ਪੁਲਸ ਨੇ ਸ਼ੁਰੂ ਕੀਤੀ ਨਵੀਂ ਪਹਿਲ : ਟ੍ਰੈਫ਼ਿਕ ਕਾਨੂੰਨ ਦੀ ਪਾਲਣਾ ਕਰਨ ਵਾਲਿਆਂ ਨੂੰ ਇੰਝ ਕੀਤਾ ਸਨਮਾਨਿਤ

Tuesday, Jan 02, 2024 - 05:46 PM (IST)

ਪੁਲਸ ਨੇ ਸ਼ੁਰੂ ਕੀਤੀ ਨਵੀਂ ਪਹਿਲ : ਟ੍ਰੈਫ਼ਿਕ ਕਾਨੂੰਨ ਦੀ ਪਾਲਣਾ ਕਰਨ ਵਾਲਿਆਂ ਨੂੰ ਇੰਝ ਕੀਤਾ ਸਨਮਾਨਿਤ

ਸਮਰਾਲਾ (ਗਰਗ, ਬੰਗੜ) : ਪੰਜਾਬ ਪੁਲਸ ਨੇ ਨਵੇਂ ਸਾਲ ਦੀ ਸ਼ੁਰੂਆਤ ਮੌਕੇ ਲੋਕਾਂ ਨੂੰ ਸੜਕ ਹਾਦਸਿਆਂ ਤੋਂ ਬਚਾਉਣ ਲਈ ਵਿਸ਼ੇਸ਼ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ। ਇਸ ਦੌਰਾਨ ਵੱਧ ਤੋਂ ਵੱਧ ਲੋਕਾਂ ਨੂੰ ਟ੍ਰੈਫਿਕ ਕਾਨੂੰਨਾਂ ਦੀ ਪਾਲਣਾ ਕਰਨ ਲਈ ਪ੍ਰੇਰਿਤ ਕਰਨ ਦੇ ਮੰਤਵ ਨਾਲ ਪੁਲਸ ਵੱਲੋਂ ਕੈਂਪ ਲਗਾਏ ਜਾ ਰਹੇ ਹਨ। ਸਮਰਾਲਾ ਵਿਖੇ ਐੱਸ. ਐੱਸ. ਪੀ. ਖੰਨਾ ਅਵਨੀਤ ਕੌਂਡਲ ਨੇ ਕੈਂਪ ਦੀ ਅਗਵਾਈ ਕਰਦੇ ਹੋਏ ਸੜਕ ’ਤੇ ਸਫ਼ਰ ਕਰ ਰਹੇ ਲੋਕਾਂ ਨੂੰ ਆਵਾਜਾਈ ਨਿਯਮਾਂ ਬਾਰੇ ਖੁਦ ਜਾਗਰੂਕ ਕੀਤਾ। ਇਸ ਮੌਕੇ ਉਨ੍ਹਾਂ ਸੀਟ ਬੈਲਟ ਲਗਾ ਕੇ ਸਫ਼ਰ ਕਰਨ ਸਮੇਤ ਅਤੇ ਹੋਰ ਨਿਯਮਾਂ ਦੀ ਪਾਲਣਾ ਕਰਨ ਵਾਲੇ ਨਾਗਰਿਕਾਂ ਨੂੰ ‘ਗੁਲਾਬ ਦਾ ਫੁੱਲ’ ਦਿੰਦੇ ਹੋਏ ਸਨਮਾਨਿਤ ਵੀ ਕੀਤਾ। ਬਿਨ੍ਹਾਂ ਹੈਲਮੈਟ ਦੋਪਹੀਆਂ ਵਾਹਨ ਚਾਲਕਾਂ ਨੂੰ ਮੁਫ਼ਤ ’ਚ ਹੈਲਮੈਟ ਵੀ ਵੰਡੇ ਗਏ ਅਤੇ ਰਾਤ ਸਮੇ ਖ਼ਾਸਕਰ ਧੁੰਦ ’ਚ ਹਾਦਸਿਆਂ ਤੋਂ ਬਚਾਓ ਲਈ ਰਿਫਲੈਕਟਰ ਸਮੇਤ ਨਾਈਟ ਸੇਫਟੀ ਜੈਕਟਾਂ ’ਤੇ ਬੈਲਟਾਂ ਦੀ ਵੰਡ ਕੀਤੀ ਗਈ। ਇਸ ਵਿਸ਼ੇਸ਼ ਮੁਹਿੰਮ ਬਾਰੇ ਗੱਲਬਾਤ ਕਰਦਿਆ ਐੱਸ. ਐੱਸ. ਪੀ. ਅਵਨੀਤ ਕੌਂਡਲ ਨੇ ਦੱਸਿਆ ਕਿ ਪੁਲਸ ਜ਼ਿਲ੍ਹਾ ਖੰਨਾ ’ਚ ਪਿੱਛਲੇ ਸਾਲ ਹੀ ਇਸ ਸਪੈਸ਼ਲ ਡਰਾਈਵ ਦੀ ਸ਼ੁਰੂਆਤ ਕੀਤੀ ਗਈ ਹੈ ਅਤੇ ਵੱਖ-ਵੱਖ ਪ੍ਰੋਗਰਾਮਾਂ ਰਾਹੀ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਸੰਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਂਝ ਤਾਂ ਪੁਲਸ ਵੱਲੋਂ ਟ੍ਰੈਫਿਕ ਨਿਯਮਾਂ ਦੀ ਪਾਲਣਾ ਨਾ ਕਰਨ ਵਾਲੇ ਲੋਕਾਂ ਦੇ ਚਾਲਾਣ ਕੱਟੇ ਜਾਂਦੇ ਹਨ ਪਰ ਇਸ ਵਿਸ਼ੇਸ਼ ਮੁਹਿੰਮ ਦੇ ਚਲਦੇ ਲੋਕਾਂ ਨੂੰ ਚਲਾਣ ਕੱਟਣ ਦੀ ਬਜਾਏ ਸਮਝਾਇਆ ਜਾ ਰਿਹਾ ਹੈ, ਕਿ ਉਹ ਖ਼ੁਦ ਦੀ ਹਿਫਾਜਤ ਲਈ ਸੜਕ ਨਿਯਮਾਂ ਦੀ ਪਾਲਣਾ ਕਰਨ।

