ਸਿੱਧਵਾਂ ਬ੍ਰਾਂਚ ਨਹਿਰ ’ਚ ਤੈਰਦੀਆਂ 3 ਲਾਸ਼ਾਂ ਮਿਲੀਆਂ

06/21/2020 12:40:41 AM

ਸਿੱਧਵਾਂ ਬੇਟ/ਚੌਂਕੀਮਾਨ,(ਚਾਹਲ, ਗਗਨਦੀਪ)- ਸਿੱਧਵਾਂ ਬ੍ਰਾਂਚ ਨਹਿਰ ਪੁਲ ਸਵੱਦੀ ਕਲਾਂ ਤੋਂ ਅੱਜ 3 ਤੈਰਦੀਆਂ ਹੋਈਆਂ ਲਾਸ਼ਾਂ ਮਿਲਣ ਨਾਲ ਇਲਾਕੇ ਅੰਦਰ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ | ਇਨ੍ਹਾਂ ਲਾਸ਼ਾਂ ’ਚੋਂ ਇਕ ਦੀ ਸ਼ਨਾਖ਼ਤ ਹੋ ਜਾਣ ਦੀ ਸੂਚਨਾ ਮਿਲੀ ਹੈ, ਜਦਕਿ ਖਬਰ ਲਿਖੇ ਜਾਣ ਤੱਕ ਥਾਣਾ ਸਿੱਧਵਾਂ ਬੇਟ ਦੀ ਪੁਲਸ ਦੂਜੀਆਂ ਲਾਸ਼ਾਂ ਨੂੰ ਬਾਹਰ ਕੱਢਣ ਵਿਚ ਜੁਟੀ ਹੋਈ ਸੀ | ਸ਼ਨਾਖਤ ਹੋਈ ਲਾਸ਼ ਗੁਰਬਖਸ਼ ਸਿੰਘ ਉਰਫ ਹਨੀ ਪੁੱਤਰ ਸਵ. ਹਰਚਰਨ ਸਿੰਘ ਵਾਸੀ ਗਿੱਲ ਰੋਡ ਲੁਧਿਆਣਾ ਦੀ ਦੱਸੀ ਜਾ ਰਹੀ ਹੈ, ਜਿਸ ਦੀ ਪੁਸ਼ਟੀ ਮ੍ਰਿਤਕ ਦੇ ਭਰਾ ਗੁਰਮੁੱਖ ਸਿੰਘ ਵਲੋਂ ਕੀਤੀ ਗਈ ਹੈ | ਇੱਕਤਰ ਕੀਤੀ ਜਾਣਕਾਰੀ ਅਨੁਸਾਰ ਗੋਤਾਖੋਰ ਹਰਜਿੰਦਰ ਕੁਮਾਰ ਪੁੱਤਰ ਅੰਮ੍ਰਿਤਪਾਲ ਸਿੰਘ ਵਾਸੀ ਪਹਾੜ ਗੰਜ ਨਵੀਂ ਦਿੱਲੀ ਜੋ 10 ਜੂਨ ਨੂੰ ਡੇਹਲੋਂ ਤੋਂ ਗੁੰਮ ਹੋਇਆ ਸੀ, ਦੀ ਤਲਾਸ਼ ਵਿਚ ਸਿੱਧਵਾਂ ਬ੍ਰਾਂਚ ਨਹਿਰ ’ਤੇ ਸਵੱਦੀ ਕਲਾਂ ਪੁਲ ਕੋਲ ਪੁੱਜੇ ਤਾਂ ਉਨ੍ਹਾਂ ਨੂੰ ਇਕ ਤੈਰਦੀ ਹੋਈ ਲਾਸ਼ ਦਿਖਾਈ ਦਿੱਤੀ, ਜਿਸ ਨੂੰ ਬਾਹਰ ਕੱਢ ਕੇ ਤਲਾਸ਼ੀ ਲਈ ਗਈ ਤਾਂ ਉਸ ਦੀ ਪੈਂਟ ’ਚੋਂ ਮਿਲੇ ਮੋਬਾਈਲ ਨੰਬਰ ਤੋਂ ਉਸ ਦੀ ਸ਼ਨਾਖਤ ਗੁਰਬਖਸ਼ ਸਿੰਘ ਉਰਫ ਹਨੀ ਵਜੋਂ ਹੋਈ ਹੈ |

ਗੋਤਾਖੋਰਾਂ ਨੇ ਦੱਸਿਆ ਕਿ ਜਦ ਪੁਲ ’ਚੋਂ ਲਾਸ਼ ਕੱਢ ਰਹੇ ਸਨ ਤਾਂ ਉਨ੍ਹਾਂ ਨੂੰ 2 ਹੋਰ ਲਾਸ਼ਾਂ ਮਿਲੀਆ | ਥਾਣਾ ਸਿੱਧਵਾਂ ਬੇਟ ਦੇ ਮੁਖੀ ਇੰਸਪੈਕਟਰ ਰਾਜੇਸ਼ ਠਾਕੁਰ ਨੇ ਦੱਸਿਆ ਕਿ ਲਾਸ਼ਾਂ ਨੂੰ ਬਾਹਰ ਕੱਢਵਾ ਕੇ ਅਗਲੇਰੀ ਕਾਰਵਾਈ ਅਮਲ ’ਚ ਲਿਆਦੀ ਜਾ ਰਹੀ ਹੈ | ਉਨ੍ਹਾਂ ਦੱਸਿਆ ਕਿ ਸ਼ਨਾਖਤ ਹੋਈ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਦੇ ਹਵਾਲੇ ਕਰ ਦਿੱਤਾ ਜਾਵੇਗਾ, ਜਦਕਿ ਦੂਜੀਆਂ ਲਾਸ਼ਾਂ ਨੂੰ ਸ਼ਨਾਖਤ ਲਈ 72 ਘੰਟੇ ਮੋਰਚਰੀ ਵਿਚ ਰੱਖਿਆ ਜਾਵੇਗਾ |


Bharat Thapa

Content Editor

Related News