ਇਸ ਯੂਨੀਅਨ ਨੇ ਲਈ PM ਮੋਦੀ ਦਾ ਰਸਤਾ ਰੋਕਣ ਦੀ ਜ਼ਿੰਮੇਵਾਰੀ, ਕਿਸਾਨਾਂ ਨੂੰ ਦਿੱਤੀ ਵਧਾਈ

Thursday, Jan 06, 2022 - 06:21 PM (IST)

ਭਾਈਰੂਪਾ (ਸ਼ੇਖਰ): ਬੀਤੇ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਫਿਰੋਜ਼ਪੁਰ ਰੈਲੀ ਵਿਚ ਜਾਣ ਸਮੇਂ ਕਿਸਾਨਾਂ ਵੱਲੋਂ ਜੋ ਸੜਕੀ ਜਾਮ ਲਾਇਆ ਗਿਆ, ਜਿਸ ਕਾਰਨ ਪ੍ਰਧਾਨ ਮੰਤਰੀ ਦੇ ਕਾਫ਼ਿਲੇ ਨੂੰ 20 ਮਿੰਟ ਰਸਤੇ ਵਿਚ ਰੁਕਣਾ ਪਿਆ, ਉਸ ਦੀ ਜ਼ਿੰਮੇਵਾਰੀ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਨੇ ਲਈ ਹੈ। ਇਸ ਜਥੇਬੰਦੀ ਦੇ ਸੂਬਾ ਪ੍ਰਧਾਨ ਸੁਰਜੀਤ ਸਿੰਘ ਫੂਲ ਜੋ ਕਿ ਸੰਯੁਕਤ ਕਿਸਾਨ ਮੋਰਚੇ ਦੇ ਪ੍ਰਮੁੱਖ ਆਗੂ ਹਨ, ਨੇ ਇਕ ਵੀਡੀਓ ਸੰਦੇਸ਼ ਜਾਰੀ ਕਰ ਕੇ ਆਪਣੇ ਕਾਰਕੁਨਾਂ ਨੂੰ ਇਸ ਲਈ ਵਧਾਈ ਵੀ ਦਿੱਤੀ ਹੈ।

ਇਹ ਵੀ ਪੜ੍ਹੋ : ਬਲਬੀਰ ਰਾਜੇਵਾਲ ਦੇ ਬਿਆਨ ਨਾਲ 'ਆਪ' 'ਚ ਮਚੀ ਹਲਚਲ

ਸੁਰਜੀਤ ਫੂਲ ਨੇ ਵੀਡੀਓ ’ਚ ਕਿਹਾ ਕਿ ਫਿਰੋਜ਼ਪੁਰ-ਮੋਗਾ ਰੋਡ ’ਤੇ ਪਿੰਡ ਰੱਤਾਖੇੜਾ ਨੇੜੇ ਉਨ੍ਹਾਂ ਦੀ ਯੂਨੀਅਨ ਦੇ ਵਰਕਰਾਂ ਨੇ ਸੂਬਾ ਜਨਰਲ ਸਕੱਤਰ ਬਲਦੇਵ ਸਿੰਘ ਜ਼ੀਰਾ ਦੀ ਅਗਵਾਈ ਹੇਠ ਜਾਮ ਲਾਇਆ ਅਤੇ ਪੁਲਸ ਦੇ ਨਾਲ-ਨਾਲ ਭਾਜਪਾ ਆਗੂਆਂ ਦਾ ਡਟ ਕੇ ਸਾਹਮਣਾ ਕੀਤਾ। ਅਜਿਹੀ ਸਥਿਤੀ ਵਿਚ ਭਾਜਪਾ ਆਗੂਆਂ ਨੂੰ ਕੱਚੇ ਰਾਹਾਂ ਵਿਚ ਦੀ ਭੱਜਣਾ ਪਿਆ, ਜਿਸ ਤਰ੍ਹਾਂ ਦਿੱਲੀ ਵਿਚ ਭਾਜਪਾ ਸਰਕਾਰ ਨੇ ਕਿਸਾਨਾਂ ਨਾਲ ਕੀਤਾ ਸੀ ਤਾਂ ਉਨ੍ਹਾਂ ਨੂੰ ਉਸੇ ਤਰ੍ਹਾਂ ਦਾ ਜਵਾਬ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਸਾਡੀ ਜਥੇਬੰਦੀ ਸਿਰਫ਼ ਭਾਸ਼ਣ ਦੇਣ ਵਿਚ ਵਿਸ਼ਵਾਸ ਨਹੀਂ ਰੱਖਦੀ, ਸਗੋਂ ਹੱਕਾਂ ਖ਼ਾਤਰ ਲੜਨ ਨੂੰ ਪਹਿਲ ਦਿੰਦੀ ਹੈ। ਇਸ ਸਬੰਧੀ ਜਥੇਬੰਦੀ ਦੇ ਜਨਰਲ ਸਕੱਤਰ ਬਲਦੇਵ ਸਿੰਘ ਜ਼ੀਰਾ ਵੱਲੋਂ ਆਪਣੀ ਫੇਸਬੁੱਕ ’ਤੇ ਵੀ ਪੋਸਟ ਕਰ ਕੇ ਮੋਦੀ ਨੂੰ 20 ਮਿੰਟ ਰੋਕਣ ਦੀ ਗੱਲ ਮੰਨੀ ਗਈ ਹੈ।

PunjabKesari

ਇਸ ਮਾਮਲੇ 'ਤੇ ਸਿਆਸਤ ਪੂਰੀ ਤਰ੍ਹਾਂ ਭਖ ਗਈ ਹੈ।ਜਿੱਥੇ ਇੱਕ ਪਾਸੇ ਕੇਂਦਰ ਸਰਕਾਰ ਦੇ ਮੰਤਰੀ ਪੰਜਾਬ ਸਰਕਾਰ ਨੂੰ ਨਿਸ਼ਾਨੇ 'ਤੇ ਲੈ ਰਹੇ ਹਨ ਉਥੇ ਹੀ ਆਮ ਆਦਮੀ ਪਾਰਟੀ ਦੇ ਆਗੂ ਰਾਘਵ ਚੱਢਾ, ਭਗਵੰਤ ਮਾਨ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਵੀ ਪੰਜਾਬ ਸਰਕਾਰ 'ਤੇ ਵੱਡੇ ਸਵਾਲ ਚੁੱਕੇ ਹਨ। ਪੰਜਾਬ ਕਾਂਗਰਸ ਇਸ ਮੁੱਦੇ 'ਤੇ ਬਚਾਅ 'ਚ ਉੱਤਰ ਆਈ ਹੈ ਅਤੇ ਮੁੱਖ ਮੰਤਰੀ ਸਮੇਤ ਵੱਡੇ ਆਗੂਆਂ ਨੇ ਇਸ ਰੈਲੀ ਦੇ ਰੱਦ ਹੋਣ ਦਾ ਕਾਰਨ ਖ਼ਰਾਬ ਮੌਸਮ ਅਤੇ ਲੋਕਾਂ ਦੀ ਭੀੜ ਨਾ ਹੋਣਾ ਦੱਸਿਆ ਹੈ। ਮੁੱਖ ਮੰਤਰੀ ਨੇ ਕਿਹਾ ਹੈ ਕਿ ਇਹ ਪੰਜਾਬ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।

ਨੋਟ : ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦੱਸੋ

 

 


Harnek Seechewal

Content Editor

Related News