ਭਾਰਤ ਭੂਸ਼ਣ ਆਸ਼ੂ ਦੇ ਮੁੱਦੇ ’ਤੇ ਸੁਖਪਾਲ ਖਹਿਰਾ ਤੇ ਰਾਜਾ ਵੜਿੰਗ ਆਹਮੋ-ਸਾਹਮਣੇ, ਪੜ੍ਹੋ ਅੱਜ ਦੀਆਂ ਅਹਿਮ ਖ਼ਬਰਾਂ
Saturday, Aug 27, 2022 - 09:14 PM (IST)
ਜਲੰਧਰ (ਬਿਊਰੋ) : ਪੰਜਾਬ ਕਾਂਗਰਸ ’ਚ ਇਕ ਵਾਰ ਫਿਰ ਤੋਂ ਕਲੇਸ਼ ਉੱਭਰਣ ਲੱਗਾ ਹੈ। ਹਲਕਾ ਭੁਲੱਥ ਤੋਂ ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਰਵੱਈਏ ਨੂੰ ਲੈ ਕੇ ਰਾਜਾ ਵੜਿੰਗ ਨੂੰ ਨਸੀਹਤ ਦਿੱਤੀ ਕਿ ਕਿਸੇ ਇਕ ਵਿਅਕਤੀ ਲਈ ਕੇਡਰ ਦੀ ਐਨਰਜੀ ਬਰਬਾਦ ਨਾ ਕਰੋ। ਖਹਿਰਾ ਦੀ ਨਸੀਹਤ ’ਤੇ ਰਾਜਾ ਵੜਿੰਗ ਨੇ ਕਿਹਾ ਕਿ ਇਕ ਗਾਣੇ ’ਚ ਲਿਖਿਆ ਹੈ ਕਿ ਬਿਨਾਂ ਮੰਗਿਆਂ ਸਲਾਹ ਨਹੀਂ ਦੇਣੀ ਚਾਹੀਦੀ, ਕਦਰ ਏਦਾਂ ਘਟ ਜਾਂਦੀ ਹੈ। ਪੜ੍ਹੋ ਅੱਜ ਦੀਆਂ ਅਹਿਮ ਖ਼ਬਰਾਂ
ਪੰਜਾਬ ਕਾਂਗਰਸ ’ਚ ਸਾਬਕਾ ਮੰਤਰੀ ਆਸ਼ੂ ਦੇ ਮੁੱਦੇ ’ਤੇ ਕਲੇਸ਼, ਸੁਖਪਾਲ ਖਹਿਰਾ ਨੇ ਰਾਜਾ ਵੜਿੰਗ ਨੂੰ ਦਿੱਤੀ ਨਸੀਹਤ
ਪੰਜਾਬ ਦੀ ਕਾਂਗਰਸ ਪਾਰਟੀ ’ਚ ਇਕ ਵਾਰ ਫਿਰ ਤੋਂ ਕਲੇਸ਼ ਉਬਰਣ ਲੱਗਾ ਹੈ। ਹੁਣ ਹਲਕਾ ਭੁਲੱਥ ਤੋਂ ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਰਵੱਈਏ ਨੂੰ ਲੈ ਕੇ ਸਵਾਲ ਚੁੱਕੇ ਹਨ। ਉਨ੍ਹਾਂ ਨੇ ਰਾਜਾ ਵੜਿੰਗ ਨੂੰ ਨਸੀਹਤ ਦਿੱਤੀ ਕਿ ਕਿਸੇ ਇਕ ਵਿਅਕਤੀ ਲਈ ਕੈਡਰ ਦੀ ਐਨਰਜੀ ਬਰਬਾਦ ਨਾ ਕਰੋ। ਉਨ੍ਹਾਂ ਦਾ ਇਸ਼ਾਰਾ ਲੁਧਿਆਣਾ ’ਚ ਫੜੇ ਗਏ ਸਾਬਕਾ ਕਾਂਗਰਸੀ ਮੰਤਰੀ ਭਾਰਤ ਭੂਸ਼ਣ ਆਸ਼ੂ ਵੱਲ ਸੀ।
ਸੁਖਪਾਲ ਖਹਿਰਾ ਦੀ ਨਸੀਹਤ ’ਤੇ ਰਾਜਾ ਵੜਿੰਗ ਦੀ ਦੋ-ਟੁੱਕ, ਕਿਹਾ- ‘ਬਿਨਾਂ ਮੰਗਿਆਂ ਸਲਾਹ ਨਹੀਂ ਦੇਣੀ ਚਾਹੀਦੀ....’
ਹਲਕਾ ਭੁਲੱਥ ਤੋਂ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਵੱਲੋਂ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਦਿੱਤੀ ਨਸੀਹਤ ਤੋਂ ਬਾਅਦ ਹੁਣ ਰਾਜਾ ਵੜਿੰਗ ਦਾ ਬਿਆਨ ਸਾਹਮਣੇ ਆਇਆ ਹੈ। ਖਹਿਰਾ ਦੇ ਬਿਆਨ ਨੂੰ ਲੈ ਕੇ ਪੱਤਰਕਾਰਾਂ ਵੱਲੋਂ ਪੁੱਛੇ ਸਵਾਲ ’ਤੇ ਕਾਂਗਰਸ ਪ੍ਰਧਾਨ ਵੜਿੰਗ ਨੇ ਕਿਹਾ ਕਿ ਇਕ ਗਾਣੇ ’ਚ ਲਿਖਿਆ ਹੈ ਕਿ ਬਿਨਾਂ ਮੰਗਿਆਂ ਸਲਾਹ ਨਹੀਂ ਦੇਣੀ ਚਾਹੀਦੀ, ਕਦਰ ਏਦਾਂ ਘਟ ਜਾਂਦੀ ਹੈ। ਇਸ ਲਈ ਕੋਈ ਗੱਲ ਨਹੀਂ, ਇਹ ਉਨ੍ਹਾਂ ਦੀ ਗੱਲ ਹੈ।
ਸਾਬਕਾ ਵਿਧਾਇਕ ਡਾ. ਧਰਮਬੀਰ ਅਗਨੀਹੋਤਰੀ ਦਾ ਦਿਲ ਦਾ ਦੌਰਾ ਪੈਣ ਨਾਲ ਦਿਹਾਂਤ
ਵਿਧਾਨ ਸਭਾ ਹਲਕਾ ਤਰਨਤਾਰਨ ਤੋਂ ਸਾਬਕਾ ਵਿਧਾਇਕ ਡਾ. ਧਰਮਬੀਰ ਅਗਨੀਹੋਤਰੀ ਦਾ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ ਹੈ। ਡਾ. ਅਗਨੀਹੋਤਰੀ ਕਾਂਗਰਸ ਪਾਰਟੀ ਵੱਲੋਂ ਵਿਧਾਇਕ ਰਹਿ ਚੁੱਕੇ ਹਨ। ਮਿਲੀ ਜਾਣਕਾਰੀ ਅਨੁਸਾਰ ਅੱਜ ਸ਼ਾਮ ਹਲਕਾ ਵਿਧਾਇਕ ਡਾ. ਅਗਨੀਹੋਤਰੀ ਅੰਮ੍ਰਿਤਸਰ ਵਿਖੇ ਸਥਿਤ ਆਪਣੀ ਰਿਹਾਇਸ਼ ਦੇ ਨਜ਼ਦੀਕ ਸੈਲੂਨ ’ਚ ਕਟਿੰਗ ਕਰਵਾਉਣ ਗਏ ਸਨ, ਜਿਥੇ ਉਨ੍ਹਾਂ ਨੂੰ ਦਿਲ ਦਾ ਦੌਰਾ ਪੈ ਗਿਆ।
ਪਟਿਆਲਾ ’ਚ ਸਵਾਈਨ ਫਲੂ ਦਾ ਕਹਿਰ, ਦੋ ਵਿਅਕਤੀਆਂ ਦੀ ਹੋਈ ਮੌਤ
