3 ਕਾਰਾਂ ''ਚੋਂ ਨਸ਼ੇ ਵਾਲੀਆਂ 40 ਹਜ਼ਾਰ ਗੋਲੀਆਂ ਬਰਾਮਦ, ਮੁਲਜ਼ਮ ਫਰਾਰ

08/14/2019 7:07:31 PM

ਸਮਾਣਾ(ਅਨੇਜਾ, ਅਸ਼ੋਕ, ਦਰਦ)-ਪਟਿਆਲਾ ਪੁਲਸ ਨੂੰ ਵੱਡੇ ਪੱਧਰ 'ਤੇ ਨਸ਼ੇ ਵਾਲੀਆਂ ਗੋਲੀਆਂ ਦੇ ਸਮੱਗਲਰਾਂ ਵਿਰੁੱਧ ਚਲਾਈ ਗਈ ਵਿਸ਼ੇਸ਼ ਮੁਹਿੰਮ ਨੂੰ ਉਸ ਸਮੇਂ ਵੱਡੀ ਕਾਮਯਾਬੀ ਹੱਥ ਲੱਗੀ, ਜਦੋਂ ਹਰਮੀਤ ਸਿੰਘ ਹੁੰਦਲ ਕਪਤਾਨ ਪੁਲਸ ਇਨਵੈਸਟੀਗੇਸ਼ਨ, ਜਸਵੰਤ ਸਿੰਘ ਮਾਂਗਟ ਉੱਪ-ਕਪਤਾਨ ਸਮਾਣਾ ਅਤੇ ਐੱਸ. ਆਈ. ਸਾਹਿਬ ਸਿੰਘ ਵਿਰਕ ਮੁੱਖ ਅਫਸਰ ਥਾਣਾ ਸਿਟੀ ਸਮਾਣਾ ਦੀ ਪੁਲਸ ਵੱਲੋਂ ਨਸ਼ੇ ਵਾਲੀਆਂ ਗੋਲੀਆਂ ਵੇਚਣ ਵਾਲੇ ਇਕ ਵੱਡੇ ਗਿਰੋਹ ਦਾ ਪਰਦਾਫਾਸ਼ ਕਰ ਕੇ 3 ਕਾਰਾਂ 'ਚੋਂ 40 ਹਜ਼ਾਰ ਨਸ਼ੇ ਵਾਲੀਆਂ ਗੋਲੀਆਂ ਬਰਾਮਦ ਕੀਤੀਆਂ। ਪੁਲਸ ਨੇ ਸਮਾਣਾ ਸਿਟੀ ਥਾਣਾ ਵਿਖੇ ਮੁਕੱਦਮਾ ਦਰਜ ਕੀਤਾ ਹੈ। ਮੁਲਜ਼ਮ ਭੱਜਣ 'ਚ ਸਫਲ ਰਹੇ।

ਪੁਲਸ ਨੇ ਦੱਸਿਆ ਕਿ ਉਨ੍ਹਾਂ ਨੂੰ ਇਤਲਾਹ ਮਿਲੀ ਕਿ ਸੋਨੀ ਸਿੰਘ, ਕੁਲਦੀਪ ਸਿੰਘ ਅਤੇ ਰਣਜੀਤ ਸਿੰਘ ਪੁਤਰਾਨ ਅਮਰ ਸਿੰਘ ਵਾਸੀਆਨ ਪਿੰਡ ਮੁਰਾਦਪੁਰਾ ਸਿਟੀ ਥਾਣਾ ਸਮਾਣਾ ਆਪਣੀਆਂ ਗੱਡੀਆਂ ਸਵਿਫਟ, ਮਹਿੰਦਰਾ ਐਕਸ ਯੂ. ਵੀ. ਅਤੇ ਸਵਿਫਟ ਡਿਜ਼ਾਇਰ 'ਚ ਨਸ਼ੇ ਵਾਲੀਆਂ ਗੋਲੀਆਂ ਵੇਚਦੇ ਹਨ। ਜਦੋਂ ਪੁਲਸ ਨੇ ਪਿੰਡ ਮੁਰਾਦਪੁਰਾ ਵਿਖੇ ਰੇਡ ਕੀਤੀ ਤਾਂ ਤਿੰਨੇ ਸਮੱਗਲਰ ਪੁਲਸ ਪਾਰਟੀ ਨੂੰ ਦੇਖ ਕੇ ਗੱਡੀਆਂ ਛੱਡ ਕੇ ਭੱਜ ਗਏ। ਜਦੋਂ ਸਵਿਫਟ ਕਾਰ ਪੀ. ਬੀ. 11 ਸੀ. ਐੱਚ. 2989 ਦੀ ਤਲਾਸ਼ੀ ਲਈ ਤਾਂ ਉਸ ਵਿਚੋਂ ਨਸ਼ੇ ਵਾਲੀਆਂ 40 ਹਜ਼ਾਰ ਗੋਲੀਆਂ ਬਰਾਮਦ ਹੋਈਆਂ।

ਨਸ਼ੇ ਦੇ ਕਾਰੋਬਾਰ ਤੋਂ ਬਣਾਈਆਂ ਜਾਇਦਾਦਾਂ ਦੀ ਵੀ ਹੋਵੇਗੀ ਛਾਣਬੀਣ
ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿਅਕਤੀਆਂ ਵੱਲੋਂ ਨਸ਼ੇ ਦੇ ਕਾਰੋਬਾਰ ਤੋਂ ਬਣਾਈਆਂ ਗਈਆਂ ਜਾਇਦਾਦਾਂ, ਪਲਾਟ ਅਤੇ ਬੈਂਕ ਖਾਤਿਆਂ ਸਬੰਧੀ ਡੂੰਘਾਈ ਨਾਲ ਜਾਂਚ-ਪੜਤਾਲ ਕੀਤੀ ਜਾ ਰਹੀ ਹੈ। ਇਨ੍ਹਾਂ ਜਾਇਦਾਦਾਂ ਨੂੰ ਜ਼ਬਤ ਕੀਤਾ ਜਾਵੇਗਾ। ਨਸ਼ੇ ਵਾਲੀਆਂ ਗੋਲੀਆਂ ਦਾ ਇਹ ਵੱਡਾ ਜ਼ਖੀਰਾ ਕਿਥੋਂ ਲੈ ਕੇ ਆਏ? ਅਤੇ ਇਹ ਕਿਸ ਫੈਕਟਰੀ ਜਾਂ ਕਿਸ ਸਮੱਗਲਰ ਵੱਲੋਂ ਇਨ੍ਹਾਂ ਨੂੰ ਮੁਹੱਈਆ ਕਰਵਾਈਆਂ ਗਈਆਂ? ਸਬੰਧੀ ਤਫਤੀਸ਼ ਜਾਰੀ ਹੈ। ਫਰਾਰ ਮੁਲਜ਼ਮਾਂ ਦੀ ਭਾਲ ਜਾਰੀ ਹੈ।


Karan Kumar

Content Editor

Related News