ਵਿਦਿਆਰਥੀ ਦੇ ਮਾਪਿਆਂ ਨੇ ਪ੍ਰਿੰਸੀਪਲ ’ਤੇ ਲਾਏ ਕੁੱਟ-ਮਾਰ ਦੇ ਦੋਸ਼
Sunday, Aug 26, 2018 - 06:08 AM (IST)
ਰਾਜਪੁਰਾ, (ਇਕਬਾਲ)-ਸਥਾਨਕ ਸਰਕਾਰੀ ਸਕੂਲ ਦੇ ਪ੍ਰਿੰਸੀਪਲ ਉੱਤੇ ਸਕੂਲ ਵਿਚ ਪਡ਼੍ਹਦੇ 12ਵੀਂ ਕਲਾਸ ਦੇ ਵਿਦਿਆਰਥੀ ਦੇ ਮਾਪਿਅਾਂ ਨੇ ਕੁੱਟਮਾਰ ਕਰਨ ਦਾ ਦੋਸ਼ ਲਾਏ ਹਨ ਜਦਕਿ ਪ੍ਰਿੰਸੀਪਲ ਨੇ ਦੋਸ਼ਾਂ ਦਾ ਖੰਡਨ ਕੀਤਾ ਹੈ। ਜਾਣਕਾਰੀ ਅਨੁਸਾਰ ਹਸਪਤਾਲ ਵਿਚ ਦਾਖਲ ਵਿਦਿਆਰਥੀ ਕਰਨਵੀਰ ਸਿੰਘ ਦੇ ਮਾਪਿਅਾਂ ਨੇ ਦੱਸਿਆ ਕਿ ਉਨ੍ਹਾਂ ਦਾ ਲਡ਼ਕਾ ਰਾਜਪੁਰਾ ਟਾਊਨ ਵਿਚ ਸਥਿਤ ਸਰਕਾਰੀ ਸਕੂਲ ਵਿਚ 12ਵੀਂ ਕਲਾਸ ਵਿਚ ਪਡ਼੍ਹਦਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਉਨ੍ਹਾਂ ਦੇ ਲਡ਼ਕੇ ਨੇ ਇਕ ਟੈਸਟ ਨਹੀਂ ਦਿੱਤਾ, ਜਿਸ ’ਤੇ ਕਲਾਸ ਇੰਚਾਰਜ ਨੇ ਮਾਪਿਅਾਂ ਨਾਲ ਗੱਲਬਾਤ ਕਰਨ ਲਈ ਕਿਹਾ ਪਰ ਸਾਡਾ ਟੀਚਰ ਨਾਲ ਸੰਪਰਕ ਨਹੀਂ ਹੋ ਸਕਿਆ ਪਰ ਸਕੂਲ ਪ੍ਰਿੰਸੀਪਲ ਸਾਡੇ ਲਡ਼ਕੇ ਕਰਨਵੀਰ ਸਿੰਘ ਦੀ ਬਿਨਾਂ ਗੱਲ ਤੋਂ ਕਥਿਤ ਤੌਰ ’ਤੇ ਕੁੱਟਮਾਰ ਕਰ ਦਿਤੀ, ਜਿਸ ’ਤੇ ਅੱਜ ਸਵੇਰੇ ਮੇਰੇ ਲਡ਼ਕੇ ਦੀ ਤਬੀਅਤ ਖਰਾਬ ਹੋ ਗਈ, ਜਿਸ ਨੂੰ ਸਥਾਨਕ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ । ਇਸ ਸੰਬੰਧੀ ਜਦੋਂ ਸਕੂਲ ਪ੍ਰਿੰਸੀਪਲ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਕੋਈ ਕੁੱਟਮਾਰ ਨਹੀਂ ਕੀਤੀ ਗਈ। ਵਿਦਿਆਰਥੀ ਤੇ ਉਸਦੇ ਮਾਪੇ ਝੂਠ ਬੋਲ ਰਹੇ ਹਨ, ਕਿਉਂਕਿ ਵਿਦਿਅਰਥੀ ਨੇ ਕਲਾਸ ਇੰਚਾਰਜ ਨਾਲ ਗਲਤ ਵਿਵਹਾਰ ਕੀਤਾ ਸੀ ਤੇ ਕਲਾਸ ਇੰਚਾਰਜ ਉਕਤ ਵਿਦਿਆਰਥੀ ਨੂੰ ਮੇਰੇ ਕੋਲ ਲੈ ਕੇ ਜ਼ਰੂਰ ਆਈ ਸੀ ਪਰ ਵਿਦਿਆਰਥੀ ਨਾਲ ਕੁੱਟ-ਮਾਰ ਨਹੀਂ ਕੀਤੀ ।
