ਨੋਟੋਰੀਅਸ ਕਲੱਬ ''ਚ ਈਸਟਵੁੱਡ ਦੇ ਮਾਲਕ ’ਤੇ ਕਾਤਲਾਨਾ ਹਮਲੇ ਦੇ ਮਾਮਲੇ ''ਚ ਵੱਡੀ ਅਪਡੇਟ
Saturday, Aug 09, 2025 - 01:17 PM (IST)

ਜਲੰਧਰ (ਸੁਧੀਰ, ਮ੍ਰਿਦੁਲ)- ਨੋਟੋਰੀਅਸ ਕਲੱਬ ਵਿਚ ਹਾਲ ਹੀ ਵਿਚ ਹੋਈ ਗੁੰਡਾਗਰਦੀ ਦੇ ਨੰਗੇ ਨਾਚ ਦੇ ਮਾਮਲੇ ਵਿਚ ਕਮਿਸ਼ਨਰੇਟ ਪੁਲਸ ਨੇ 4 ਲੋਕਾਂ ਵਿਰੁੱਧ ਕਤਲ ਦੀ ਕੋਸ਼ਿਸ਼ ਦਾ ਮਾਮਲਾ ਦਰਜ ਕੀਤਾ ਹੈ। ਫਿਲਹਾਲ ਇਸ ਮਾਮਲੇ ਵਿਚ ਕਿਸੇ ਨੂੰ ਵੀ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਹੈ। ਪੁਲਸ ਕਮਿਸ਼ਨਰ ਧਨਪ੍ਰੀਤ ਕੌਰ ਨੇ ਦੱਸਿਆ ਕਿ ਈਸਟਵੁੱਡ ਦੇ ਮਾਲਕ ਦੇ ਪੁੱਤਰ ਮਾਨਸ ਮਲਹੋਤਰਾ ਦੇ ਬਿਆਨ ਦੇ ਆਧਾਰ ’ਤੇ ਪੁਲਸ ਨੇ 66 ਫੁੱਟੀ ਰੋਡ ’ਤੇ ਚਾਵਲਾ ਪ੍ਰਾਪਰਟੀ ਡੀਲਰ ਦੇ ਮਾਲਕ ਬੰਟੀ ਚਾਵਲਾ, ਮਾਡਲ ਟਾਊਨ ਬ੍ਰਾਊਨ ਐਂਡ ਬੀਅਰ ਸਕਿਨ ਦੇ ਮਾਲਕ ਟੈਬੀ ਭਾਟੀਆ, ਉਸਦੇ ਭਰਾ ਸੈਬੀ ਭਾਟੀਆ ਅਤੇ ਇਕ ਅਣਪਛਾਤੇ ਵਿਅਕਤੀ ਵਿਰੁੱਧ ਕਤਲ ਦੀ ਕੋਸ਼ਿਸ਼ ਦਾ ਮਾਮਲਾ ਦਰਜ ਕੀਤਾ ਹੈ। ਸੂਤਰਾਂ ਅਨੁਸਾਰ ਮਾਮਲਾ ਦਰਜ ਹੋਣ ਦੀ ਖ਼ਬਰ ਮਿਲਦੇ ਹੀ ਸਾਰੇ ਮੁਲਜ਼ਮ ਭੱਜ ਗਏ।
ਇਹ ਵੀ ਪੜ੍ਹੋ: ਹੁਸ਼ਿਆਰਪੁਰ ਜੇਲ੍ਹ 'ਚ ਬੰਦ ਭਰਾਵਾਂ ਨੂੰ ਰੱਖੜੀ ਬੰਨ੍ਹਣ ਪਹੁੰਚੀਆਂ ਭੈਣਾਂ ਹੋਈਆਂ ਭਾਵੁਕ
ਪੁਲਸ ਕਮਿਸ਼ਨਰ ਧਨਪ੍ਰੀਤ ਕੌਰ ਨੇ ਦੱਸਿਆ ਕਿ ਫਰਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਇਕ ਵਿਸ਼ੇਸ਼ ਟੀਮ ਬਣਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕਮਿਸ਼ਨਰੇਟ ਪੁਲਸ ਜਲਦੀ ਹੀ ਸਾਰੇ ਫਰਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਵੇਗੀ। ਸ਼ਹਿਰ ਵਿਚ ਕਾਨੂੰਨ ਵਿਵਸਥਾ ਦੀ ਉਲੰਘਣਾ ਕਰਨ ਵਾਲਿਆਂ ਨੂੰ ਕਿਸੇ ਵੀ ਕੀਮਤ ’ਤੇ ਬਖਸ਼ਿਆ ਨਹੀਂ ਜਾਵੇਗਾ। ਪੁਲਸ ਕਮਿਸ਼ਨਰ ਧਨਪ੍ਰੀਤ ਕੌਰ ਨੇ ਕਿਹਾ ਕਿ ਪੁਲਸ ਨੂੰ ਦਿੱਤੇ ਬਿਆਨ ਵਿਚ ਨਿਊ ਜੀ. ਟੀ. ਬੀ. ਨਗਰ ਦੇ ਰਹਿਣ ਵਾਲੇ ਮਾਨਸ ਮਲਹੋਤਰਾ ਨੇ ਕਿਹਾ ਕਿ ਉਹ ਆਪਣੇ ਪਿਤਾ ਨਾਲ ਕਾਰੋਬਾਰ ਕਰਦਾ ਹੈ ਅਤੇ 3 ਅਗਸਤ ਨੂੰ ਰਾਤ ਲਗਭਗ 1.30 ਵਜੇ ਉਹ ਆਪਣੇ ਚਾਚੇ ਦੇ ਪੁੱਤਰ ਦਿਵਯਾਂਗ ਮਲਹੋਤਰਾ ਨਾਲ ਨੋਟੋਰੀਅਸ ਕਲੱਬ ਵਿਚ ਡੀ. ਜੇ. ਪਾਰਟੀ ਦੇਖਣ ਗਿਆ ਸੀ। ਉਨ੍ਹਾਂ ਕਿਹਾ ਕਿ ਡੀ. ਜੇ. ਪਾਰਟੀ ਲਗਭਗ 2.30 ਵਜੇ ਖਤਮ ਹੋਣ ਤੋਂ ਬਾਅਦ ਜਦੋਂ ਉਸ ਦਾ ਭਰਾ ਘਰ ਵਾਪਸ ਆਉਣ ਲੱਗਾ, ਤਾਂ ਟੈਬੀ ਭਾਟੀਆ ਰਸਤੇ ’ਚ ਕਿਸੇ ਨਾਲ ਗੱਲ ਕਰ ਰਿਹਾ ਸੀ ਅਤੇ ਉਹ ਆਪਣੇ ਨੇੜੇ ਦੇ ਆਪਣੇ ਇਕ ਦੋਸਤ ਨਾਲ ਗੱਲ ਕਰ ਰਿਹਾ ਸੀ।
ਇਹ ਵੀ ਪੜ੍ਹੋ: DGP ਗੌਰਵ ਯਾਦਵ ਦੀ ਸਖ਼ਤੀ! ਪੰਜਾਬ 'ਚ ਵਧਾਈ ਗਈ ਸੁਰੱਖਿਆ, ਰੇਲਵੇ ਸਟੇਸ਼ਨਾਂ ’ਤੇ ਲੱਗੇ ਵਿਸ਼ੇਸ਼ ਨਾਕੇ
ਉਸ ਨੇ ਦੋਸ਼ ਲਾਇਆ ਕਿ ਟੈਬੀ ਭਾਟੀਆ ਨੇ ਬਿਨਾਂ ਕਿਸੇ ਕਾਰਨ ਉਸ ਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਜਦੋਂ ਉਸ ਨੇ ਉਸ ਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਉਸ ਨੇ ਉਸ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਅਤੇ ਫਿਰ ਉਸ ਦਾ ਦੋਸਤ ਬੰਟੀ ਚਾਵਲਾ ਆਇਆ ਤੇ ਉਸਦੇ ਮੂੰਹ ’ਤੇ ਹੱਥ ਰੱਖ ਕੇ ਉਸ ਨੂੰ ਕੰਧ ਨਾਲ ਧੱਕਾ ਦੇ ਦਿੱਤਾ। ਇਸ ਦੌਰਾਨ, ਟੈਬੀ ਭਾਟੀਆ ਦੇ ਭਰਾ ਸੈਬੀ ਭਾਟੀਆ ਅਤੇ ਉਸ ਦੇ ਇਕ ਅਣਪਛਾਤੇ ਦੋਸਤ ਨੇ ਉਸ ਨੂੰ ਜ਼ਮੀਨ ’ਤੇ ਸੁੱਟ ਦਿੱਤਾ ਅਤੇ ਕੁੱਟਣਾ ਸ਼ੁਰੂ ਕਰ ਦਿੱਤਾ।
