ਅਕਾਲੀ ਵਰਕਰਾਂ ''ਤੇ ਗਾਲ੍ਹੀ-ਗਲੋਚ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਦੋਸ਼
Wednesday, Jan 03, 2018 - 07:34 AM (IST)
ਬਿਲਗਾ, (ਇਕਬਾਲ)- ਬਿਲਗਾ ਨਜ਼ਦੀਕੀ ਪਿੰਡ ਤਲਵਣ ਵਿਖੇ ਪੰਚਾਇਤ ਦੇ ਰਸਤੇ ਵਿਚ ਕੀਤੇ ਗਏ ਨਾਜਾਇਜ਼ ਕਬਜ਼ੇ ਨੂੰ ਹਟਾਉਣ ਸਮੇਂ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਵੱਲੋਂ ਸਰਪੰਚ ਅਤੇ ਲੇਬਰ ਨਾਲ ਕੀਤੀ ਗਈ ਗਾਲੀ-ਗਲੋਚ ਅਤੇ ਧੱਕਾ-ਮੁੱਕੀ ਕਾਰਨ ਵਿਕਾਸ ਕਾਰਜ ਰੁਕੇ। ਇਸ ਸਬੰਧ ਵਿਚ ਬਿਲਗਾ ਵਿਖੇ ਕੀਤੀ ਗਈ ਪ੍ਰੈੱਸ ਕਾਨਫਰੰਸ ਵਿਚ ਸਰਪੰਚ ਬਲਵਿੰਦਰ ਸਿੰਘ ਹੁੰਦਲ ਅਤੇ ਨਰੇਗਾ ਵਿਚ ਕੰਮ ਕਰਦੀਆਂ ਔਰਤਾਂ ਅਤੇ ਪੰਚਾਇਤ ਮੈਂਬਰਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਸਾਧੂ ਸਿੰਘ ਤੇ ਉਸ ਦੇ ਸਹਿਯੋਗੀ ਸਾਥੀਆਂ 'ਤੇ ਦੋਸ਼ ਲਾਉਂਦੇ ਹੋਏ ਕਿਹਾ ਕਿ ਉਨ੍ਹਾਂ ਰਸਤੇ 'ਤੇ ਚੱਲ ਰਹੇ ਕੰਮ ਦੌਰਾਨ ਸਰਪੰਚ ਬਲਵਿੰਦਰ ਸਿੰਘ ਅਤੇ ਲੇਬਰ ਨਾਲ ਗਾਲੀ-ਗਲੋਚ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ।
ਸਰਪੰਚ ਬਲਵਿੰਦਰ ਸਿੰਘ ਹੁੰਦਲ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਜਤਿੰਦਰ ਸਿੰਘ ਨੇ ਆਪਣੇ ਘਰ ਦੇ ਅੱਗੇ ਪੰਚਾਇਤੀ ਰਸਤੇ ਨੂੰ ਉੱਚਾ ਕਰ ਕੇ ਬੱਜਰੀ ਪਾ ਕੇ ਨਾਜਾਇਜ਼ ਕਬਜ਼ਾ ਕਰ ਲਿਆ ਸੀ। ਉਸ ਨਾਜਾਇਜ਼ ਕਬਜ਼ੇ ਨੂੰ ਹਟਾਉਣ ਲਈ ਜਤਿੰਦਰ ਸਿੰਘ ਸਹਿਮਤ ਹੋ ਗਿਆ ਸੀ। ਕੁਝ ਦਿਨਾਂ ਬਾਅਦ ਜਦੋਂ ਨਰੇਗਾ ਦੀ ਲੇਬਰ ਨੇ ਕਬਜ਼ਾ ਤੋੜਨਾ ਸ਼ੁਰੂ ਕੀਤਾ ਤਾਂ ਸਾਧੂ ਸਿੰਘ ਦੀ ਧਿਰ ਨੇ ਮੈਨੂੰ ਅਤੇ ਲੇਬਰ ਨੂੰ ਧੱਕੇ ਮਾਰਨੇ, ਗਾਲੀ-ਗਲੋਚ ਕਰਨਾ ਸ਼ੁਰੂ ਕਰ ਦਿੱਤਾ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ।
ਇਸ ਮਾਮਲੇ ਨੂੰ ਅਸੀਂ ਪੰਚਾਇਤ ਅਫਸਰ ਦੇ ਧਿਆਨ ਵਿਚ ਲਿਆਂਦਾ। ਜਦੋਂ ਉਨ੍ਹਾਂ ਨੂੰ ਪੁੱਛਿਆ ਕਿ ਤੁਸੀਂ ਵਿਦੇਸ਼ ਵਿਚ ਪੈਦਾ ਹੋਏ ਐੱਨ. ਆਰ. ਆਈ. ਦਾ ਨਾਂ ਵੀ ਸ਼ਿਕਾਇਤ ਵਿਚ ਲਿਖਵਾਇਆ ਹੈ ਤਾਂ ਸਰਪੰਚ ਬਲਵਿੰਦਰ ਸਿੰਘ, ਨਰੇਗਾ ਲੇਬਰ ਨੇ ਇਕ ਆਵਾਜ਼ ਵਿਚ ਕਿਹਾ ਕਿ ਸਾਧੂ ਸਿੰਘ ਦੀ ਹਮਾਇਤ ਵਿਚ ਆਏ ਉਸ ਦੇ ਭਾਂਜੇ, ਭਤੀਜੇ ਭਾਵੇਂ ਅੰਗਰੇਜ਼ੀ ਬੋਲਦੇ ਹਨ ਪਰ ਸਾਨੂੰ ਗਾਲ੍ਹਾਂ ਪੰਜਾਬੀ ਵਿਚ ਕੱਢ ਰਹੇ ਸਨ। ਇਸ ਮੌਕੇ ਕਾਨਫਰੰਸ ਵਿਚ ਬਲਵਿੰਦਰ ਸਿੰਘ ਹੁੰਦਲ ਸਰਪੰਚ, ਕੁਲਵਿੰਦਰ ਸਿੰਘ ਪੰਚ, ਦਵਿੰਦਰ ਸਿੰਘ ਖਾਲਸਾ ਪੰਚ, ਦਲਵੀਰ ਕੁਮਾਰ ਪੰਚ, ਨਰਿੰਦਰ ਕੁਮਾਰ, ਸਹਿਜਪਾਲ ਪਿੰਕੂ, ਸ. ਚਰਨ ਸਿੰਘ ਰਾਜੋਵਾਲ ਸਾਬਕਾ ਚੇਅਰਮੈਨ, ਗੁਰਦੀਪ ਸਿੰਘ ਦੀਪਾ, ਰਾਮ ਲੁਭਾਇਆ, ਸਮਸ਼ੇਰ ਸਿੰਘ, ਮੇਜਰ ਸਿੰਘ, ਅਜਮੇਰ ਸਿੰਘ, ਚਰਨਜੀਤ, ਭਿੰਦਰਜੀਤ ਸਿੰਘ, ਨਿਰਮਲ ਕੁਮਾਰ, ਤੇਜਿੰਦਰ ਬਾਈ ਤਲਵਣ ਅਤੇ ਨਰੇਗਾ ਵਿਚ ਕੰਮ ਕਰਨ ਵਾਲੀਆਂ ਔਰਤਾਂ ਮੌਜੂਦ ਸਨ।
