ਫੁਟੇਜ ਵੇਖ ਕੇ ਵਿਕਾਸ ਬਰਾਲਾ ਬੋਲਿਆ-ਇਹ ਗੱਡੀ ਮੇਰੀ ਨਹੀਂ

Friday, Aug 11, 2017 - 08:03 AM (IST)

ਫੁਟੇਜ ਵੇਖ ਕੇ ਵਿਕਾਸ ਬਰਾਲਾ ਬੋਲਿਆ-ਇਹ ਗੱਡੀ ਮੇਰੀ ਨਹੀਂ

ਚੰਡੀਗੜ੍ਹ  (ਸੁਸ਼ੀਲ) - ਹਰਿਆਣਾ ਦੇ ਆਈ. ਏ. ਐੈੱਸ. ਦੀ ਬੇਟੀ ਦੀ ਗੱਡੀ ਜ਼ਬਰਦਸਤੀ ਰੋਕ ਕੇ ਬੇਟੀ ਨੂੰ ਅਗਵਾ ਕਰਨ ਦੀ ਕੋਸ਼ਿਸ਼ ਦੇ ਮਾਮਲੇ 'ਚ ਚੰਡੀਗੜ੍ਹ ਪੁਲਸ ਸੀ. ਸੀ. ਟੀ. ਵੀ. ਫੁਟੇਜ ਨੂੰ ਅਹਿਮ ਸਬੂਤ ਮੰਨ ਰਹੀ ਹੈ ਪਰ ਵੀਰਵਾਰ ਨੂੰ ਜਦੋਂ ਪੁਲਸ ਸੀ. ਸੀ. ਟੀ. ਵੀ. ਫੁਟੇਜ ਦਿਖਾ ਕੇ ਗੱਡੀ ਦੀ ਪਛਾਣ ਕਰਵਾਉਣ ਲੱਗੀ ਤਾਂ ਵਿਕਾਸ ਬਰਾਲਾ ਨੇ ਕਿਹਾ ਕਿ ਉਹ ਉਸ ਦੀ ਗੱਡੀ ਨਹੀਂ ਹੈ। ਵਿਕਾਸ ਬਰਾਲਾ ਨੇ ਕਿਹਾ ਕਿ ਉਹ ਕਿਸੇ ਲੜਕੀ ਦਾ ਪਿੱਛਾ ਨਹੀਂ ਕਰ ਰਿਹਾ ਸੀ। ਉਹ ਆਪਣੇ ਦੋਸਤ ਆਸ਼ੀਸ਼ ਨਾਲ ਪੰਚਕੂਲਾ ਜਾ ਰਿਹਾ ਸੀ। ਉਸ ਸਮੇਂ ਉਹ ਗੱਡੀ ਚਲਾ ਰਿਹਾ ਸੀ ਤੇ ਆਸ਼ੀਸ਼ ਸਾਈਡ ਵਾਲੀ ਸੀਟ 'ਤੇ ਬੈਠਾ ਹੋਇਆ ਸੀ।  ਸੂਤਰਾਂ ਤੋਂ ਪਤਾ ਲੱਗਾ ਹੈ ਕਿ ਪੁਲਸ ਕੋਲ ਜਿਹੜੀ ਸੀ. ਸੀ. ਟੀ. ਵੀ. ਫੁਟੇਜ ਹੈ, ਉਸ 'ਚ ਇਹ ਪਤਾ ਨਹੀਂ ਲੱਗ ਰਿਹਾ ਹੈ ਕਿ ਬਲੈਕ ਤੇ ਵਾਈਟ ਗੱਡੀ ਕਿਸ ਕੰਪਨੀ ਦੀ ਹੈ ਤੇ ਉਨ੍ਹਾਂ 'ਤੇ ਨੰਬਰ ਕੀ ਲੱਗਾ ਹੋਇਆ ਹੈ। ਸੀ. ਸੀ. ਟੀ. ਵੀ. ਫੁਟੇਜ ਸਾਫ ਨਾ ਹੋਣ ਕਾਰਨ ਚੰਡੀਗੜ੍ਹ ਪੁਲਸ ਆਈ. ਏ. ਐੈੱਸ. ਦੀ ਬੇਟੀ ਦਾ ਪਿੱਛਾ ਕਰਨਾ, ਜ਼ਬਰਦਸਤੀ ਰਾਹ ਰੋਕਣਾ ਤੇ ਅਗਵਾ ਕਰਨ ਦੇ ਯਤਨ ਦਾ ਕੇਸ ਅਦਾਲਤ 'ਚ ਸਾਬਤ ਨਹੀਂ ਕਰ ਸਕੇਗੀ।
