ਦੋ ਧਿਰਾਂ ਦੇ ਹੋਏ ਝਗੜੇ ''ਚ ਮਾਂ-ਪੁੱਤ ਸਮੇਤ 3 ਜ਼ਖਮੀ
Thursday, Mar 01, 2018 - 01:15 AM (IST)

ਬਟਾਲਾ, (ਬੇਰੀ)- ਅੱਜ ਦੋ ਧਿਰਾਂ ਦੇ ਹੋਏ ਝਗੜੇ 'ਚ ਮਾਂ-ਪੁੱਤ ਸਮੇਤ ਤਿੰਨ ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ। ਸਿਵਲ ਹਸਪਤਾਲ ਜ਼ੇਰੇ ਇਲਾਜ ਦਵਿੰਦਰ ਸਿੰਘ ਪੁੱਤਰ ਸੁਖਦੇਵ ਸਿੰਘ ਸੁੱਖਾ ਵਾਸੀ ਕਾਹਨੂੰਵਾਨ ਰੋਡ ਨੇ ਦੱਸਿਆ ਕਿ ਸਾਡਾ ਗੁਆਂਢੀ ਬਲਵਿੰਦਰ ਸਿੰਘ ਪੁੱਤਰ ਬਚਨ ਸਿੰਘ ਨਾਲ ਜ਼ਮੀਨੀ ਵਿਵਾਦ ਚੱਲ ਰਿਹਾ ਸੀ, ਜਿਸ ਸਬੰਧੀ ਮਾਣਯੋਗ ਅਦਾਲਤ 'ਚ ਕੇਸ ਚੱਲ ਰਿਹਾ ਹੈ। ਦਵਿੰਦਰ ਸਿੰਘ ਨੇ ਦੱਸਿਆ ਕਿ ਅੱਜ ਬਲਵਿੰਦਰ ਸਿੰਘ ਅਦਾਲਤ 'ਚ ਕੇਸ ਦੀ ਤਰੀਕ ਭੁਗਤ ਕੇ ਘਰ ਵਾਪਸ ਆਇਆ ਤਾਂ ਆਉਂਦਿਆਂ ਹੀ ਉਸ ਨੇ ਸਾਨੂੰ ਗਾਲੀ-ਗਲੋਚ ਕਰਨਾ ਸ਼ੁਰੂ ਕਰ ਦਿੱਤਾ ਅਤੇ ਜਦੋਂ ਮੈਂ ਉਸ ਨੂੰ ਅਜਿਹਾ ਕਰਨ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਬਲਵਿੰਦਰ ਸਿੰਘ ਨੇ ਆਪਣੇ ਸਾਥੀਆਂ ਸਮੇਤ ਤੇਜ਼ਧਾਰ ਹਥਿਆਰਾਂ ਨਾਲ ਸਾਡੀ ਆਟੇ ਵਾਲੀ ਚੱਕੀ 'ਤੇ ਆ ਕੇ ਮੇਰੀ ਕੁੱਟ-ਮਾਰ ਕਰਨੀ ਸ਼ੁਰੂ ਕਰ ਦਿੱਤੀ। ਮੇਰੀ ਮਾਤਾ ਪਰਮਜੀਤ ਕੌਰ ਨੇ ਮੈਨੂੰ ਛੁਡਾਉਣ ਦੀ ਕੋਸ਼ਿਸ਼ ਕੀਤੀ ਤਾਂ ਉਕਤ ਨੌਜਵਾਨਾਂ ਨੇ ਉਸਦੀ ਵੀ ਕੁੱਟ-ਮਾਰ ਕਰਦੇ ਹੋਏ ਜ਼ਖਮੀ ਕਰ ਦਿੱਤਾ। ਦਵਿੰਦਰ ਸਿੰਘ ਨੇ ਦੱਸਿਆ ਕਿ ਅਸੀਂ ਇਸ ਮਾਮਲੇ ਸਬੰਧੀ ਚੌਕੀ ਸਿੰਬਲ ਦੀ ਪੁਲਸ ਨੂੰ ਸੂਚਿਤ ਕਰ ਦਿੱਤਾ ਹੈ। ਮੌਕੇ 'ਤੇ ਪਹੁੰਚੀ ਪੁਲਸ ਨੇ ਸਾਨੂੰ ਸਿਵਲ ਹਸਪਤਾਲ ਬਟਾਲਾ ਦਾਖਲ ਕਰਵਾਇਆ। ਉਧਰ, ਦੂਸਰੇ ਪਾਸੇ ਸਿਵਲ ਹਸਪਤਾਲ ਜ਼ੇਰੇ ਇਲਾਜ ਬਲਵਿੰਦਰ ਸਿੰਘ ਪੁੱਤਰ ਬਚਨ ਸਿੰਘ ਵਾਸੀ ਕਾਹਨੂੰਵਾਨ ਰੋਡ ਬਟਾਲਾ ਨੇ ਦੱਸਿਆ ਕਿ ਸਾਡਾ ਜ਼ਮੀਨੀ ਕੇਸ ਉਕਤ ਪਾਰਟੀ ਨਾਲ ਅਦਾਲਤ 'ਚ ਚੱਲ ਰਿਹਾ ਹੈ ਅਤੇ ਜਦੋਂ ਮੈਂ ਤਰੀਕ ਭੁਗਤ ਕੇ ਆਪਣੇ ਘਰ ਦੇ ਨੇੜੇ ਆਇਆ ਤਾਂ ਦਵਿੰਦਰ ਸਿੰਘ ਨੇ ਆਪਣੇ ਸਾਥੀਆਂ ਸਮੇਤ ਮੇਰੇ ਨਾਲ ਝਗੜਾ ਕਰਦੇ ਹੋਏ ਮੈਨੂੰ ਜ਼ਖਮੀ ਕਰ ਦਿੱਤਾ। ਉਪਰੰਤ ਪਰਿਵਾਰ ਵਾਲਿਆਂ ਮੈਨੂੰ ਸਿਵਲ ਹਸਪਤਾਲ ਵਿਚ ਇਲਾਜ ਲਈ ਭਰਤੀ ਕਰਵਾਇਆ।
ਕੀ ਕਹਿਣਾ ਹੈ ਚੌਕੀ ਇੰਚਾਰਜ ਦਾ
ਇਸ ਮਾਮਲੇ ਸਬੰਧੀ ਜਦੋਂ ਚੌਕੀ ਸਿੰਬਲ ਦੇ ਇੰਚਾਰਜ ਏ. ਐੱਸ. ਆਈ. ਅਸ਼ੋਕ ਕੁਮਾਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਮਾਮਲਾ ਉਨ੍ਹਾਂ ਦੇ ਧਿਆਨ ਹਿੱਤ ਹੈ ਅਤੇ ਦੋਵੇਂ ਧਿਰਾਂ ਹਸਪਤਾਲ 'ਚ ਦਾਖਲ ਹਨ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ-ਪੜਤਾਲ ਜਾਰੀ ਹੈ ਅਤੇ ਮੈਡੀਕਲ ਰਿਪੋਰਟ ਆਉਣ 'ਤੇ ਦੋਵੇਂ ਧਿਰਾਂ 'ਚੋਂ ਜੋ ਵੀ ਦੋਸ਼ੀ ਪਾਇਆ ਗਿਆ, ਉਸ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।