ਪੰਜਾਬ ਦੇ ਇਸ ਪਿੰਡ ਦੀ ਨਵੀਂ ਚੁਣੀ ਪੰਚਾਇਤ ਨੇ ਚੁੱਕਿਆ ਨਿਵੇਕਲਾ ਕਦਮ ; ਬਾਕੀ ਪਿੰਡਾਂ ਲਈ ਵੀ ਪੇਸ਼ ਕੀਤੀ ਮਿਸਾਲ
Saturday, Dec 07, 2024 - 10:35 PM (IST)
ਮੋਗਾ (ਕਸ਼ਿਸ਼ ਸਿੰਗਲਾ)- ਪੰਜਾਬ 'ਚ ਨਸ਼ਿਆਂ ਨੂੰ ਠੱਲ੍ਹ ਪਾਉਣ ਲਈ ਪੰਜਾਬ ਸਰਕਾਰ ਵੱਲੋਂ ਵੱਡੇ-ਵੱਡੇ ਉਪਰਾਲੇ ਕੀਤੇ ਜਾ ਰਹੇ ਹਨ ਤੇ ਨਸ਼ਾ ਤਸਕਰਾਂ 'ਤੇ ਵੀ ਸ਼ਿਕੰਜੇ ਕੱਸੇ ਜਾ ਰਹੇ ਹਨ। ਇਸ ਤੋਂ ਇਲਾਵਾ ਜੋ ਨੌਜਵਾਨ ਨਸ਼ੇ ਵਿੱਚ ਡੁੱਬੇ ਹੋਏ ਹਨ, ਉਨ੍ਹਾਂ ਦਾ ਇਲਾਜ ਵੀ ਨਸ਼ਾ ਛੁਡਾਊ ਕੇਂਦਰ ਵਿੱਚ ਫ੍ਰੀ ਕੀਤੇ ਜਾ ਰਹੇ ਹਨ।
ਜੇਕਰ ਗੱਲ ਨਵੇਂ ਬਣੇ ਸਰਪੰਚਾਂ ਦੀ ਕੀਤੀ ਜਾਵੇ ਤਾਂ ਸਰਪੰਚ ਵੀ ਇਸ ਕੰਮ ਵੀ ਅੱਗੇ ਆ ਰਹੇ ਹਨ। ਇਸੇ ਸਿਲਸਿਲੇ 'ਚ ਨਸ਼ੇ ਨੂੰ ਠੱਲ੍ਹ ਪਾਉਣ ਲਈ ਮੋਗਾ ਜ਼ਿਲ੍ਹੇ ਦੇ ਹਲਕਾ ਨਿਹਾਲ ਸਿੰਘ ਵਾਲਾ ਦੇ ਪਿੰਡ ਧੂੜਕੋਟ ਰਣਸੀਂਹ ਦੀ ਪੰਚਾਇਤ ਵੱਲੋਂ ਇਕ ਅਜਿਹਾ ਫ਼ੈਸਲਾ ਲਿਆ ਗਿਆ ਹੈ ਜੋ ਕਿ ਬਾਕੀ ਪਿੰਡਾਂ ਲਈ ਵੀ ਇਕ ਚੰਗੀ ਉਦਾਹਰਨ ਪੇਸ਼ ਕਰ ਰਿਹਾ ਹੈ। ਜੇਕਰ ਕੋਈ ਨਸ਼ਾ ਵੇਚਦਾ ਹੈ ਜਾਂ ਕੋਈ ਵਿਅਕਤੀ ਨਸ਼ਾ ਤਸਕਰਾਂ ਦੀ ਕਿਸੇ ਵੀ ਤਰ੍ਹਾਂ ਦੀ ਮਦਦ ਕਰਦਾ ਹੈ ਤਾਂ ਉਸ ਦੇ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਇਸ ਪਿੰਡ ਦੀ ਕੁੱਲ ਵੋਟ 6,000 ਦੇ ਕਰੀਬ ਹੈ ਤੇ ਪਿੰਡ ਧੂੜਕੋਟ ਰਣਸੀਂਹ ਦੀ ਪੰਜਾਬ ਭਰ ਵਿੱਚੋਂ ਪਹਿਲੀ ਸਰਬਸੰਮਤੀ ਹੋਈ ਸੀ।
ਇਹ ਵੀ ਪੜ੍ਹੋ- ਪੰਜਾਬ 'ਚ ਇਕ ਵਿਆਹ ਅਜਿਹਾ ਵੀ ; ਜਦੋਂ 'ਲਾੜੀ' ਲੱਭਦੇ-ਲੱਭਦੇ ਥਾਣੇ ਪੁੱਜ ਗਈ ਬਰਾਤ...