ਜਦੋਂ ਭਰਾ ਉਸ ਨੂੰ ਬਚਾਉਣ ਆਇਆ ਤਾਂ ਉਕਤ ਹਮਲਾਵਰਾਂ ਨੇ ਉਸ ਨੂੰ ਸ਼ੀਸ਼ੇ ਦਾ ਗਿਲਾਸ ਮਾਰਿਆ ਪਰ ਭਰਾ ਇਕ ਪਾਸੇ ਹਟ ਗਿਆ ਤੇ ਆਪਣੀ ਜਾਨ ਬਚਾਈ। ਇਸ ਤੋਂ ਬਾਅਦ ਟੈਬੀ ਭਾਟੀਆ ਨੇ ਉਸਦੇ ਸਿਰ 'ਤੇ ਬੋਤਲ ਨਾਲ ਵਾਰ ਕੀਤਾ। ਜਦੋਂ ਉਸ ਨੇ ਉੱਥੋਂ ਜਾਣ ਦੀ ਕੋਸ਼ਿਸ਼ ਕੀਤੀ ਤਾਂ ਬੰਟੀ ਚਾਵਲਾ ਤੇ ਹੋਰ ਲੋਕਾਂ ਨੇ ਉਸ ਨੂੰ ਮੁੜ ਕੁੱਟਿਆ ਅਤੇ ਗੁੰਡਿਆਂ ਵਾਂਗ ਵਿਵਹਾਰ ਕੀਤਾ।
ਇਹ ਗੱਲ ਧਿਆਨ ਦੇਣ ਯੋਗ ਹੈ ਕਿ ਘਟਨਾ ਤੋਂ ਮਾਨਸ ਮਲਹੋਤਰਾ ਨੂੰ ਇਲਾਜ ਲਈ ਇੱਕ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ। ਇਹ ਸਾਰੀ ਘਟਨਾ ਕਲੱਬ ਵਿਚ ਲੱਗੇ ਸੀ. ਸੀ. ਟੀ. ਵੀ ਕੈਮਰਿਆਂ ਵਿਚ ਕੈਦ ਹੋ ਗਈ ਸੀ। ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਸ ਮੌਕੇ 'ਤੇ ਪਹੁੰਚ ਗਈ ਅਤੇ ਸੀਸੀਟੀਵੀ ਫੁਟੇਜ ਆਪਣੇ ਕਬਜ਼ੇ ਵਿਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਪੁਲਸ ਕਮਿਸ਼ਨਰ ਧਨਪ੍ਰੀਤ ਕੌਰ ਨੇ ਕਿਹਾ ਕਿ ਸ਼ਹਿਰ ਵਿਚ ਕਾਨੂੰਨ ਵਿਵਸਥਾ ਦੀ ਉਲੰਘਣਾ ਕਰਨ ਵਾਲਿਆਂ ਨੂੰ ਕਿਸੇ ਵੀ ਕੀਮਤ 'ਤੇ ਬਖ਼ਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਪੁਲਸ ਨੇ ਕਲੱਬ ਨੂੰ ਦੇਰ ਰਾਤ ਤੱਕ ਖੁੱਲ੍ਹਾ ਰੱਖਣ ਲਈ ਨੋਟਿਸ ਜਾਰੀ ਕੀਤਾ ਹੈ।
ਇਹ ਵੀ ਪੜ੍ਹੋ: ਪੰਜਾਬ ਦੇ ਮੌਸਮ ਦੀ ਜਾਣੋ Latest Update, ਇਨ੍ਹਾਂ ਤਾਰੀਖ਼ਾਂ ਨੂੰ ਪਵੇਗਾ ਭਾਰੀ ਮੀਂਹ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e