ਇਹ ਵੀ ਪੜ੍ਹੋ : ਟਰਾਂਸਪੋਰਟਰਾਂ ਦੀ ਹੜਤਾਲ ਤੋਂ ਬਾਅਦ ਬਣੇ ਹਾਲਾਤ ਦਰਮਿਆਨ ਜਲੰਧਰ ਦੇ ਡੀ. ਸੀ. ਦਾ ਬਿਆਨ ਆਇਆ ਸਾਹਮਣੇ 

ਇਸ ਤੋਂ ਪਹਿਲਾ ਸਮਾਗਮ ਨੂੰ ਸੰਬੋਧਨ ਕਰਦਿਆ ਐੱਸ.ਐੱਸ.ਪੀ. ਕੌਂਡਲ ਨੇ ਕਿਹਾ ਕਿ ਬਾਕੀ ਦੇਸ਼ਾਂ ਦੇ ਮੁਕਾਬਲੇ ਭਾਰਤ ’ਚ ਹਾਦਸਿਆਂ ਦੀ ਗਿਣਤੀ ਵੱਧਣ ਦਾ ਮੁੱਖ ਕਾਰਨ ਇਥੋਂ ਦੇ ਲੋਕਾਂ ’ਚ ਸੜਕ ਨਿਯਮਾਂ ਪ੍ਰਤੀ ਜਾਗਰੂਕਤਾ ਦੀ ਘਾਟ ਹੋਣਾ ਹੈ। ਉਨ੍ਹਾਂ ਕਿਹਾ ਕਿ ਭਾਵੇ ਸਮੇਂ-ਸਮੇਂ ਸਿਰ ਲੋਕਾਂ ਨੂੰ ਨਿਯਮਾਂ ਦੀ ਜਾਣਕਾਰੀ ਦੇਣ ਲਈ ਜਾਗਰੂਕਤਾ ਕੈਂਪ ਵੀ ਲਗਾਏ ਜਾਂਦੇ ਹਨ ਪਰ ਫਿਰ ਵੀ ਲੋਕ ਪੂਰੀ ਤਰ੍ਹਾਂ ਨਾਲ ਨਿਯਮਾਂ ਦੀ ਪਾਲਣਾ ਲਈ ਗੰਭੀਰਤਾ ਨਹੀਂ ਵਿਖਾਉਂਦੇ। ਉਨ੍ਹਾਂ ਕਿਹਾ ਕਿ ਸੜਕ ਹਾਦਸਿਆਂ ’ਚ ਅਜਾਈ ਜਾ ਰਹੀਆਂ ਕੀਮਤੀ ਜਾਨਾਂ ਜਾਣ ਦੇ ਅੰਕੜੇ ਤੇਜ਼ੀ ਨਾਲ ਵੱਧ ਰਹੇ ਹਨ। ਇਸ ਲਈ ਦੁਰਘਟਨਾਵਾਂ ਨੂੰ ਘੱਟ ਕਰਨ ਲਈ ਸੜਕ ਨਿਯਮਾਂ ਦੀ ਪਾਲਣਾ ਲਈ ਲੋਕਾਂ ਨੂੰ ਪੁਲਸ ਦੀ ਸਖ਼ਤੀ ਨਾਲੋਂ ਖੁੱਦ ਹੋਰ ਵਧੇਰੇ ਜਾਗਰੂਕ ਹੋਣ ਦੀ ਲੋੜ ਹੈ। ਇਸ ਮੌਕੇ ਪੁਲਸ ਟ੍ਰੈਫਿਕ ਵਿੰਗ ਦੇ ਜ਼ਿਲ੍ਹਾ ਇੰਚਾਰਜ਼ ਡੀ. ਐੱਸ. ਪੀ. ਪਵਨਜੀਤ ਚੌਧਰੀ, ਡੀ. ਐੱਸ. ਪੀ. ਸਮਰਾਲਾ ਜਸਪਿੰਦਰ ਸਿੰਘ ਅਤੇ ਹੋਰ ਪੁਲਸ ਅਧਿਕਾਰੀ ਵੀ ਹਾਜ਼ਰ ਸਨ।

ਇਹ ਵੀ ਪੜ੍ਹੋ : ਮੁੱਖ ਮੰਤਰੀ ਵੱਲੋਂ ਸਾਲ 2024 ਦਾ ਪੰਜਾਬ ਸਰਕਾਰ ਦਾ ਕੈਲੰਡਰ ਅਤੇ ਡਾਇਰੀ ਜਾਰੀ

‘ਜਗ ਬਾਣੀ’ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

Anuradha

Content Editor

Related News