ਮੁੜ ਕੋਲਾ ਸੰਕਟ ’ਚ ਘਿਰੇ ਥਰਮਲ ਪਲਾਂਟ, ਸੂਬੇ ਦੇ ਪੰਜੇ ਥਰਮਲਾਂ ’ਚ ਘਟਿਆ ਕੋਲਾ
Wednesday, Sep 01, 2021 - 02:00 PM (IST)
ਚੰਡੀਗੜ੍ਹ/ਪਟਿਆਲਾ (ਪਰਮੀਤ) : ਦੇਸ਼ ਵਿਚ ਭਾਰੀ ਬਰਸਾਤਾਂ ਕਾਰਨ ਖਾਨਾਂ ’ਚੋਂ ਕੋਲਾ ਕੱਢਣ ’ਚ ਪੈਦਾ ਹੋਈਆਂ ਗੰਭੀਰ ਮੁਸ਼ਕਿਲਾਂ ਦੇ ਚਲਦੇ ਥਰਮਲ ਪਲਾਂਟਾਂ ਲਈ ਕੋਲੇ ਦੀ ਭਾਰੀ ਥੁੜ੍ਹ ਪੈਦਾ ਹੋ ਗਈ ਹੈ, ਜਿਸ ਦੇ ਚਲਦੇ ਬਿਜਲੀ ਮੰਤਰਾਲੇ ਨੇ ਕੋਲੇ ਦੇ ਪ੍ਰਬੰਧਨ ਵਾਸਤੇ ਇਕ ਕੋਰ ਮੈਨੇਜਮੈਂਟ ਟੀਮ (ਸੀ. ਐੱਮ. ਟੀ.) ਗਠਿਤ ਕਰ ਦਿੱਤੀ ਹੈ। ਇਸ ਟੀਮ ’ਚ ਬਿਜਲੀ ਮੰਤਰਾਲੇ ਦੇ ਚੀਫ ਇੰਜੀਨੀਅਰ ਥਰਮਲ ਸੰਜੀਵ ਕੁਮਾਰ ਕੱਸੀ, ਚੀਫ ਇੰਜੀਨੀਅਰ ਐੱਫ. ਐਂਡ ਸੈਂਟਰਲ ਇਲੈਕਟ੍ਰੀਸਿਟੀ ਅਥਾਰਟੀ, ਰਾਜੀਵ ਕੁਮਾਰ ਡਾਇਰੈਕਟਰ ਐੱਫ. ਐੱਸ. ਸੀ. ਬਿਜਲੀ ਮੰਤਰਾਲਾ, ਨਿਤਿਨ ਪ੍ਰਕਾਸ਼ ਡਿਪਟੀ ਡਾਇਰੈਕਟਰ ਸੈਂਟਰਲ ਇਲੈਕਟ੍ਰੀਸਿਟੀ ਅਥਾਰਟੀ ਅਤੇ ਐੱਸ. ਕੇ. ਮੇਰਕਾਪ ਜੀ. ਐੱਮ. ਸੀ. ਆਈ. ਐੱਲ. ਨੂੰ ਸ਼ਾਮਲ ਕੀਤਾ ਗਿਆ ਹੈ। ਬਰਸਾਤਾਂ ਕਾਰਨ ਮਾਇਨਿੰਗ ’ਚ ਪੈਦਾ ਹੋਏ ਗੰਭੀਰ ਸੰਕਟ ਨੂੰ ਵੇਖਦਿਆਂ ਇਹ ਫੈਸਲਾ ਕੀਤਾ ਗਿਆ ਹੈ ਕਿ ਇਹੀ ਸੀ. ਐੱਮ. ਟੀ. ਰੋਜ਼ਾਨਾ ਆਧਾਰ ’ਤੇ ਕੋਲਾ ਮੰਤਰਾਲੇ ਤੇ ਬਿਜਲੀ ਮੰਤਰਾਲੇ ਨਾਲ ਰਾਬਤਾ ਕਾਇਮ ਕਰ ਕੇ ਸੰਕਟ ’ਚ ਘਿਰੇ ਥਰਮਲ ਪਲਾਂਟਾਂ ਲਈ ਕੋਲੇ ਦੀ ਸਪਲਾਈ ਦੀ ਪ੍ਰਵਾਨਗੀ ਦੇਵੇਗੀ। ਇਹ ਫੈਸਲਾ ਕੀਤਾ ਗਿਆ ਹੈ ਕਿ ਜਿਹੜੇ ਥਰਮਲ ਪਲਾਂਟਾਂ ’ਚ 14 ਦਿਨਾਂ ਦਾ ਕੋਲਾ ਹੋਵੇਗਾ, ਉਨ੍ਹਾਂ ਵਾਸਤੇ ਅਗਲੇ 7 ਦਿਨਾਂ ਲਈ ਕੋਲੇ ਦੀ ਸਪਲਾਈ ਰੋਕ ਦਿੱਤੀ ਜਾਵੇਗੀ। ਇਸੇ ਤਰੀਕੇ ਬਚਿਆ ਕੋਲਾ ਗੰਭੀਰ ਸੰਕਟ ’ਚ ਫਸੇ ਪਲਾਂਟਾਂ ਵਾਸਤੇ ਸਪਲਾਈ ਕੀਤਾ ਜਾਵੇਗਾ। ਕੋਲਾ ਮੰਤਰਾਲੇ ਨੇ 50.87 ਮੀਟਰਿਕ ਟਨ ਕੋਲਾ ਉਪਲੱਬਧ ਹੋਣ ਦੀ ਪੁਸ਼ਟੀ ਕੀਤੀ ਹੈ। ਇਸ ਦੌਰਾਨ ਇਹ ਵੀ ਫੈਸਲਾ ਕੀਤਾ ਗਿਆ ਕਿ ਗੈਸ-ਆਧਾਰਿਤ ਪਲਾਂਟਾਂ ਅਤੇ ਨਿਊਕਲੀਅਰ ਬਿਜਲੀ ਸਟੇਸ਼ਨਾਂ ਤੋਂ ਬਿਜਲੀ ਪੈਦਾਵਾਰ ’ਤੇ ਜ਼ੋਰ ਦਿੱਤਾ ਜਾਵੇ।