ਸ਼ਰਮ ਇੰਨੀ : ਮੂੰਹ ਲੁਕਾਇਆ ਹੋਇਆ ਸੀ ਮੁਲਜ਼ਮਾਂ ਨੇ
ਵਿਕਾਸ ਬਰਾਲਾ ਤੇ ਆਸ਼ੀਸ਼ ਨੂੰ ਪੁਲਸ ਜਦੋਂ ਜ਼ਿਲਾ ਅਦਾਲਤ 'ਚ ਲੈ ਕੇ ਪਹੁੰਚੀ ਤਾਂ ਦੋਵਾਂ ਨੇ ਆਪਣਾ ਮੂੰਹ ਰੁਮਾਲ ਨਾਲ ਢਕਿਆ ਹੋਇਆ ਸੀ। ਪੌੜ੍ਹੀਆਂ 'ਤੇ ਚੜ੍ਹਦੇ ਸਮੇਂ ਵੀ ਮੁਲਜ਼ਮਾਂ ਨੇ ਰੁਮਾਲ ਨਹੀਂ ਹਟਾਇਆ। 
ਪੁਲਸ ਨੇ ਪੇਸ਼ੀ ਦੌਰਾਨ ਦਿੱਤਾ ਚਕਮਾ
ਮੁਲਜ਼ਮਾਂ ਦੀ ਪੇਸ਼ੀ ਸਮੇਂ ਪੁਲਸ ਵੀ ਚਕਮਾ ਦੇਣ ਦੀ ਕੋਸ਼ਿਸ਼ 'ਚ ਰਹੀ ਤਾਂ ਕਿ ਮੀਡੀਆ ਨੂੰ ਭਿਣਕ ਨਾ ਲੱਗ ਸਕੇ। ਮੁਲਜ਼ਮਾਂ ਨੂੰ ਪੇਸ਼ ਤਾਂ ਕੋਰਟ ਕੰਪਲੈਕਸ ਦੇ ਮੁੱਖ ਗੇਟ ਤੋਂ ਕੀਤਾ ਗਿਆ, ਜਦੋਂਕਿ ਪੁਲਸ ਕੋਰਟ ਦੇ ਪਿਛਲੇ ਗੇਟ 'ਤੇ ਤਾਇਨਾਤ ਕੀਤੀ ਹੋਈ ਸੀ।  
ਅਗ਼ਵਾ ਕਰਨਾ ਹੁੰਦਾ ਤਾਂ ਗੱਡੀ ਨੂੰ ਟੱਕਰ ਮਾਰਦੇ
ਪੁਲਸ ਨੂੰ ਮਿਲੀ ਸੀ. ਸੀ. ਟੀ. ਵੀ. ਫੁਟੇਜ 'ਚ ਮੁਲਜ਼ਮ ਕਿਤੇ ਵੀ ਗੱਡੀ ਰੋਕਣ ਦਾ ਯਤਨ ਕਰਦੇ ਜਾਂ ਗੱਡੀ ਖੋਲ੍ਹਦੇ ਦਿਖਾਈ ਨਹੀਂ ਦੇ ਰਹੇ ਹਨ। ਇਸ ਤੋਂ ਇਲਾਵਾ ਵਿਕਾਸ ਨੇ ਕਿਹਾ ਕਿ ਉਹ ਹੈਰਾਨ ਹੋ ਗਏ ਜਦੋਂ ਹਾਊਸਿੰਗ ਬੋਰਡ ਲਾਈਟ ਪੁਆਇੰਟ 'ਤੇ ਪੀ. ਸੀ. ਆਰ. ਕਰਮਚਾਰੀਆਂ ਨੇ ਗੱਡੀ ਰੋਕ ਕੇ ਉਨ੍ਹਾਂ ਨੂੰ ਜਿਪਸੀ 'ਚ ਬਿਠਾ ਲਿਆ।
