ਟਿੱਡੀ ਦਲ ਦੇ ਹਮਲੇ ''ਤੇ ਕਾਬੂ ਪਾਉਣ ਲਈ ਪਹਿਲਾਂ ਹੀ ਪੂਰੇ ਪ੍ਰਬੰਧ : ਖੇਤੀਬਾੜੀ ਅਫਸਰ
Saturday, May 30, 2020 - 05:45 PM (IST)
ਜੈਤੋ (ਜਿੰਦਲ) : ਕਈ ਸੂਬਿਆਂ 'ਚ ਟਿੱਡੀ ਦਲ ਵੱਲੋਂ ਖੇਤਾਂ 'ਚ ਖੜ੍ਹੀਆਂ ਫਸਲਾਂ 'ਤੇ ਹਮਲੇ ਕੀਤੇ ਜਾ ਰਹੇ ਹਨ। ਟਿੱਡੀ ਦਲ ਹੁਣ ਦਿੱਲੀ ਵਲ ਬੜੀ ਤੇਜ਼ੀ ਨਾਲ ਵੱਧ ਰਿਹਾ ਹੈ। ਟਿੱਡੀ ਦਲ ਦੇ ਪੰਜਾਬ 'ਚ ਆਉਣ ਦਾ ਵੀ ਪੂਰਾ ਖ਼ਤਰਾ ਬਣਿਆ ਹੋਇਆ ਹੈ। ਇਸ ਸਬੰਧ 'ਚ ਜ਼ਿਲ੍ਹਾ ਫਰੀਦਕੋਟ ਦੇ ਖੇਤੀਬਾੜੀ ਅਫ਼ਸਰ ਡਾ. ਹਰਨੇਕ ਸਿੰਘ ਰੋਡੇ ਨਾਲ ਗੱਲਬਾਤ ਕਰਨ 'ਤੇ ਉਨ੍ਹਾਂ ਦੱਸਿਆ ਕਿ ਅੱਜ ਕੱਲ ਮੱਕੀ ਝੋਨਾ ਨਰਮ ਹੈ ਅਤੇ ਚਾਰੇ ਦੀ ਬਿਜਾਈ ਜ਼ੋਰਾਂ 'ਤੇ ਚੱਲ ਰਹੀ ਹੈ ਅਤੇ ਟਿੱਡੀ ਦਲ ਦੇ ਹਮਲੇ ਦਾ ਪੂਰਾ ਖਤਰਾ ਬਣਿਆ ਹੋਇਆ ਹੈ। ਜ਼ਿਲ੍ਹਾ ਫਰੀਦਕੋਟ 'ਚ ਟਿੱਡੀ ਦਲ ਦੇ ਹਮਲੇ 'ਤੇ ਕਾਬੂ ਪਾਉਣ ਲਈ ਪੂਰੇ ਪ੍ਰਬੰਧ ਕਰ ਲਏ ਗਏ ਹਨ। ਟਿੱਡੀ ਦਲ ਦੇ ਹਮਲੇ ਦੀ ਸਥਿਤੀ ਨਾਲ ਨਜਿੱਠਣ ਲਈ, ਖੇਤੀਬਾੜੀ ਵਿਗਿਆਨ ਕੇਂਦਰ, ਜੰਗਲਾਤ ਮਹਿਕਮਾ, ਬਾਗਵਾਨੀ ਵਿਭਾਗ ਆਦਿ ਵਿਖੇ ਕਮੇਟੀਆ ਗਠਿਤ ਕੀਤੀਆਂ ਗਈਆਂ ਹਨ। ਇਨ੍ਹਾਂ ਤੋਂ ਇਲਾਵਾ ਪਿੰਡਾਂ 'ਚ ਵੀ ਕਮੇਟੀਆਂ ਬਣਾਈਆਂ ਗਈਆਂ ਹਨ ਅਤੇ ਇਸ ਨਾਲ ਨਜਿੱਠਣ ਲਈ ਪਿੰਡ ਪੱਧਰ 'ਤੇ ਮੀਟਿੰਗਾਂ ਵੀ ਕੀਤੀਆਂ ਜਾ ਰਹੀਆਂ ਹਨ। ਟਿੱਡੀ ਦਲ ਨੂੰ ਖ਼ਤਮ ਕਰਨ ਲਈ ਵਰਤੀਆਂ ਜਾਨ ਵਾਲੀਆਂ ਦਵਾਈਆਂ ਦੇ ਪ੍ਰਬੰਧ ਵੀ ਕੀਤੇ ਜਾ ਚੁੱਕੇ ਹਨ। ਫਾਇਰ ਬ੍ਰਿਗੇਡ ਅਤੇ ਪਾਵਰ ਸਪਰੇਅਰ ਦੇ ਪ੍ਰਬੰਧ ਵੀ ਮੁਕੰਮਲ ਕਰ ਲਏ ਗਏ ਹਨ।
