25 ਹਜ਼ਾਰ ਬਦਲੇ ਗਹਿਣੇ ਰੱਖੀਆਂ 2 ਧੀਆਂ
Thursday, Jan 02, 2020 - 10:43 PM (IST)
ਚੰਡੀਗਡ਼੍ਹ, (ਰਮਨਜੀਤ)- ਲੁਧਿਆਣਾ ਦੇ ਇਕ ਪ੍ਰਵਾਸੀ ਮਜ਼ਦੂਰ ਵਲੋਂ ਕਰਜ਼ੇ ਦੇ ਬਦਲੇ ਆਪਣੀਆਂ 2 ਬੇਟੀਆਂ ਨੂੰ ਫਾਈਨਾਂਸਰ ਕੋਲ ਗਹਿਣੇ ਰੱਖਣ ਦਾ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਦੋਸ਼ ਹੈ ਕਿ ਪ੍ਰਵਾਸੀ ਮਜ਼ਦੂਰ ਨੂੰ ਬੇਟੀਆਂ ਗਹਿਣੇ ਰੱਖਣ ਲਈ ਫਾਈਨਾਂਸਰ ਵਲੋਂ ਮਜਬੂਰ ਕੀਤਾ ਗਿਆ ਤੇ ਇਸ ਲਈ ਉਸ ਨੂੰ ਸਥਾਨਕ ਪੁਲਸ ਦੀ ਇਕ ਮਹਿਲਾ ਅਧਿਕਾਰੀ ਦਾ ਸਾਥ ਵੀ ਮਿਲਿਆ। ਚੰਡੀਗਡ਼੍ਹ ਪ੍ਰੈੱਸ ਕਲੱਬ ’ਚ ਸਾਬਕਾ ਵਿਧਾਇਕ ਤਰਸੇਮ ਜੋਧਾਂ ਤੇ ਪੰਚਾਇਤ ਯੂਨੀਅਨ ਮੋਹਾਲੀ ਦੇ ਪ੍ਰਧਾਨ ਬਲਵਿੰਦਰ ਸਿੰਘ ਕੁੰਭਡ਼ਾ ਨਾਲ ਪੁੱਜੇ ਲੁਧਿਆਣਾ ਦੇ ਅੰਬੇਡਕਰ ਨਗਰ ’ਚ ਰਹਿਣ ਵਾਲੇ ਪ੍ਰਵਾਸੀ ਮਜ਼ਦੂਰ ਰਾਮ ਪ੍ਰਤਾਪ ਅਤੇ ਰਾਮਸ਼ਿਆਮ ਨੇ ਕਿਹਾ ਕਿ ਉਨ੍ਹਾਂ ਨੇ ਪਰਿਵਾਰ ਦੀਆਂ ਜ਼ਰੂਰਤਾਂ ਲਈ ਇਲਾਕੇ ਦੇ ਇਕ ਫਾਈਨਾਂਸਰ ਤੋਂ 25 ਹਜ਼ਾਰ ਰੁਪਏ ਕਰਜ਼ਾ ਲਿਆ ਸੀ। ਕਰਜ਼ੇ ਦੇ ਬਦਲੇ ਫਾਈਨਾਂਸਰ ਵਲੋਂ ਉਨ੍ਹਾਂ ਨੂੰ ਐਫੀਡੇਵਿਟ ਦੇਣ ਨੂੰ ਕਿਹਾ ਗਿਆ, ਜਿਸ ’ਚ ਉਸ ਨੇ ਉਨ੍ਹਾਂ ਦੀਆਂ ਬੇਟੀਆਂ ਨੂੰ ਆਪਣੇ ਕੋਲ ਗਿਰਵੀ ਰੱਖਣ ਦੀ ਗੱਲ ਵੀ ਲਿਖੀ ਹੋਈ ਸੀ। ਉਨ੍ਹਾਂ ਦੋਸ਼ ਲਾਇਆ ਕਿ ਇਹ ਗੱਲ ਫਾਈਨਾਂਸਰ ਨੇ ਧੋਖੇ ਨਾਲ ਲਿਖਵਾਈ ਕਿਉਂਕਿ ਉਨ੍ਹਾਂ ਨੂੰ ਸ਼ੱਕ ਹੈ ਕਿ ਫਾਈਨਾਂਸਰ ਦੀ ਨਜ਼ਰ ਉਨ੍ਹਾਂ ਦੀਆਂ ਬੇਟੀਆਂ ’ਤੇ ਸੀ, ਜਿਨ੍ਹਾਂ ਨੂੰ ਭਰਮਾਉਣ ਲਈ ਪਹਿਲਾਂ ਵੀ ਫਾਈਨਾਂਸਰ ਦੁਆਰਾ ਕਿਸੇ ਔਰਤ ਦੇ ਹੱਥ ਘਰ ਰਾਸ਼ਨ ਭੇਜਿਆ ਜਾਂਦਾ ਰਿਹਾ ਸੀ। ਸਾਬਕਾ ਵਿਧਾਇਕ ਤਰਸੇਮ ਜੋਧਾਂ ਅਤੇ ਬਲਵਿੰਦਰ ਸਿੰਘ ਨੇ ਪੁਲਸ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਜਾਂਚ ਕਰ ਕੇ ਗਰੀਬ ਪਰਿਵਾਰ ਨੂੰ ਇਨਸਾਫ਼ ਦਿਵਾਇਆ ਜਾਵੇ ਅਤੇ ਇਹ ਵੀ ਜਾਂਚ ਕੀਤੀ ਜਾਵੇ ਕਿ ਇਸ ਤਰ੍ਹਾਂ ਉਕਤ ਫਾਈਨਾਂਸਰ ਨੇ ਕਿੰਨੇ ਹੋਰ ਲੋਕਾਂ ਨੂੰ ਆਪਣੇ ਜਾਲ ’ਚ ਫਸਾਇਆ ਹੋਇਆ ਹੈ।