ਵਿਕਾਸ ਬਰਾਲਾ ਨੇ ਪੁਲਸ ਨੂੰ ਦੱਸਿਆ ਕਿ ਜਿਸ ਸਮੇਂ ਉਨ੍ਹਾਂ ਨੂੰ ਜਿਪਸੀ 'ਚ ਬਿਠਾ ਕੇ ਪੁਲਸ ਸਟੇਸ਼ਨ ਸੈਕਟਰ-26 ਲੈ ਜਾਇਆ ਗਿਆ, ਉਸ ਦੇ ਥੋੜ੍ਹੀ ਦੇਰ ਬਾਅਦ ਇਕ ਲੜਕੀ ਆਪਣੇ ਪਿਤਾ ਨਾਲ ਆਈ ਤੇ ਉਨ੍ਹਾਂ 'ਤੇ ਗੱਡੀ ਰੋਕ ਕੇ ਪਿੱਛਾ ਕਰਨ ਦੇ ਦੋਸ਼ ਲਾਉਣ ਲੱਗੀ। ਵਿਕਾਸ ਬਰਾਲਾ ਨੇ ਪੁਲਸ ਨੂੰ ਕਿਹਾ ਕਿ ਗੱਡੀ ਦੇ ਪਿੱਛੇ ਜਾਣਾ ਕੋਈ ਜੁਰਮ ਨਹੀਂ ਹੈ। ਜੇਕਰ ਉਨ੍ਹਾਂ ਨੇ ਆਈ. ਏ. ਐੈੱਸ. ਦੀ ਬੇਟੀ ਨੂੰ ਅਗਵਾ ਹੀ ਕਰਨਾ ਹੁੰਦਾ ਤਾਂ ਗੱਡੀ 'ਚ ਟੱਕਰ ਮਾਰ ਕੇ ਉਸ ਨੂੰ ਕਿਤੇ ਵੀ ਰੋਕ ਕੇ ਅਗਵਾ ਕਰ ਲੈਂਦੇ। ਬਰਾਲਾ ਨੇ ਕਿਹਾ ਕਿ ਉਹ ਆਪਣੇ ਦੋਸਤ ਨਾਲ ਐਲਾਂਤੇ ਮਾਲ ਤੋਂ ਬੂਟ ਬਦਲਵਾ ਕੇ ਆ ਰਹੇ ਸਨ ਕਿ ਅਚਾਨਕ ਪੰਚਕੂਲਾ ਵੱਲ ਜਾਣ ਦਾ ਪ੍ਰੋਗਰਾਮ ਬਣ ਗਿਆ। 
ਉਥੇ ਹੀ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਚੈਨਲ 'ਤੇ ਚੱਲੀ ਸੀ. ਸੀ. ਟੀ. ਵੀ. ਫੁਟੇਜ ਨੂੰ ਵੇਖ ਕੇ ਹਰਿਆਣਾ ਆਈ. ਏ. ਐੈੱਸ. ਦੀ ਬੇਟੀ ਵੀ ਆਪਣੀ ਗੱਡੀ ਪਛਾਣਨ ਤੋਂ ਇਨਕਾਰ ਕਰ ਚੁੱਕੀ ਹੈ। ਵਿਕਾਸ ਬਰਾਲਾ ਤੇ ਆਸ਼ੀਸ਼ ਨੂੰ ਜ਼ਿਲਾ ਅਦਾਲਤ ਲੈ ਕੇ ਜਾਣ ਤੋਂ ਪਹਿਲਾਂ ਐੈੱਸ. ਐੈੱਸ. ਪੀ. ਈਸ਼ ਸਿੰਘਲ ਸੈਕਟਰ-26 ਪੁਲਸ ਸਟੇਸ਼ਨ ਪਹੁੰਚੇ। 
ਭੀੜ ਦੇਖ ਕੇ ਜੱਜ ਬੋਲੇ-ਲਕਸ਼ਮਣ ਰੇਖਾ ਨਾ ਲੰਘੋ
