ਸਟੋਰ ''ਚੋਂ ਨਕਦੀ ਤੇ ਹਜ਼ਾਰਾਂ ਦਾ ਸਾਮਾਨ ਚੋਰੀ

Thursday, Apr 12, 2018 - 03:58 AM (IST)

ਸਟੋਰ ''ਚੋਂ ਨਕਦੀ ਤੇ ਹਜ਼ਾਰਾਂ ਦਾ ਸਾਮਾਨ ਚੋਰੀ

ਬਟਾਲਾ, ਕਾਦੀਆਂ,  (ਬੇਰੀ, ਜ਼ੀਸ਼ਾਨ)-  ਬੀਤੇ ਦਿਨ ਕਾਦੀਆਂ ਬੱਸ ਸਟੈਂਡ 'ਤੇ ਚੋਰਾਂ ਵੱਲੋਂ ਤਿੰਨ ਦੁਕਾਨਾਂ 'ਤੇ ਚੋਰੀ ਕਰਨ ਤੋਂ ਬਾਅਦ ਹੁਣ ਬੀਤੀ ਰਾਤ ਬਟਾਲਾ ਰੋਡ ਸਥਿਤ ਸੰਧੂ ਟਾਇਲ ਸਟੋਰ 'ਚ ਚੋਰਾਂ ਦੁਆਰਾ ਸੰਨ੍ਹ ਲਾ ਕੇ ਹਜ਼ਾਰਾਂ ਰੁਪਏ ਦਾ ਸਾਮਾਨ ਅਤੇ ਨਕਦੀ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। 
ਜਾਣਕਾਰੀ ਦਿੰਦਿਆਂ ਦੁਕਾਨ ਦੇ ਮਾਲਕ ਮੰਗਲ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਰੋਜ਼ਾਨਾ ਦੀ ਤਰ੍ਹਾਂ ਉਹ ਆਪਣਾ ਸਟੋਰ ਬੰਦ ਕਰ ਕੇ ਗਏ ਸਨ ਕਿ ਅੱਜ ਸਵੇਰੇ ਉਨ੍ਹਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਦੀ ਦੁਕਾਨ ਦੇ ਪਿਛਲੇ ਪਾਸਿਓਂ ਸੰਨ੍ਹ ਲੱਗੀ ਹੋਈ ਹੈ। ਜਦੋਂ ਉਨ੍ਹਾਂ ਮੌਕੇ 'ਤੇ ਜਾ ਕੇ ਸਟੋਰ ਖੋਲ੍ਹਿਆ ਤਾਂ ਪਤਾ ਲੱਗਾ ਕਿ ਦੁਕਾਨ ਅੰਦਰ ਲੱਗੀ ਹੋਈ 20 ਇੰਚ ਦੀ ਐੱਲ. ਸੀ. ਡੀ., ਇਕ ਬੈਟਰਾ ਅਤੇ 17 ਹਜ਼ਾਰ ਦੀ ਨਕਦੀ ਚੋਰੀ ਹੋ ਗਈ ਸੀ। ਉਨ੍ਹਾਂ ਦੱਸਿਆ ਕਿ ਇਸ ਸਬੰਧ 'ਚ ਪੁਲਸ ਨੂੰ ਸੂਚਿਤ ਕਰ ਦਿੱਤਾ ਹੈ। 
ਸੂਚਨਾ ਮਿਲਣ 'ਤੇ ਪੁਲਸ ਵੱਲੋਂ ਘਟਨਾ ਵਾਲੀ ਥਾਂ ਦਾ ਜਾਇਜ਼ਾ ਲਿਆ ਗਿਆ। ਇਸ ਮੌਕੇ ਉਨ੍ਹਾਂ ਨਾਲ ਸਰਪੰਚ ਮਲਕੀਤ ਸਿੰਘ ਨਾਥਪੁਰ ਵੀ ਮੌਜੂਦ ਸਨ। ਆਏ ਦਿਨ ਹੋ ਰਹੀਆਂ ਚੋਰੀਆਂ ਕਾਰਨ ਲੋਕਾਂ 'ਚ ਸਹਿਮ ਪਾਇਆ ਜਾ ਰਿਹਾ ਹੈ। ਪੁਲਸ ਚੋਰਾਂ ਨੂੰ ਫੜਣ ਵਿਚ ਹੁਣ ਤੱਕ ਸਫਲ ਨਹੀਂ ਹੋ ਸਕੀ। 


Related News