ਬਰਸਾਤਾਂ ਦੇ ਦਿਨਾਂ ''ਚ ''ਮਿੰਨੀ ਸ਼੍ਰੀਲੰਕਾ'' ਬਣ ਜਾਂਦੈ ਇਹ ਪੰਜਾਬ ਦਾ ਇਹ ਇਲਾਕਾ, ਪੂਰੀ ਦੁਨੀਆ ਤੋਂ ਟੁੱਟ ਜਾਂਦੈ ਸੰਪਰਕ (ਵੀਡੀਓ)

07/03/2017 3:17:45 PM

ਕਪੂਰਥਲਾ— ਪੰਜਾਬ ਵਿਚ ਪ੍ਰੀ-ਮਾਨਸੂਨ ਕਾਰਨ ਹੋਈ ਬਰਸਾਤ ਨੇ ਪ੍ਰਬੰਧਾਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ ਅਤੇ ਇਸ ਕਰਕੇ ਕਪੂਰਥਲਾ ਦੇ ਮੰਡ ਇਲਾਕੇ ਦੀਆਂ ਮੁਸ਼ਕਿਲਾਂ ਵਧ ਗਈਆਂ ਹਨ। ਅਸਲ ਵਿਚ ਬਰਸਾਤਾਂ ਦੇ ਦਿਨਾਂ ਵਿਚ ਤਿੰਨ-ਚਾਰ ਮਹੀਨਿਆਂ ਲਈ ਇਹ ਇਲਾਕਾ ਇਕ ਟਾਪੂ ਵਿਚ ਤਬਦੀਲ ਹੋ ਜਾਂਦਾ ਹੈ ਅਤੇ ਇਸ ਦਾ ਪੂਰੀ ਦੁਨੀਆ ਤੋਂ ਸੰਪਰਕ ਟੁੱਟ ਜਾਂਦਾ ਹੈ। ਇਸ ਕਰਕੇ ਇਸ ਇਲਾਕੇ ਨੂੰ 'ਮਿੰਨੀ ਸ਼੍ਰੀਲੰਕਾ' ਵੀ ਕਿਹਾ ਜਾਂਦਾ ਹੈ। 
ਪ੍ਰਸ਼ਾਸਨ ਨੇ ਮਾਨਸੂਨ ਤੋਂ ਪਹਿਲਾਂ ਇਸ ਇਲਾਕੇ ਸਮੇਤ ਬਿਆਸ ਦਰਿਆ ਨਾਲ ਲੱਗਦੇ 12 ਪਿੰਡਾਂ ਨੂੰ ਬਾਕੀ ਦੁਨੀਆ ਨਾਲ ਜੋੜਨ ਵਾਲੇ ਪਲਟੂਨ ਪੁੱਲ ਨੂੰ ਖੋਲ੍ਹਣ ਦੀ ਕੋਸ਼ਿਸ਼ ਕੀਤੀ ਤਾਂ ਲੋਕਾਂ ਨੇ ਇੱਥੇ ਧਰਨਾ ਲਗਾ ਦਿੱਤਾ। ਲੋਕਾਂ ਦਾ ਇਲਜ਼ਾਮ ਹੈ ਕਿ ਦਰਿਆ ਵਿਚ ਪਾਣੀ ਭਰਨ ਤੋਂ ਪਹਿਲਾਂ ਪੁੱਲ ਖੋਲ੍ਹਿਆ ਜਾ ਰਿਹਾ ਹੈ। ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਸਰਕਾਰ ਉਨ੍ਹਾਂ ਦੇ ਲਾਂਘੇ ਦਾ ਕੋਈ ਪੁਖਤਾ ਪ੍ਰਬੰਧ ਕਰ ਦੇਵੇ, ਫਿਰ ਚਾਹੇ ਪੁੱਲ ਖੋਲ੍ਹ ਦਿੱਤਾ ਜਾਵੇ। 
ਇੱਥੇ ਮਸਲਾ ਸਿਰਫ ਪੁੱਲ ਦਾ ਹੀ ਨਹੀਂ ਸਗੋਂ ਉਨ੍ਹਾਂ ਖਸਤਾਹਾਲ ਕਿਸ਼ਤੀਆਂ ਦਾ ਵੀ ਹੈ, ਜੋ ਲੋਕਾਂ ਨੂੰ ਪ੍ਰਸ਼ਾਸਨ ਵੱਲੋਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ। ਤਿੰਨ ਸਾਲ ਪਹਿਲਾਂ ਖਸਤਾਹਾਲ ਕਿਸ਼ਤੀ ਦੇ ਹਾਦਸਾਗ੍ਰਸਤ ਹੋਣ ਨਾਲ 9 ਲੋਕਾਂ ਦੀ ਮੌਤ ਹੋ ਗਈ ਸੀ। ਹੁਣ ਇਨ੍ਹਾਂ ਲੋਕਾਂ ਕੋਲ ਜੋ ਕਿਸ਼ਤੀ ਹੈ, ਉਹ ਵੀ ਖਸਤਾਹਾਲ ਹੈ। ਦੂਜੇ ਪਾਸੇ ਡੀ. ਸੀ. ਦਾ ਕਹਿਣਾ ਹੈ ਕਿ ਲੋਕਾਂ ਦੀ ਸੁਰੱਖਿਆ ਲਈ ਇਸ ਪੁੱਲ ਨੂੰ ਖੋਲ੍ਹਣਾ ਲਾਜ਼ਮੀ ਹੈ। ਅਧਿਕਾਰੀ ਦਾ ਕਹਿਣਾ ਹੈ ਕਿ 30 ਜੂਨ ਤੱਕ ਇਹ ਪੁੱਲ ਖੋਲ੍ਹ ਦਿੱਤਾ ਜਾਂਦਾ ਹੈ।


Kulvinder Mahi

News Editor

Related News