ਇਹ ਵੀ ਪੜ੍ਹੋ ► 'ਟਿੱਡੀ ਦਲ' ਦੇ ਹਮਲੇ ਤੋਂ ਬਚਣ ਲਈ ਜਲੰਧਰ ਪ੍ਰਸ਼ਾਸਨ ਨੇ ਖਿੱਚੀ ਤਿਆਰੀ, ਦਿੱਤੇ ਇਹ ਨਿਰਦੇਸ਼
ਡਾਕਟਰ ਹਰਨੇਕ ਸਿੰਘ ਰੋਡੇ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਬਿਲਕੁੱਲ ਵੀ ਨਾ ਘਬਰਾਉਣ, ਉਨ੍ਹਾਂ ਨੂੰ ਇਸ ਸਬੰਧੀ ਸੁਚੇਤ ਰਹਿਣ ਦੀ ਲੋੜ ਹੈ। ਕਿਸਾਨ ਆਪਣੇ ਟਰੈਕਟਰਾਂ ਮਗਰ ਸਪਰੇਅ ਪੰਪ ਲਗਾ ਕੇ ਤਿਆਰ ਰੱਖਣ। ਜ਼ਰੂਰਤ ਪੈਣ 'ਤੇ ਇਸ ਨੂੰ ਤੁਰੰਤ ਵਰਤੋਂ 'ਚ ਲਿਆਂਦਾ ਜਾ ਸਕੇ। ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਤੇ ਵੀ ਟਿੱਡੀ ਦਲ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਮਿਲਦੀ ਹੈ ਤਾਂ ਉਹ ਤੁਰੰਤ ਖੇਤੀਬਾੜੀ ਵਿਭਾਗ ਨੂੰ ਸੂਚਿਤ ਕਰਨ।
ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਦੇ ਜ਼ਿਲ੍ਹਾ ਫਰੀਦਕੋਟ ਦੇ ਮੀਤ ਪ੍ਰਧਾਨ ਨਛੱਤਰ ਸਿੰਘ ਨੇ ਦੱਸਿਆ ਕਿ ਕਿਸਾਨ ਯੂਨੀਅਨ ਵੱਲੋਂ ਪਿੰਡਾਂ 'ਚ ਮਨਿਆਦੀ ਵੀ ਕਰਵਾਈ ਜਾ ਰਹੀ ਹੈ ਅਤੇ ਕਿਸਾਨਾਂ ਨੂੰ ਇਸ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਵੀ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਟਿੱਡੀ ਦਲ ਦੇ ਆ ਜਾਣ 'ਤੇ ਘਬਰਾਉਣਾ ਨਹੀਂ ਚਾਹੀਦਾ ਸਗੋਂ ਸਥਿਤੀ ਨੂੰ ਹਿੰਮਤ ਨਾਲ ਨਜਿੱਠਣਾ ਚਾਹੀਦਾ ਹੈ। - ਨਛੱਤਰ ਸਿੰਘ ਜ਼ਿਲ੍ਹਾ ਮੀਤ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ ) ਫਰੀਦਕੋਟ
ਇਹ ਵੀ ਪੜ੍ਹੋ ► ਸੂਬੇ ਦੇ ਕਿਸਾਨਾਂ ਲਈ ਕੈਪਟਨ ਸਰਕਾਰ ਦਾ ਵੱਡਾ ਫੈਸਲਾ, ਕੇਂਦਰ ਸਰਕਾਰ 'ਤੇ ਮੜ੍ਹੇ ਗੰਭੀਰ ਦੋਸ਼