ਨਵੇਂ ਰਾਸ਼ਨ ਕਾਰਡ ਬਣਾਉਣ ਤੇ ਮੌਜੂਦਾ ਕਾਰਡਾਂ ’ਚ ਮੈਂਬਰਾਂ ਦੇ ਨਾਂ ਦਰਜ ਕਰਨ ਦੀ ਪ੍ਰਕਿਰਿਆ ਸ਼ੁਰੂ
Wednesday, Jul 22, 2026 - 05:56 PM (IST)
ਗੁਰਦਾਸਪੁਰ (ਹਰਮਨ, ਵਿਨੋਦ) : ਜ਼ਿਲਾ ਕੰਟਰੋਲਰ, ਖੁਰਾਕ, ਸਿਵਲ ਸਪਲਾਈਜ਼ ਅਤੇ ਖਪਤਕਾਰ ਮਾਮਲੇ ਗੁਰਦਾਸਪੁਰ ਅਮਨਜੀਤ ਸਿੰਘ ਵੱਲੋਂ ਆਮ ਲੋਕਾਂ ਨੂੰ ਸੂਚਿਤ ਕੀਤਾ ਗਿਆ ਹੈ ਕਿ ਰਾਜ ਸਰਕਾਰ ਵੱਲੋਂ ਲਏ ਫੈਸਲੇ ਅਨੁਸਾਰ ਨੈਸ਼ਨਲ ਫੂਡ ਸਿਕਿਊਰਿਟੀ ਐਕਟ, 2013/ਸਮਾਰਟ ਰਾਸ਼ਨ ਕਾਰਡ ਸਕੀਮ ਅਧੀਨ ਨਵੇਂ ਰਾਸ਼ਨ ਕਾਰਡ ਬਣਾਉਣ ਅਤੇ ਮੌਜੂਦਾ ਰਾਸ਼ਨ ਕਾਰਡਾਂ ’ਚ ਮੈਂਬਰ ਸ਼ਾਮਲ ਕਰਨ ਲਈ ਆਨਲਾਈਨ ਅਰਜ਼ੀਆਂ ਪ੍ਰਾਪਤ ਕੀਤੀਆਂ ਜਾਣੀਆਂ ਹਨ। ਉਨ੍ਹਾਂ ਦੱਸਿਆ ਕਿ ਇਸ ਪਹਿਲਕਦਮੀ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਯੋਗ ਪਰਿਵਾਰਾਂ/ਲਾਭਪਾਤਰੀਆਂ ਨੂੰ ਇਕ ਪਾਰਦਰਸ਼ੀ, ਨਿਰਪੱਖ ਅਤੇ ਤਕਨਾਲੋਜੀ-ਅਧਾਰਿਤ ਪ੍ਰਕਿਰਿਆ ਰਾਹੀਂ ਸ਼ਾਮਲ ਕੀਤਾ ਜਾਵੇ। ਨਵੇਂ ਰਾਸ਼ਨ ਕਾਰਡ ਬਣਾਉਣ ਜਾਂ ਮੌਜੂਦਾ ਰਾਸ਼ਨ ਕਾਰਡਾਂ ’ਚ ਮੈਂਬਰ ਸ਼ਾਮਲ ਕਰਨ ਲਈ ਫਾਰਮ—ਅੰਗਰੇਜ਼ੀ ਅਤੇ ਪੰਜਾਬੀ ਭਾਸ਼ਾ ’ਚ ਵਿਭਾਗੀ ਵੈੱਬਸਾਈਟ ਤੋਂ ਡਾਊਨਲੋਡ ਕੀਤੇ ਜਾ ਸਕਦੇ ਹਨ। ਬਿਨੈਕਾਰ ਫਾਰਮ ਭਰਨ ਤੋਂ ਪਹਿਲਾਂ ਫਾਰਮ ਦੇ ਨਾਲ ਦਿੱਤੀਆਂ ਹਦਾਇਤਾਂ ਨੂੰ ਧਿਆਨ ਨਾਲ ਪੜ੍ਹਨ ਅਤੇ ਲੋੜੀਂਦੇ ਦਸਤਾਵੇਜ਼ਾਂ ਸਮੇਤ ਹੀ ਮੁਕੰਮਲ ਅਰਜ਼ੀ ਜਮ੍ਹਾਂ ਕਰਵਾਉਣ।
ਇਹ ਵੀ ਪੜ੍ਹੋ : ਪੰਜਾਬ ਦੇ ਟੋਲ ਪਲਾਜ਼ਿਆਂ 'ਤੇ ਨਹੀਂ ਲੱਗਿਆ ਟੈਕਸ, ਬਿਨਾਂ ਪਰਚੀ ਕਟਾਏ ਲੰਘੇ ਵਾਹਨ
