ਸਰਕਾਰੀ ਹਸਪਤਾਲ ’ਚੋਂ ਏ. ਸੀ. ਤੇ ਹੋਰ ਸਾਮਾਨ ਚੋਰੀ
Sunday, Jul 15, 2018 - 08:13 AM (IST)

ਮੰਡੀ ਲੱਖੇਵਾਲੀ/ਸ੍ਰੀ ਮੁਕਤਸਰ ਸਾਹਿਬ (ਸੁਖਪਾਲ, ਪਵਨ) - ਪੁਲਸ ਥਾਣਾ ਲੱਖੇਵਾਲੀ ਅਧੀਨ ਆਉਂਦੇ ਪਿੰਡ ਚੱਕ ਸ਼ੇਰੇਵਾਲਾ ਜਿੱਥੇ ਸਰਕਾਰ ਵੱਲੋਂ ਕਰੋਡ਼ਾਂ ਰੁਪਏ ਖਰਚ ਕੇ, ਜੋ ਸੀ. ਐੱਚ. ਸੀ. ਸੈਂਟਰ ਬਣਾਇਆ ਗਿਆ ਹੈ, ਉੱਥੋਂ ਚੋਰ ਰਾਤ ਵੇਲੇ ਏ. ਸੀ. ਅਤੇ ਹੋਰ ਸਾਮਾਨ ਚੋਰੀ ਕਰ ਕੇ ਫਰਾਰ ਹੋ ਗਏ। ਮਾਮਲਾ ਭਾਵੇਂ ਪੁਲਸ ਕੋਲ ਪੁੱਜ ਚੁੱਕਾ ਹੈ ਪਰ ਅਜੇ ਤੱਕ ਏ. ਸੀ. ਚੋਰੀ ਕਰਨ ਵਾਲੇ ਚੋਰਾਂ ਦਾ ਪਤਾ ਨਹੀਂ ਲੱਗਾ। ਜਾਣਕਾਰੀ ਅਨੁਸਾਰ ਇਸ ਘਟਨਾ ਦਾ ਹਸਪਤਾਲ ਦੇ ਸਟਾਫ਼ ਨੂੰ ਸਵੇਰ ਵੇਲੇ ਪਤਾ ਲੱਗਾ ਤਾਂ ਉਨ੍ਹਾਂ ਨੇ ਇਸ ਬਾਰੇ ਆਪਣੇ ਸੀਨੀਅਰ ਅਧਿਕਾਰੀਆਂ ਨੂੰ ਜਾਣਕਾਰੀ ਦਿੱਤੀ। ਚੋਰਾਂ ਨੇ ਹਸਪਤਾਲ ’ਚ ਬਣਾਈ ਗਈ ਦਵਾਈ ਵਾਲੀ ਡਿਸਪੈਂਸਰੀ ਦਾ ਪਹਿਲਾਂ ਜਿੰਦਰਾ ਭੰਨਿਆ ਅਤੇ ਫਿਰ ਏ. ਸੀ. ਚੁੱਕਿਆ। ਪੁਲਸ ਥਾਣਾ ਲੱਖੇਵਾਲੀ ਦੇ ਇੰਸਪੈਕਟਰ ਪਰਮਜੀਤ ਸਿੰਘ ਨੇ ਕਿਹਾ ਕਿ ਚੋਰਾਂ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ।
ਕੀ ਕਹਿਣਾ ਹੈ ਐੱਸ. ਐੱਮ. ਓ. ਦਾ : ਐੱਸ. ਐੱਮ. ਓ. ਡਾ. ਕਿਰਨਦੀਪ ਕੌਰ ਨੇ ਦੱਸਿਆ ਕਿ ਇਸ ਚੋਰੀ ਸਬੰਧੀ ਉਨ੍ਹਾਂ ਨੇ ਸਿਵਲ ਡਾ. ਸੁਖਪਾਲ ਸਿੰਘ ਅਤੇ ਪੁਲਸ ਪ੍ਰਸ਼ਾਸਨ ਨੂੰ ਸੂਚਿਤ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਚੋਰਾਂ ਨੇ ਹਸਪਤਾਲ ਦਾ ਜਿੰਦਰਾ ਭੰਨ ਕੇ ਅੰਦਰੋਂ ਏ. ਸੀ. ਤੋਂ ਇਲਾਵਾ ਸਟੈਪੇਲਾਈਜ਼ਰ, ਤਾਰਾਂ ਅਤੇ ਪਲੱਗ ਆਦਿ ਸਾਮਾਨ ਵੀ ਚੋਰੀ ਕੀਤਾ ਲਿਆ ਹੈ। ਇਕ ਤਾਂ ਹਸਪਤਾਲ ਦੀ ਚਾਰ-ਦੀਵਾਰੀ ਹੋਣ ਵਾਲੀ ਹੈ ਅਤੇ ਦੂਜਾ 90 ਪਿੰਡਾਂ ਨਾਲ ਸਬੰਧਤ ਇੰਨੇ ਵੱਡੇ ਹਸਪਤਾਲ ਵਿਚ ਰਾਤ ਨੂੰ ਰਹਿਣ ਲਈ ਵੀ ਕੋਈ ਚੌਕੀਦਾਰ ਆਦਿ ਨਹੀਂ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਤਾਂ ਸਾਮਾਨ ਲੈਣ ਲਈ ਕੋਈ ਸਰਕਾਰੀ ਫੰਡ ਵੀ ਨਹੀਂ ਹੈ। ਉਨ੍ਹਾਂ ਮੰਗ ਕੀਤੀ ਕਿ ਇੱਥੇ ਸੁਰੱਖਿਆ ਦਾ ਪ੍ਰਬੰਧ ਕੀਤਾ ਜਾਵੇ।