ਬਠਿੰਡਾ 'ਚ ਤਾਇਨਾਤ ਪੁਲਸ ਦੇ ਸਬ-ਇੰਸਪੈਕਟਰ ਦੇ ਮੁੰਡੇ ਦਾ ਹੱਥ ਹੋਣ ਦਾ ਸ਼ੱਕ ਜ਼ਾਹਰ ਕੀਤਾ ਜਾ ਰਿਹਾ ਹੈ।
ਪੰਜਾਬ ’ਚ ਦੰਗਿਆਂ ਦੀ ਸਾਜ਼ਿਸ਼ ਰਚ ਰਹੀ ਹੈ ਪਾਕਿਸਤਾਨੀ ISI, ਕਈ ਹਿੰਦੂ ਨੇਤਾ ਅੱਤਵਾਦੀਆਂ ਦੇ ਨਿਸ਼ਾਨੇ ’ਤੇ
ਪਾਕਿਸਤਾਨੀ ਖ਼ੁਫ਼ੀਆ ਏਜੰਸੀ ਆਈ. ਐੱਸ. ਆਈ. ਦੀ ਭਾਰਤ ਖ਼ਿਲਾਫ਼ ਵੱਡੀ ਸਾਜ਼ਿਸ਼ ਦਾ ਪਰਦਾਫਾਸ਼ ਹੋਇਆ ਹੈ। ਦੇਸ਼ ਦੀ ਖੁਫ਼ੀਆ ਏਜੰਸੀ ਮੁਤਾਬਕ ਪਾਕਿਸਤਾਨੀ ਆਈ. ਐੱਸ. ਆਈ ਤੇ ਖਾਲਿਸਤਾਨੀ ਅੱਤਵਾਦੀ ਸੰਗਠਨ ਪੰਜਾਬ ’ਚ ਹਿੰਦੂ-ਸਿੱਖ ਦੰਗਿਆਂ ਦੀ ਸਾਜ਼ਿਸ਼ ਰਚ ਰਹੇ ਹਨ। ਆਈ. ਐੱਸ. ਆਈ. ਆਪਣੀ ਇਸ ਨਾਪਾਕ ਸਾਜ਼ਿਸ਼ ਨੂੰ ਅੰਜਾਮ ਦੇਣ ਲਈ ਪੰਜਾਬ ’ਚ ਹਿੰਦੂ ਨੇਤਾਵਾਂ ਨੂੰ ਨਿਸ਼ਾਨਾ ਬਣਾ ਕੇ ਕਤਲ ਕਰਵਾ ਰਹੀ ਹੈ।