ਉਨ੍ਹਾਂ ਦੱਸਿਆ ਕਿ ਬਿਨੈਕਾਰ ਆਪਣੀਆਂ ਅਰਜ਼ੀਆਂ ਨਜ਼ਦੀਕੀ ਸੇਵਾ ਕੇਂਦਰ/ਕਾਮਨ ਸਰਵਿਸ ਸੈਂਟਰ ਜਾ ਕੇ ਆਨਲਾਈਨ ਜਮ੍ਹਾਂ ਕਰਵਾ ਸਕਦਾ ਹੈ। ਸੇਵਾ ਕੇਂਦਰ/ਸੀ. ਐੱਸ. ਸੀ. ਰਾਹੀਂ ਅਰਜ਼ੀ ਸਫ਼ਲਤਾਪੂਰਵਕ ਜਮ੍ਹਾਂ ਹੋਣ ’ਤੇ ਬਿਨੈਕਾਰ ਨੂੰ 100 ਰੁਪਏ ਪ੍ਰਤੀ ਫਾਰਮ ਪ੍ਰੋਸੈਸਿੰਗ ਫੀਸ ਵੀ ਜਮ੍ਹਾਂ ਕਰਵਾਉਣੀ ਪਵੇਗੀ। ਬਿਨੈਕਾਰ ਆਪਣੀ ਅਰਜ਼ੀ ਖ਼ੁਦ ਵੀ ਸਿੱਧੇ ਤੌਰ ’ਤੇ ਪੋਰਟਲ ਰਾਹੀਂ ਆਨਲਾਈਨ ਜਮ੍ਹਾਂ ਕਰਵਾ ਸਕਦੇ ਹਨ ਅਤੇ ਫਾਰਮ ਆਨਲਾਈਨ ਜਮ੍ਹਾਂ ਕਰਵਾਉਣ ਲਈ ਬਿਨੈਕਾਰ ਨੂੰ ਕੋਈ ਵੀ ਫੀਸ ਨਹੀਂ ਦੇਣੀ ਪਵੇਗੀ। ਇਸ ਤੋਂ ਇਲਾਵਾ ਬਿਨੈਕਾਰ ਆਪਣਾ ਫਾਰਮ ਸਮੇਤ ਦਸਤਾਵੇਜ਼ ਅਤੇ 100 ਰੁਪਏ ਪ੍ਰਤੀ ਫਾਰਮ ਫੀਸ ਸਬੰਧਤ ਜ਼ਿਲਾ ਕੰਟਰੋਲਰ, ਖੁਰਾਕ ਸਿਵਲ ਸਪਲਾਈਜ਼ ਅਤੇ ਖਪਤਕਾਰ ਮਾਮਲੇ ਦੇ ਜ਼ਿਲਾ ਦਫ਼ਤਰ ਵਿਖੇ ਵੀ ਜਮ੍ਹਾਂ ਕਰਵਾ ਸਕਦਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਫਾਰਮ ਸਫ਼ਲਤਾਪੂਰਵਕ ਆਨਲਾਈਨ ਜਮ੍ਹਾਂ ਹੋਣ ’ਤੇ ਬਿਨੈਕਾਰ ਨੂੰ ਉਸ ਦੇ ਮੋਬਾਈਲ ਨੰਬਰ ’ਤੇ ਫਾਰਮ ਪ੍ਰਾਪਤੀ ਦਾ ਮੈਸੇਜ ਸਮੇਤ ਰਸੀਦ ਨੰਬਰ ਪ੍ਰਾਪਤ ਹੋਵੇਗਾ।
ਅਰਜ਼ੀਆਂ ਮਿਤੀ 22 ਜੁਲਾਈ ਤੋਂ 11 ਅਗਸਤ ਦੌਰਾਨ ਹੀ ਪ੍ਰਾਪਤ ਕੀਤੀਆਂ ਜਾਣਗੀਆਂ ਅਤੇ ਬਿਨੈਕਾਰ ਕਿਸੇ ਵੀ ਕੰਮਕਾਜੀ ਦਿਨ ਦੌਰਾਨ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਆਨਲਾਈਨ ਵਿਧੀ ਰਾਹੀਂ ਸੇਵਾ ਕੇਂਦਰ/ਕਾਮਨ ਸਰਵਿਸ ਸੈਂਟਰ ’ਤੇ ਜਾਂ ਆਫ਼ਲਾਈਨ ਵਿਧੀ ਰਾਹੀਂ ਜ਼ਿਲਾ ਕੰਟਰੋਲਰ, ਖੁਰਾਕ ਸਿਵਲ ਸਪਲਾਈਜ਼ ਅਤੇ ਖਪਤਕਾਰ ਮਾਮਲੇ ਦੇ ਜ਼ਿਲਾ ਦਫ਼ਤਰ ਵਿਖੇ ਫਾਰਮ ਜਮ੍ਹਾਂ ਕਰਵਾ ਸਕਦਾ ਹੈ। ਵਧੇਰੇ ਜਾਣਕਾਰੀ ਲਈ ਬਿਨੈਕਾਰ ਆਪਣੇ ਜ਼ਿਲਾ ਖੁਰਾਕ, ਸਿਵਲ ਸਪਲਾਈਜ਼ ਅਤੇ ਖਪਤਕਾਰ ਮਾਮਲੇ ਦਫ਼ਤਰ ਜਾਂ ਨਜ਼ਦੀਕੀ ਸੇਵਾ ਕੇਂਦਰ/ਕਾਮਨ ਸਰਵਿਸ ਸੈਂਟਰ ਨਾਲ ਸੰਪਰਕ ਕਰ ਸਕਦੇ ਹਨ।