ਇਹ ਵੀ ਪੜ੍ਹੋ : ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਸੁਰੱਖਿਆ ਵਿਵਸਥਾ ਹੋਰ ਸਖ਼ਤ, ਏਜੰਸੀਆਂ ਪ੍ਰੇਸ਼ਾਨ
ਇਸ ਦੌਰਾਨ ਪੰਜਾਬ ਦੇ ਪੰਜੋਂ ਥਰਮਲ ਪਲਾਂਟ ਯਾਨੀ ਪ੍ਰਾਈਵੇਟ ਦੇ ਤਿੰਨ ਅਤੇ ਸਰਕਾਰੀ ਦੇ ਦੋ ਪਲਾਂਟਾਂ ’ਚ ਬਿਜਲੀ ਭੰਡਾਰ 14 ਦਿਨਾਂ ਤੋਂ ਘੱਟ ਗਿਆ ਹੈ, ਜਿਸ ਕਾਰਨ ਪੰਜਾਬ ਦੇ ਮੁੜ ਤੋਂ ਕੋਲਾ ਸੰਕਟ ’ਚ ਉਲਝਣ ਦੇ ਆਸਾਰ ਹਨ। ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ (ਪਾਵਰਕਾਮ) ਦੀ ਰੋਜ਼ਾਨਾ ਰਿਪੋਰਟ ਮੁਤਾਬਕ ਇਸ ਵੇਲੇ ਰੋਪੜ ਸਥਿਤ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਵਿਚ 8 ਦਿਨ ਦਾ ਕੋਲਾ ਭੰਡਾਰ ਹੈ, ਜਦਕਿ ਲਹਿਰਾ ਮੁਹੱਬਤ ਸਥਿਤ ਗੁਰ ਹਰਿਗੋਬਿੰਦ ਥਰਮਲ ਪਲਾਂਟ ਵਿਚ 7 ਦਿਨ ਦਾ ਕੋਲੇ ਦਾ ਭੰਡਾਰ ਹੈ। ਪ੍ਰਾਈਵੇਟ ਪਲਾਂਟਾਂ ’ਚੋਂ ਤਲਵੰਡੀ ਸਾਬੋ ਪਲਾਂਟ ਕੋਲ 8 ਦਿਨ, ਰਾਜਪੁਰਾ ਪਲਾਂਟ ਕੋਲ 12 ਦਿਨ ਅਤੇ ਗੋਇੰਦਵਾਲ ਸਾਹਿਬ ਪਲਾਂਟ ਕੋਲ 4 ਦਿਨ ਦਾ ਕੋਲੇ ਦਾ ਭੰਡਾਰ ਬਾਕੀ ਹੈ। ਇਹ ਸੰਕਟ ਕੀ ਕਰਵੱਟ ਲੈਂਦਾ ਹੈ, ਇਹ ਆਉਂਦਾ ਸਮਾਂ ਹੀ ਦੱਸੇਗਾ ਪਰ ਹਾਲਾਤ ਮੁੜ ਤੋਂ ਉਸ ਪਾਸੇ ਮੋੜਾ ਕੱਟ ਰਹੇ ਹਨ। ਜਦੋਂ ਰੇਲਾਂ ਰੋਕਣ ਕਾਰਨ ਪੰਜਾਬ ਦੇ ਥਰਮਲਾਂ ਵਾਸਤੇ ਗੰਭੀਰ ਬਿਜਲੀ ਸੰਕਟ ਪੈਦਾ ਹੋ ਗਿਆ ਸੀ।
ਇਹ ਵੀ ਪੜ੍ਹੋ : ‘ਆਪ’ ਵਿਧਾਇਕ ਦਲ ਦੀ ਬੈਠਕ ’ਚ ਨਿਸ਼ਾਨੇ ’ਤੇ ਰਹੇ ਕੈਪਟਨ ਅਤੇ ਸਿੱਧੂ, ਚੀਮਾ ਨੇ ਕੀਤੀ ਇਹ ਮੰਗ
ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