ਪਟਿਆਲਾ ਜ਼ਿਲ੍ਹੇ ਵਿਚ ਸਵਾਈਨ ਫਲੂ ਨੇ ਦਸਤਕ ਦੇ ਦਿੱਤੀ ਹੈ, ਜਿਸ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ ਹੈ। ਦੱਸ ਦੇਈਏ ਕਿ ਨੋਡਲ ਅਫ਼ਸਰ ਡਾ. ਦਿਵਜੋਤ ਨੇ ਸਵਾਈਨ ਫਲੂ ਨਾਲ ਹੋਈ ਮੌਤਾਂ ਦੀ ਪੁਸ਼ਟੀ ਕੀਤੀ ਹੈ। ਮਿਲੀ ਜਾਣਕਾਰੀ ਅਨੁਸਾਰ ਸਵਾਈਨ ਫਲੂ ਕਾਰਨ ਪਹਿਲੀ ਮੌਤ ਪਟਿਆਲਾ ਸ਼ਹਿਰ ਦੇ ਬਿਸ਼ਨ ਨਗਰ ਦੇ ਰਹਿਣ ਵਾਲੇ ਵਿਅਕਤੀ ਦੀ ਹੋਈ ਹੈ, ਜੋ ਮੋਹਾਲੀ ਦੇ ਇਕ ਪ੍ਰਾਈਵੇਟ ਹਸਪਤਾਲ ਵਿਚ ਦਾਖਲ ਸੀ।
CWG 'ਚ ਪੰਜਾਬ ਦਾ ਨਾਂ ਰੌਸ਼ਨ ਕਰਨ ਵਾਲੇ ਖਿਡਾਰੀ CM ਮਾਨ ਵੱਲੋਂ 9.30 ਕਰੋੜ ਦੀ ਇਨਾਮੀ ਰਾਸ਼ੀ ਨਾਲ ਸਨਮਾਨਿਤ
ਬਰਮਿੰਘਮ ਵਿਖੇ ਹਾਲ ਹੀ ’ਚ ਸੰਪੰਨ ਹੋਈਆਂ ਰਾਸ਼ਟਰਮੰਡਲ ਖੇਡਾਂ ’ਚ ਦੇਸ਼ ਦਾ ਨਾਂ ਰੌਸ਼ਨ ਵਾਲੇ ਪੰਜਾਬ ਦੇ 23 ਖਿਡਾਰੀਆਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ 9.30 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ। ਅੱਜ ਚੰਡੀਗੜ੍ਹ ਵਿਖੇ ਹੋਏ ਇਸ ਸਨਮਾਨ ਸਮਾਰੋਹ ਸਮਾਗਮ ’ਚ ਮੁੱਖ ਮੰਤਰੀ ਨੇ ਤਮਗੇ ਜਿੱਤਣ ਅਤੇ ਹਿੱਸਾ ਲੈਣ ਵਾਲੇ ਸਾਰੇ ਪੰਜਾਬੀ ਖਿਡਾਰੀਆਂ ਨੂੰ ਸਨਮਾਨਿਤ ਕੀਤਾ।
BJP ਨੇ ਹੁਣ ਨਵੀਂ ਕਹਾਣੀ ਸ਼ੁਰੂ ਕੀਤੀ, ਕਿਹਾ- ਸਕੂਲ ਬਣਾਉਣ ’ਚ ਘਪਲਾ ਹੋਇਆ: ਸਿਸੋਦੀਆ
ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਅੱਜ ਯਾਨੀ ਕਿ ਸ਼ਨੀਵਾਰ ਨੂੰ ਨਵੀਂ ਦਿੱਲੀ ਵਿਖੇ ਪ੍ਰੈੱਸ ਕਾਨਫਰੰਸ ਕੀਤੀ। ਇਸ ਕਾਨਫਰੰਸ ’ਚ ਉਨ੍ਹਾਂ ਨੇ ਭਾਜਪਾ ’ਤੇ ਨਿਸ਼ਾਨੇ ਵਿੰਨ੍ਹੇ। ਉਨ੍ਹਾਂ ਕਿਹਾ ਕਿ ਭਾਜਪਾ ਨੇ ਨਵੀਂ ਕਹਾਣੀ ਸ਼ੁਰੂ ਕੀਤੀ ਹੈ ਕਿ ਸਕੂਲ ਬਣਾਉਣ ’ਚ ਘਪਲਾ ਹੋਇਆ ਹੈ।
