ਮੰਡੌਡ਼ ’ਚ ਇਕੋ ਰਾਤ ਚੋਰਾਂ 5 ਵਾਰਦਾਤਾਂ ਨੂੰ ਦਿੱਤਾ ਅੰਜਾਮ

07/18/2018 2:34:43 AM

ਨਾਭਾ, (ਜੈਨ)- ਥਾਣਾ ਸਦਰ ਦੇ ਪਿੰਡ ਮੰਡੌਡ਼ ਵਿਖੇ ਇਕ ਹੀ ਰਾਤ  ’ਚ ਚੋਰਾਂ ਨੇ 5 ਟਰਾਂਸਫਾਰਮਰ ਚੋਰੀ ਕਰ ਕੇ ਕਿਸਾਨਾਂ ਤੇ ਪੁਲਸ ਦੀ ਨੀਂਦ ਹਰਾਮ ਕਰ ਦਿੱਤੀ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਪਹਿਲਾਂ ਵੀ ਅਜਿਹੀਅਾਂ ਵਾਰਦਾਤਾਂ ਹੋਈਆਂ ਹਨ। ਅਜੇ ਤੱਕ ਕੋਈ ਸੁਰਾਗ ਨਹੀਂ ਮਿਲਿਆ। ਜਦੋਂ ਕਿਸਾਨ ਸਵੇਰ ਸਮੇਂ ਖੇਤਾਂ ਵਿਚ ਪਹੁੰਚੇ ਤਾਂ ਪਤਾ ਲੱਗਾ ਕਿ ਟਰਾਂਸਫਾਰਮਰਾਂ ਨੂੰ ਉਖਾਡ਼ ਕੇ ਤਾਂਬਾ ਤੇ ਹੋਰ ਕੀਮਤੀ ਸਾਮਾਨ ਚੋਰੀ ਕਰ ਕੇ ਚੋਰ ਫਰਾਰ ਹੋ ਚੁੱਕੇ ਹਨ। ਪੀੜਤ ਕਿਸਾਨਾਂ ਲਈ ਹੁਣ ਵੱਡੀ ਸਮੱਸਿਆ ਪੈਦਾ ਹੋ ਗਈ ਹੈ। ਖੇਤਾਂ ਵਿਚ ਝੋਨਾ ਲੱਗਾ ਹੈ। ਸਿੰਚਾਈ ਲਈ ਨਵੇਂ ਟਰਾਂਸਫਾਰਮਰ ਲਾਉਣ ਲਈ ਪਟਿਆਲਾ ਜਾਣਾ ਪਵੇਗਾ। ਅਲਾਟਮੈਂਟ ਲਈ ਦੋ-ਤਿੰਨ ਦਿਨ ਲੱਗ ਜਾਣਗੇ। ਘਮਰੌਦਾ ਸਬ-ਡਵੀਜ਼ਨ ਦੇ ਪਿੰਡ ਮੰਡੌਡ਼ ਵਿਚ ਪਹੁੰਚੇ ਪਾਵਰਕਾਮ ਨਿਗਮ ਦੇ ਜੇ.  ਈ. ਜਸਵੰਤ ਸਿੰਘ ਅਨੁਸਾਰ ਚੋਰੀ ਸਬੰਧੀ ਸਦਰ ਥਾਣਾ ਪੁਲਸ ਨੂੰ ਸੂਚਨਾ ਦੇ ਦਿੱਤੀ ਗਈ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਇਸ ਚੋਰੀ ਦੀਆਂ ਵਾਰਦਾਤਾਂ ਵਿਚ ਪਿੰਡ ਦੇ ਹੀ ਕਿਸੇ ਵਿਅਕਤੀ ਦੀ ਮਿਲੀਭੁਗਤ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਵਰਨਣਯੋਗ ਹੈ ਕਿ ਮੰਡੌਡ਼ ਪਿੰਡ ਦੀਆਂ ਇਨ੍ਹਾਂ ਤੋਂ ਪਹਿਲਾਂ ਅਜਨੌਦਾ ਤੋਂ ਤਿੰਨ, ਕ੍ਰਿਸ਼ਨ ਗੁਰਥਲੀ ਤੋਂ ਦੋ ਅਤੇ ਲੌਟ, ਆਲੋਵਾਲ ਵਿਖੇ ਵੀ ਚੋਰੀ ਦੀਆਂ ਘਟਨਾਵਾਂ ਵਾਪਰੀਆਂ। ਪਾਵਰਕਾਮ ਨਿਗਮ ਦੇ ਜੇ.  ਈ. ਅਨੁਸਾਰ ਇਕ ਟਰਾਂਸਫਾਰਮਰ ਦੀ ਕੀਮਤ ਲਗਭਗ 40 ਹਜ਼ਾਰ ਰੁਪਏ ਹੈ। ਪਿਛਲੇ ਸਮੇਂ ਦੌਰਾਨ 30 ਤੋਂ ਵੱਧ ਚੋਰੀ  ਦੀਅਾਂ ਵਾਰਦਾਤਾਂ ਹੋਈਆਂ। ਇਕ ਮਹੀਨੇ ਵਿਚ ਨਿਗਮ ਨੂੰ ਚੋਰਾਂ ਨੇ ਲੱਖਾਂ ਰੁਪਏ ਦਾ ਆਰਥਕ ਨੁਕਸਾਨ ਪਹੁੰਚਾਇਆ ਹੈ। 
ਕਿਸਾਨ ਵੇਦ ਚੰਦ ਦੇ ਖੇਤਾਂ ਵਿਚੋਂ ਦੋ, ਐੈੱਸ. ਪੀ. ਸਿੰਘ ਦੇ ਖੇਤਾਂ ਵਿਚੋਂ ਵੀ ਦੋ ਅਤੇ ਕਿਸਾਨ ਗੁਰਮੇਲ ਸਿੰਘ ਦੇ ਖੇਤਾਂ ’ਚੋਂ ਇਕ ਟਰਾਂਸਫਾਰਮਰ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਪੁਲਸ ਅਧਿਕਾਰੀਆਂ ਵੱਲੋਂ ਜਾਂਚ ਆਰੰਭ ਕਰ ਦਿੱਤੀ ਗਈ ਹੈ। ਡੀ. ਐੈੱਸ. ਪੀ. ਦਵਿੰਦਰ ਅਤਰੀ ਦਾ ਕਹਿਣਾ ਹੈ ਕਿ ਚੋਰ ਜਲਦੀ ਹੀ ਸਲਾਖਾਂ ਪਿੱਛੇ ਹੋਣਗੇ। 
 


Related News