ਤੰਬਾਕੂ ਮੁਕਤ ਜ਼ਿਲੇ ਲਈ ਪੰਚਾਇਤਾਂ ਕਰਨ ਸਹਿਯੋਗ-ਸਿਵਲ ਸਰਜਨ

Saturday, Mar 10, 2018 - 11:15 AM (IST)

ਤੰਬਾਕੂ ਮੁਕਤ ਜ਼ਿਲੇ ਲਈ ਪੰਚਾਇਤਾਂ ਕਰਨ ਸਹਿਯੋਗ-ਸਿਵਲ ਸਰਜਨ

ਝਬਾਲ/ ਬੀੜ ਸਾਹਿਬ/ ਤਰਨਤਾਰਨ (ਲਾਲੂਘੁੰਮਣ, ਬਲਵਿੰਦਰ ਕੌਰ, ਬਖਤਾਵਰ, ਭਾਟੀਆ)-ਤਰਨਤਾਰਨ ਜ਼ਿਲੇ ਨੂੰ ਤੰਬਾਕੂ ਮੁਕਤ ਕਰਨ ਲਈ ਜ਼ਿਲੇ ਅੰਦਰ ਪੈਂਦੇ ਸਾਰੇ ਪਿੰਡਾਂ/ਕਸਬਿਆਂ ਦੀਆਂ ਪੰਚਾਇਤਾਂ ਦਾ ਸਹਿਯੋਗ ਬਹੁਤ ਜਰੂਰੀ ਹੈ, ਇਸ ਲਈ ਪੰਚਾਇਤਾਂ ਸਮੁੱਚੇ ਤੌਰ 'ਤੇ ਇਸ ਮਿਸ਼ਨ 'ਚ ਖੁੱਲ ਕੇ ਹਿਸਾ ਲੈਣ ਤਾਂ ਜੋ ਜ਼ਿਲਾ ਤਰਨਤਾਰਨ ਨੂੰ ਤੰਬਾਕੂ ਮੁਕਤ ਬਣਾਇਆ ਜਾ ਸਕੇ। ਇਹ ਪ੍ਰਗਟਾਵਾ ਜ਼ਿਲਾ ਤਰਨਤਾਰਨ ਦੇ ਸਿਵਲ ਸਰਜਨ ਡਾ. ਸ਼ਮਸ਼ੇਰ ਸਿੰਘ ਨੇ ਸੀ.ਐੱਚ.ਸੀ. ਝਬਾਲ ਦੇ ਸਬ ਸੈਂਟਰ ਬਾਗੜੀਆਂ ਵਿਖੇ ਰੱਖੇ ਗਏ ਤੰਬਾਕੂ ਮੁਕਤੀ ਸਮਾਗਮ ਮੌਕੇ ਮੁਹਿੰਮ ਦਾ ਆਗਾਜ਼ ਕਰਦਿਆਂ ਕੀਤਾ। ਉਨ੍ਹਾਂ ਇਸ ਮੌਕੇ ਮੁਹਿੰਮ ਦਾ ਆਗਾਜ਼ ਰੀਬਨ ਕੱਟ ਕੇ ਰਸਮੀ ਤੌਰ 'ਤੇ ਕਰਦਿਆਂ ਪਿੰਡ ਦੀਆਂ ਫਿਰਨੀਆਂ ਅਤੇ ਹੋਰ ਜਨਤਕ ਥਾਂਵਾਂ ਉਪਰ ਸੇਹਤ ਵਿਭਾਗ ਵੱਲੋਂ ਪ੍ਰਕਾਸ਼ਿਤ ਕੀਤੇ ਗਏ ਤੰਬਾਕੂ ਵਿਰੋਧੀ ਚੇਤਾਵਨੀ ਭਰੇ ਪੋਸਟਰ ਅਤੇ ਬੋਰਡ ਵੀ ਲਾਏ। ਇਸ ਮੌਕੇ ਉਨ੍ਹਾਂ ਨਾਲ ਐੱਸ.ਐੱਮ.ਓ. ਸੀ.ਐੱਚ.ਸੀ. ਝਬਾਲ ਡਾ. ਕਰਮਵੀਰ ਭਾਰਤੀ, ਜ਼ਿਲਾ ਮਾਸ ਮੀਡੀਆ ਅਫ਼ਸਰ ਡਾ. ਸੁਖਵੰਤ ਸਿੰਘ ਸਿੱਧੂ ਬਾਗੜੀਆਂ ਅਤੇ ਬਲਾਕ ਐਜੂਕੇਟਰ ਹਰਦੀਪ ਸਿੰਘ ਵੱਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ। ਇਸ ਮੌਕੇ ਬੋਲਦਿਆਂ ਸਿਵਲ ਸਰਜਨ ਡਾ. ਸ਼ਮਸ਼ੇਰ ਸਿੰਘ ਨੇ ਕਿਹਾ ਕਿ ਬਲਾਕ ਝਬਾਲ ਦੇ 64 ਪਿੰਡਾਂ ਨੂੰ ਵਿਭਾਗ ਵੱਲੋਂ ਤੰਬਾਕੂ ਮੁਕਤ ਐਲਾਣਿਆਂ ਗਿਆ ਹੈ, ਜਿਸ ਦਾ ਸਿਹਰਾ ਉਨ੍ਹਾਂ ਪਿੰਡਾਂ ਦੀਆਂ ਪੰਚਾਇਤਾਂ ਸਿਰ ਬੱਝਦਾ ਹੈ। ਉਨ੍ਹਾਂ ਕਿਹਾ ਕਿ ਪੂਰੇ ਪੰਜਾਬ ਵਿਚੋਂ ਤੰਬਾਕੂ ਮੁਕਤ ਹੋਏ ਪਿੰਡਾਂ ਵਿਚੋਂ ਤਰਨਤਾਰਨ ਜ਼ਿਲਾ ਪਹਿਲੇ ਨੰਬਰ 'ਤੇ ਹੈ। ਸਿਵਲ ਸਰਜਨ ਨੇ ਤੰਬਾਕੂ ਦੇ ਮਾੜੇ ਪ੍ਰਭਾਵਾ ਸਬੰਧੀ ਜਾਗਰੂਕ ਕਰਦਿਆਂ ਕਿਹਾ ਕਿ ਤੰਬਾਕੂ ਦੇ ਸੇਵਨ ਨਾਲ ਜਿਥੇ ਕੈਂਸਰ ਵਰਗੀ ਭਿਆਨਕ ਬਿਮਾਰੀ ਕਾਰਨ ਕਈ ਲੋਕ ਆਜਾਂਈ ਮੌਤ ਦਾ ਸਾਹਮਣਾ ਕਰਦੇ ਹਨ ਉਥੇ ਹੀ ਇਸ ਨਾਲ ਬਹੁਤ ਸਾਰੇ ਲੋਕ ਸਰੀਰਕ ਤੌਰ 'ਤੇ ਵਿਕਲਾਂਗ ਵੀ ਹੋ ਜਾਂਦੇ ਹਨ। ਇਸ ਮੌਕੇ ਐੱਸ.ਐੱਮ.ਓ. ਡਾ. ਕਰਮਵੀਰ ਭਾਰਤੀ, ਜ਼ਿਲਾ ਮਾਸ ਮੀਡੀਆ ਅਫਸਰ ਡਾ. ਸੁਖਵੰਤ ਸਿੰਘ ਅਤੇ ਬਲਾਕ ਐਜੂਕੇਟਰ ਹਰਦੀਪ ਸਿੰਘ ਨੇ ਬੋਲਦਿਆਂ ਕਿਹਾ ਕਿ ਪੰਜਾਬ ਹੈੱਲਥ ਮਿਸਨ ਤਹਿਤ ਤੰਬਾਕੂ ਮੁਕਤ ਪੰਜਾਬ ਦੀ ਸਿਰਜਣਾ ਲਈ ਬੜੇ ਜੋਰ ਸ਼ੋਰ ਨਾਲ ਮੁਹਿੰਮ ਅਰੰਭੀ ਗਈ ਹੈ ਅਤੇ ਇਸ ਮੁਹਿੰਮ ਨੂੰ ਕਾਰਗਰ ਬਣਾਉਣ ਲਈ ਪਿੰਡਾਂ ਦੀਆਂ ਪੰਚਾਇਤਾਂ ਤੋਂ ਵਿਸ਼ੇਸ਼ ਸਹਿਯੋਗ ਮੰਗਿਆ ਜਾ ਰਿਹਾ ਹੈ ਤਾਂ ਜੋ ਪੋਲੀਓ ਦੇ ਖਾਤਮੇ ਵਾਂਗ ਪੰਜਾਬ ਨੂੰ ਤੰਬਾਕੂ ਤੋਂ ਵੀ ਮੁਕਤ ਕੀਤਾ ਜਾ ਸਕੇ। ਇਸ ਮੌਕੇ ਮੈਡੀਕਲ ਅਫਸਰ ਡਾ. ਬਨਵੀਨ ਕੌਰ, ਸਰਪੰਚ ਹਰਦੇਵ ਸਿੰਘ, ਸਰਪੰਚ ਬਿਕਰਮਜੀਤ ਸਿੰਘ, ਹਰਜੀਤ ਸਿੰਘ ਨੰਬਰਦਾਰ, ਕੰਵਲ ਬਲਰਾਜ ਸਿੰਘ ਐੱਸ.ਆਈ., ਸਲਵਿੰਦਰ ਸਿੰਘ ਐੱਸ.ਆਈ., ਪ੍ਰਦੀਪ ਸਿੰਘ ਹੈੱਲਥ ਵਰਕਰ ਤੋਂ ਇਲਾਵਾ ਵੱਡੀ ਗਿਣਤੀ 'ਚ ਨਗਰ ਨਿਵਾਸੀ ਹਾਜ਼ਰ ਸਨ।


Related News