ਸਨੌਰ ਪੁਲਸ ਦਾ ਸ਼ਰਮਨਾਕ ਕਾਰਾ : ਗੁਰਦੁਆਰਾ ਸਾਹਿਬ ਜਾ ਰਹੇ 6 ਨੌਜਵਾਨਾਂ ਨੂੰ ਨੰਗਾ ਕਰ ਕੇ ਕੀਤਾ ਥਰਡ ਡਿਗਰੀ ਟਾਰਚਰ

Tuesday, Aug 07, 2018 - 12:54 PM (IST)

ਸਨੌਰ ਪੁਲਸ ਦਾ ਸ਼ਰਮਨਾਕ ਕਾਰਾ : ਗੁਰਦੁਆਰਾ ਸਾਹਿਬ ਜਾ ਰਹੇ 6 ਨੌਜਵਾਨਾਂ ਨੂੰ ਨੰਗਾ ਕਰ ਕੇ ਕੀਤਾ ਥਰਡ ਡਿਗਰੀ ਟਾਰਚਰ

ਪਟਿਆਲਾ(ਜੋਸਨ, ਬਲਜਿੰਦਰ, ਕੁਲਦੀਪ)-ਸਨੌਰ ਪੁਲਸ ਦੇ ਇਕ ਠਾਣੇਦਾਰ ਅਤੇ ਕੁੱਝ ਹੋਰ ਮੁਲਾਜ਼ਮਾਂ ਨੇ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਵਿਖੇ ਦੇਰ ਰਾਤ ਸੇਵਾ ਲਈ ਜਾ ਰਹੇ 7 ਲਡ਼ਕਿਆਂ ਨਾਲ ਦਰਿੰਦਗੀ ਦਿਖਾਉਂਦਿਆਂ ਥਰਡ ਡਿਗਰੀ ਟਾਰਚਰ ਕਰ ਕੇ ਇਨਸਾਨੀਅਤ ਨੂੰ ਸ਼ਰਮਸਾਰ ਕਰ ਦਿੱਤਾ ਹੈ। ਇਥੇ ਹੀ ਬੱਸ ਨਹੀਂ, ਸ਼ਰਾਬ ਵਿਚ ਟੱਲੀ ਉਕਤ ਠਾਣੇਦਾਰ ਨੇ ਨੌਜਵਾਨਾਂ ਨੂੰ  ਨੰਗਾ   ਕਰ  ਕੇ   ਉਨ੍ਹਾਂ ਦੇ  ਕੱਪਡ਼ੇ ਤੱਕ ਪਾਡ਼ ਦਿੱਤੇ।  ਅਸ਼ਲੀਲ ਹਰਕਤਾਂ ਵੀ ਕੀਤੀਆਂ। ਇਸ ਤੋਂ ਬਾਅਦ ਇਹ ਠਾਣੇਦਾਰ ਇਨ੍ਹਾਂ ਨੌਜਵਾਨਾਂ ਨੂੰ ਸਨੌਰ ਥਾਣੇ ਲੈ ਗਿਆ ਜਿੱਥੇ ਬਿਨਾਂ ਕੱਪਡ਼ਿਆਂ ਤੋਂ ਹੀ ਹਵਾਲਾਤ ਵਿਚ ਬੰਦ ਕਰ ਦਿੱਤਾ। ਪੀੜਤ ਨੌਜਵਾਨਾਂ ਵਿਚ ਅਮਰਦੀਪ, ਹਰਸ਼, ਗੁਰਵਿੰਦਰ, ਨਿਤਿਨ, ਹਿਮਾਂਸ਼ੂ  ਅਤੇ ਸਾਹਿਲ ਹਨ। ਇਹ ਸਾਰੇ ਸਨੌਰ ਦੇ ਪਠਾਣਾਂ ਵਾਲੇ ਮੁਹੱਲੇ ਵਿਚ ਰਹਿੰਦੇ ਹਨ। ਨੌਜਵਾਨਾਂ ਕੋਲ ਠਾਣੇਦਾਰ ਦੀ ਵੀਡੀਓ ਮੌਜੂਦ ਹੈ, ਜਿਸ ਵਿਚ ਉਹ ਇਨ੍ਹਾਂ ਨੂੰ ਗੰਦੀਆਂ ਗਾਲ੍ਹਾਂ ਵੀ ਕੱਢ ਰਿਹਾ ਹੈ।   ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਗੰਭੀਰ ਜ਼ਖਮੀ  ਲਡ਼ਕੇ ਦੀ ਮਾਂ ਸਰਬਜੀਤ ਕੌਰ ਨੇ ਦੱਸਿਆ ਕਿ ਉਸ  ਦੇ   ਪੁੱਤਰ  ਸਮੇਤ ਕੁਝ ਹੋਰ ਲਡ਼ਕੇ ਰਾਤ ਸਮੇਂ ਗੁਰਦੁਆਰਾ ਦੂਖ ਨਿਵਾਰਨ ਲਈ ਸੇਵਾ ਕਰਨ ਵਾਸਤੇ ਜਾ ਰਹੇ ਸਨ। ਜਦੋਂ ਉਹ ਸਨੌਰ ਰੋਡ ਪੈਟਰੋਲ ਪੰਪ ’ਤੇ ਤੇਲ ਪਵਾਉਣ ਲਈ ਰੁਕੇ ਤਾਂ ਪਿੱਛੇ ਪੁਲਸ ਦੀ ਗੱਡੀ ਆ ਗਈ। ਇਸ ਵਿਚੋਂ ਕੁੱਝ ਪੁਲਸ ਮੁਲਾਜ਼ਮ ਉਤਰੇ ਜਿਨ੍ਹਾਂ ਨੇ ਨਸ਼ਾ ਕੀਤਾ ਹੋਇਆ ਸੀ। ਉਨ੍ਹਾਂ ਦੱਸਿਆ ਕਿ ਪੁਲਸ ਨੇ ਨੌਜਵਾਨਾਂ ਕੋਲੋਂ ਮੋਟਰਸਾਈਕਲਾਂ ਦੇ  ਕਾਗਜ਼ਾਤ ਮੰਗੇ। ਉਨ੍ਹਾਂ ਨੇ ਵਿਖਾ ਦਿੱਤੇ।  ਇਸ  ਤੋਂ  ਬਾਅਦ ਪੁਲਸ ਮੁਲਾਜ਼ਮ ਉਨ੍ਹਾਂ ਨੂੰ ਗਾਲ੍ਹਾਂ ਕੱਢਣ ਲੱਗ ਪਏ। ਰੋਂਦੀ-ਕੁਰਲਾਉਂਦੀ  ਮਾਂ ਨੇ ਦੱਸਿਆ ਕਿ ਜਦੋਂ ਅੱਗੋਂ ਲਡ਼ਕਿਆਂ ਨੇ ਕਿਹਾ ਕਿ ਸਾਡੇ ਕੋਲ ਸਾਰੇ ਕਾਗਜ਼ ਤਾਂ ਮੌਜੂਦ ਹਨ ਤਾਂ ਫਿਰ ਗਾਲ੍ਹਾਂ ਕਿਉਂ ਕੱਢ ਰਹੇ ਹੋ? ਤਾਂ ਪੁਲਸ ਨੇ ਉਨ੍ਹਾਂ ਨਾਲ ਕੁੱਟ-ਮਾਰ ਕਰ ਕੇ ਕੱਪਡ਼ੇ ਪਾਡ਼ ਦਿੱਤੇ। ਇਸ ਤੋਂ ਬਾਅਦ ਉਨ੍ਹਾਂ ਨੂੰ ਥਾਣੇ ਲੈ ਗਏ ਅਤੇ ਉਥੇ ਜਾ ਕੇ ਅਸ਼ਲੀਲ ਹਰਕਤਾਂ ਕੀਤੀਆਂ।  