ਗੱਲਬਾਤ ਕਰਦਿਆਂ ਹੋਇਆਂ ਪਿੰਡ ਧੂੜਕੋਟ ਰਣਸੀਂਹ ਦੀ ਸਰਪੰਚ ਕਰਮਜੀਤ ਕੌਰ ਨੇ ਕਿਹਾ ਕਿ ਪਿੰਡ ਦੀ ਪੰਚਾਇਤ ਵੱਲੋਂ ਇੱਕ ਮਤਾ ਪਾਸ ਕੀਤਾ ਗਿਆ ਹੈ, ਜਿਸ 'ਚ ਨਸ਼ਾ ਤਸਕਰਾਂ ਨੂੰ ਸਖ਼ਤ ਤਾੜਨਾ ਕੀਤੀ ਗਈ ਹੈ ਕਿ ਕੋਈ ਵੀ ਵਿਅਕਤੀ ਪਿੰਡ ਵਿਚ ਨਸ਼ਾ ਨਹੀਂ ਵੇਚੇਗਾ ਅਤੇ ਦੁਕਾਨਦਾਰਾਂ ਨੂੰ ਵੀ ਕਿਹਾ ਗਿਆ ਹੈ ਪਿੰਡ ਦੇ ਕਰਿਆਨਾ ਸਟੋਰਾਂ 'ਤੇ ਕਿਸੇ ਵੀ ਤਰ੍ਹਾਂ ਦੀ ਬੀੜੀ-ਜਰਦਾ ਆਦਿ ਨਹੀਂ ਵੇਚਿਆ ਜਾਵੇਗਾ। ਜੇਕਰ ਹੁਕਮਾਂ ਦੇ ਬਾਵਜੂਦ ਕੋਈ ਦੁਕਾਨਦਾਰ ਨਸ਼ਾ ਵੇਚਦਾ ਹੈ ਤਾਂ ਉਸ ਨੂੰ 10 ਹਜ਼ਾਰ ਰੁਪਏ ਦਾ ਜੁਰਮਾਨਾ ਲਗਾਇਆ ਜਾਵੇਗਾ।
ਇਸ ਤੋਂ ਇਲਾਵਾ ਪਿੰਡ 'ਚ ਬਣੇ ਮੈਡੀਕਲ ਸਟੋਰ ਵਾਲਿਆਂ ਨੂੰ ਵੀ ਚੇਤਾਵਨੀ ਦਿੱਤੀ ਗਈ ਹੈ ਕਿ ਪਿੰਡ ਦੇ ਵਿੱਚ ਕੋਈ ਵੀ ਨਸ਼ੀਲੀ ਦਵਾਈ ਜਾਂ ਕੋਈ ਟੀਕਾ ਜਾਂ ਸਰਿੰਜ ਨਹੀਂ ਵੇਚੇਗਾ। ਉੁਨ੍ਹਾਂ ਕਿਹਾ ਕਿ ਜੇਕਰ ਪਿੰਡ ਦਾ ਕੋਈ ਵੀ ਨਸ਼ਾ ਤਸਕਰ ਫੜਿਆ ਜਾਂਦਾ ਹੈ ਤਾਂ ਕੋਈ ਵੀ ਪਿੰਡ ਵਾਸੀ ਉਸ ਦੀ ਜ਼ਮਾਨਤ ਨਹੀਂ ਦੇਵੇਗਾ। ਜੇਕਰ ਫਿਰ ਵੀ ਨਸ਼ਾ ਤਸਕਰ ਦੀ ਕੋਈ ਸਾਥ ਦਿੰਦਾ ਹੈ ਤਾਂ ਉਸ ਦੇ ਉੱਪਰ ਵੀ ਬਣਦੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਹੋਰ ਪਿੰਡਾਂ ਨੂੰ ਵੀ ਇਹ ਸੁਨੇਹਾ ਦਿੰਦਿਆਂ ਕਿਹਾ ਕਿ ਹੋਰ ਪਿੰਡਾਂ ਦੀਆਂ ਨਵੀਆਂ ਚੁਣੀਆਂ ਪੰਚਾਇਤਾਂ ਵੀ ਇਸ ਤਰ੍ਹਾਂ ਦੇ ਮਤੇ ਪਾ ਕੇ ਨੌਜਵਾਨਾਂ ਦੀ ਜਵਾਨੀ ਨੂੰ ਨਸ਼ਿਆਂ ਦੀ ਦਲਦਲ ਵਿੱਚੋਂ ਬਾਹਰ ਕੱਢਣ ਦਾ ਯਤਨ ਕਰਨ।
ਇਹ ਵੀ ਪੜ੍ਹੋ- ਪਹਿਲਾਂ DJ 'ਤੇ ਇਕੱਠਿਆਂ ਪਾਇਆ ਭੰਗੜਾ, ਫ਼ਿਰ ਪਿਓ-ਪੁੱਤ ਨੇ ਕਰ'ਤਾ ਨੌਜਵਾਨ ਦਾ ਕਤਲ
ਇਸ ਮੌਕੇ ਪਿੰਡ ਵਾਸੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਵੀ ਪਿੰਡ ਧੂੜਕੋਟ ਰਣਸੀਂਹ ਦੀ ਪੰਚਾਇਤ ਦਾ ਸਮਰਥਨ ਕੀਤਾ ਤੇ ਪੰਚਾਇਤ ਦੇ ਇਸ ਫ਼ੈਸਲੇ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸਾਰੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਵੀ ਇਸ ਤਰ੍ਹਾਂ ਦੇ ਮਤੇ ਪਾਉਣੇ ਚਾਹੀਦੇ ਹਨ ਤਾਂ ਜੋ ਪੰਜਾਬ ਨਸ਼ਾ ਮੁਕਤ ਹੋ ਸਕੇ।
ਇਹ ਵੀ ਪੜ੍ਹੋ- ਕੰਬਾਈਨ ਸਾਫ਼ ਕਰਦੇ ਨੌਜਵਾਨ ਨਾਲ ਹੋ ਗਈ ਅਣਹੋਣੀ, ਸਰੀਰ ਨਾਲੋਂ ਲੱਤ ਹੀ ਹੋ ਗਈ ਵੱਖ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e