ਕੋਰਟ ਰੂਮ ਅੰਦਰ ਵਿਟਨੈੱਸ ਬਾਕਸ ਦੇ ਆਸ-ਪਾਸ ਵਾਧੂ ਭੀੜ ਦੇਖ ਕੇ ਜੱਜ ਨੂੰ ਵੀ ਕਹਿਣਾ ਪਿਆ ਕਿ 'ਲਛਮਣ ਰੇਖਾ ਨਾ ਲੰਘੋ'। ਵਕੀਲਾਂ ਦੀ ਭੀੜ ਦੇਖ ਕੇ ਵੀ ਜੱਜ ਨੂੰ ਮਜ਼ਾਕ 'ਚ ਕਹਿਣਾ ਪਿਆ ਕਿ ਵਕੀਲ ਸਾਹਿਬ ਕੇਸ ਦੀ ਤਰੀਕ 'ਚ ਤਾਂ ਆਉਂਦੇ ਨਹੀਂ, ਅੱਜ ਇਥੇ ਕਿਵੇਂ ਆ ਗਏ? ਇਸ 'ਤੇ ਵੀ ਸਾਰੇ ਹੱਸਣ ਲੱਗੇ।
ਸਮਰਥਕਾਂ ਨੇ ਫੇਸਬੁੱਕ 'ਤੇ ਬਣਾਇਆ ਪੇਜ 'ਜਸਟਿਸ ਫਾਰ ਵਿਕਾਸ ਬਰਾਲਾ'
ਵਿਕਾਸ ਬਰਾਲਾ ਦੇ ਗ੍ਰਿਫ਼ਤਾਰ ਹੋਣ ਤੋਂ ਬਾਅਦ ਉਨ੍ਹਾਂ ਦੇ ਸਮਰਥਕਾਂ ਵਲੋਂ ਫੇਸਬੁੱਕ 'ਤੇ ਇਕ ਪੇਜ ਬਣਾਇਆ ਗਿਆ ਹੈ, ਜਿਸ ਨੂੰ ਨਾਂ ਦਿੱਤਾ ਗਿਆ ਹੈ 'ਜਸਟਿਸ ਫਾਰ ਵਿਕਾਸ ਬਰਾਲਾ', ਇਸ 'ਚ ਉਨ੍ਹਾਂ ਦੇ ਸਮਰਥਕਾਂ ਵਲੋਂ ਇਕ ਪੋਸਟ ਪਾ ਕੇ ਘਟਨਾ ਵਾਲੀ ਰਾਤ ਦੀ ਜਾਣਕਾਰੀ ਦਿੱਤੀ ਗਈ ਹੈ। ਇਸ 'ਚ ਕਿਹਾ ਗਿਆ ਹੈ ਕਿ ਵਰਨਿਕਾ ਕੁੰਡੂ ਨੇ ਖੁਦ ਮੰਨਿਆ ਹੈ ਕਿ ਘਟਨਾ ਵਾਲੇ ਦਿਨ ਵਿਕਾਸ ਦੀ ਗੱਡੀ ਕਿਸੇ ਹੋਰ ਗੱਡੀ ਨਾਲ ਟਕਰਾ ਗਈ ਸੀ, ਜਿਸ ਤੋਂ ਬਾਅਦ ਵਿਕਾਸ ਨੇ ਆਸ਼ੀਸ਼ ਦੇ ਕਹਿਣ 'ਤੇ ਗੱਡੀ ਦਾ ਪਿੱਛਾ ਕਰਨਾ ਸ਼ੁਰੂ ਕੀਤਾ। ਹਾਊਸਿੰਗ ਬੋਰਡ ਲਾਈਟਾਂ 'ਤੇ ਪਹੁੰਚਦਿਆਂ ਹੀ ਆਸ਼ੀਸ਼ ਗੱਡੀ 'ਚੋਂ ਬਾਹਰ ਨਿਕਲਿਆ ਤੇ ਉਸ ਨੇ ਦੇਖਿਆ ਕਿ ਕਾਰ 'ਚ ਲੜਕੀ ਬੈਠੀ ਹੈ, ਜਿਸ ਤੋਂ ਬਾਅਦ ਉਹ ਵਾਪਸ ਆਪਣੀ ਕਾਰ ਵੱਲ ਜਾਣ ਲੱਗਾ ਤਾਂ ਐਨੇ 'ਚ ਪੁਲਸ ਉਥੇ ਪਹੁੰਚ ਗਈ ਤੇ ਦੋਵਾਂ ਨੂੰ ਫੜ ਕੇ ਥਾਣੇ ਲੈ ਗਈ।  


Related News