ਦੇਸ਼ ਦੇ 49ਵੇਂ ਚੀਫ਼ ਜਸਟਿਸ ਬਣੇ ਜਸਟਿਸ ਲਲਿਤ, ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਚੁਕਾਈ ਸਹੁੰ
ਜਸਟਿਸ ਉਦੈ ਉਮੇਸ਼ ਲਲਿਤ ਨੇ ਸ਼ਨੀਵਾਰ ਨੂੰ ਭਾਰਤ ਦੇ 49ਵੇਂ ਚੀਫ਼ ਜਸਟਿਸ ਵਜੋਂ ਸਹੁੰ ਚੁੱਕੀ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਰਾਸ਼ਟਰਪਤੀ ਭਵਨ ’ਚ ਆਯੋਜਿਤ ਸਮਾਰੋਹ ’ਚ ਜਸਟਿਸ ਲਲਿਤ ਨੂੰ ਸਹੁੰ ਚੁਕਾਈ। ਇਸ ਸਹੁੰ ਚੁੱਕ ਸਮਾਗਮ ’ਚ ਉੱਪ ਰਾਸ਼ਟਰਪਤੀ ਜਗਦੀਪ ਧਨਖੜ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕਈ ਕੇਂਦਰੀ ਮੰਤਰੀ ਸ਼ਾਮਲ ਹੋਏ।
ਸੋਨਾਲੀ ਫੋਗਾਟ ਕਤਲ ਕੇਸ 'ਚ ਦੋਸ਼ੀਆਂ ਦਾ ਕਬੂਲਨਾਮਾ, ਡਰੱਗ ਦੇਣ ਤੋਂ ਬਾਅਦ 2 ਘੰਟੇ ਤੱਕ ਬਾਥਰੂਮ 'ਚ ਰੱਖਿਆ
ਗੋਆ ਪੁਲਸ ਨੇ ਹਰਿਆਣਾ ਬੀ. ਜੇ. ਪੀ. ਦੀ ਨੇਤਾ ਅਤੇ ਟਿਕ ਟੌਕ ਸਟਾਰ ਸੋਨਾਲੀ ਫੋਗਾਟ ਦੀ ਮੌਤ ਮਾਮਲੇ ਵਿਚ ਉਸ ਦੇ ਨਿੱਜੀ ਸਹਾਇਕ ਸੁਧੀਰ ਸਾਂਗਵਾਨ ਨਾਲ ਸੁਖਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। ਗੋਆ ਪੁਲਸ ਨੇ ਸ਼ੁੱਕਰਵਾਰ ਨੂੰ ਇਸ ਮਾਮਲੇ ਨੂੰ ਲੈ ਕੇ ਕਈ ਹੋਰ ਖੁਲਾਸੇ ਕੀਤੇ ਹਨ। ਪੁਲਸ ਨੂੰ ਸੋਨਾਲੀ ਫੋਗਾਟ ਅਤੇ ਦੋਸ਼ੀ ਦੀ ਸੀ. ਸੀ. ਟੀ. ਵੀ. ਫੁਟੇਜ ਵੀ ਮਿਲੀ ਹੈ।