ਕੁੱਟ-ਮਾਰ ਵਿਚ ਗੰਭੀਰ ਜ਼ਖਮੀ ਅਮਰਦੀਪ ਸਿੰਘ ਨੂੰ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਸਰਬਜੀਤ ਕੌਰ ਨੇ ਕਿਹਾ ਕਿ ਅਜਿਹੀ ਹਰਕਤ ਕਰਨ ਵਾਲੇ ਪੁਲਸ ਅਧਿਕਾਰੀ ਨੂੰ ਸਿਰਫ ਮੁਅੱਤਲ ਹੀ ਨਹੀਂ, ਬਲਕਿ ਡਿਸਮਿਸ ਕੀਤਾ ਜਾਣਾ ਚਾਹੀਦਾ ਹੈ। ਬਾਕੀ ਪੁਲਸ ਮੁਲਾਜ਼ਮਾਂ ਖਿਲਾਫ ਵੀ ਕਾਰਵਾਈ ਹੋਣੀ ਚਾਹੀਦੀ ਹੈ। 
 ਐੈੱਸ. ਐੈੱਸ. ਪੀ. ਨੇ ਠਾਣੇਦਾਰ ਕੀਤਾ ਮੁਅੱਤਲ
 ਸਨੌਰ ਪੁਲਸ ਦੀ ਇਸ ਸ਼ਰਮਨਾਕ ਕਰਤੂਤ ਕਾਰਨ ਐੈੱਸ. ਐੈੱਸ. ਪੀ. ਮਨਦੀਪ ਸਿੰਘ ਸਿੱਧੂ ਨੇ ਸਖਤ ਰੁਖ ਅਪਣਾਉਂਦਿਆਂ ਠਾਣੇਦਾਰ ਨਰਿੰਦਰ ਸਿੰਘ ਨੂੰ ਮੁਅੱਤਲ ਕਰ ਦਿੱਤਾ ਹੈ। ਐੱਸ. ਪੀ. ਸਿਟੀ ਕੇਸਰ ਸਿੰਘ  ਨੂੰ ਇਸ ਮਾਮਲੇ ਦੀ ਪਡ਼ਤਾਲ ਕਰ ਕੇ 3 ਦਿਨਾਂ ’ਚ ਰਿਪੋਰਟ ਦੇਣ ਲਈ ਕਿਹਾ ਹੈ।
ਸਨੌਰ ’ਚ ਦਹਿਸ਼ਤ ਦਾ ਮਾਹੌਲ
 ਇਸ ਘਟਨਾ ਨੂੰ ਲੈ ਕੇ ਸ਼ਹਿਰ ’ਚ ਦਹਿਸ਼ਤ ਦਾ ਮਾਹੌਲ ਹੈ। ਲੋਕਾਂ ਨੂੰ ਜਦੋਂ ਪਤਾ ਲੱਗਾ ਕਿ ਨੌਜਵਾਨਾਂ ਨੂੰ ਠਾਣੇ ਵਿਚ ਬੰਦ ਕਰ ਦਿੱਤਾ ਹੈ ਤਾਂ ਉਨ੍ਹਾਂ ਠਾਣੇ ਵੱਲ ਨੂੰ ਵਹੀਰਾਂ ਘੱਤ ਦਿੱਤੀਆਂ। ਪੁਲਸ ਨੇ ਡਰ ਦੇ ਮਾਰੇ ਕੁੱਟ-ਮਾਰ ਨਾਲ ਜ਼ਖਮੀ ਹੋਏ ਨੌਜਵਾਨਾਂ ਨੂੰ ਰਾਜਿੰਦਰਾ ਹਸਪਤਾਲ ਵਿਚ ਦਾਖਲ ਕਰਵਾ ਦਿੱਤਾ। ਇਨ੍ਹਾਂ ਵਿਚੋਂ 3 ਨੌਜਵਾਨਾਂ ਨੂੰ ਛੁੱਟੀ ਮਿਲ ਗਈ। ਇਕ ਗੰਭੀਰ ਹਾਲਤ ਵਿਚ ਹਸਪਤਾਲ ’ਚ ਹੀ ਦਾਖਲ ਹੈ।


Related News