ਥਰਮਲ ਮੈਨੇਜਮੈਂਟ ਨੇ ਪ੍ਰਦਰਸ਼ਨ ਕਰ ਰਹੇ ਵਰਕਰਾਂ ਦੇ ਬੱਚਿਆਂ ਨੂੰ ਬੱਸਾਂ ''ਚੋਂ ਉਤਾਰਿਆ

08/22/2017 12:52:24 AM

ਘਨੌਲੀ, (ਸ਼ਰਮਾ)- ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ 'ਚ 30 ਸਾਲਾਂ ਤੋਂ ਠੇਕਾ ਪ੍ਰਣਾਲੀ ਤਹਿਤ ਵੱਖ-ਵੱਖ ਠੇਕੇਦਾਰਾਂ ਤੇ ਕੰਪਨੀਆਂ ਅਧੀਨ ਕੰਮ ਕਰ ਰਹੇ ਕਰਮਚਾਰੀਆਂ ਵੱਲੋਂ ਬਣਾਏ ਗਏ ਸਾਂਝਾ ਮੰਚ ਕੰਟ੍ਰੈਕਟ ਵਰਕਰਾਂ ਵੱਲੋਂ ਮੰਗਾਂ ਸੰਬੰਧੀ ਥਰਮਲ ਪਲਾਂਟ ਦੇ ਮੇਨ ਗੇਟ ਅੱਗੇ ਪਰਿਵਾਰਾਂ ਸਣੇ ਧਰਨਾ ਦਿੱਤਾ ਗਿਆ। ਮੰਚ ਦੇ ਸਕੱਤਰ ਕੈਲਾਸ਼ ਜੋਸ਼ੀ ਨੇ ਦੱਸਿਆ ਕਿ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਤੇ ਹੋਰ ਯੂਨੀਅਨਾਂ ਦੇ ਸਹਿਯੋਗ ਨਾਲ ਤੇ ਮੰਚ ਪ੍ਰਧਾਨ ਕਰਮਵੀਰ ਸਿੰਘ ਦੀ ਅਗਵਾਈ 'ਚ ਥਰਮਲ ਪਲਾਂਟ ਦੇ ਮੇਨ ਗੇਟ ਅੱਗੇ ਤੇਜ਼ ਮੀਂਹ ਦੇ ਬਾਵਜੂਦ ਧਰਨਾ ਦਿੱਤਾ ਗਿਆ।
ਬੁਲਾਰਿਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰੀ ਥਰਮਲ ਪਲਾਂਟਾਂ ਨੂੰ ਬੰਦ ਕਰ ਕੇ ਪ੍ਰਾਈਵੇਟ ਥਰਮਲ ਪਲਾਂਟਾਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਇਕ ਪਾਸੇ ਪੰਜਾਬ ਸਰਕਾਰ ਦੇ ਪਰਸੋਨਲ ਵਿਭਾਗ ਵੱਲੋਂ ਪਿਛਲੀ ਅਕਾਲੀ-ਭਾਜਪਾ ਸਰਕਾਰ ਵੱਲੋਂ ਬਣਾਏ ਗਏ ਐਕਟ ਤਹਿਤ ਪਾਵਰਕਾਮ ਮੁੱਖ ਦਫਤਰ ਪਟਿਆਲਾ ਰਾਹੀਂ ਥਰਮਲ ਪਲਾਂਟਾਂ ਦੀਆਂ ਮੈਨੇਜਮੈਂਟਾਂ ਨਾਲ ਥਰਮਲ ਪਲਾਂਟਾਂ 'ਚ ਕੰਮ ਕਰ ਰਹੇ ਉਨ੍ਹਾਂ ਵਰਗੇ ਕਰਮਚਾਰੀਆਂ ਦਾ ਰਿਕਾਰਡ ਮੰਗਿਆ ਜਾ ਰਿਹਾ ਹੈ ਤੇ ਦੂਜੇ ਪਾਸੇ, ਥਰਮਲ ਮੈਨੇਜਮੈਂਟ ਇਹ ਕਹਿ ਕੇ ਠੇਕਾ ਕਾਮਿਆਂ ਦੇ ਭਵਿੱਖ ਨਾਲ ਖਿਲਵਾੜ ਕਰ ਰਹੀ ਹੈ ਕਿ ਉਸ ਕੋਲ ਉਕਤ ਕੈਟਾਗਰੀਆਂ ਅਧੀਨ ਸਿੱਧੇ ਤੌਰ 'ਤੇ ਕੋਈ ਕਰਮਚਾਰੀ ਕੰਮ ਨਹੀਂ ਕਰਦਾ, ਜਿਸ ਕਾਰਨ ਕਰਮਚਾਰੀਆਂ ਨੇ ਪਾਵਰਕਾਮ 'ਚ ਸਥਾਈ ਭਰਤੀ ਹੋਣ ਲਈ ਥਰਮਲ ਮੈਨੇਜਮੈਂਟ ਤੇ ਪਾਵਰਕਾਮ ਤੇ ਸੂਬਾ ਸਰਕਾਰ ਵਿਰੁੱਧ ਸਿੱਧਾ ਮੋਰਚਾ ਖੋਲ੍ਹ ਦਿੱਤਾ ਹੈ।
ਸਕੂਲ ਨਹੀਂ ਜਾ ਪਾਏ ਵਰਕਰਾਂ ਦੇ ਬੱਚੇ- ਜਦੋਂ ਵੱਖ-ਵੱੱਖ ਸਕੂਲਾਂ 'ਚ ਜਾਣ ਲਈ ਕੰਟ੍ਰੈਕਟ ਵਰਕਰਾਂ ਦੇ ਬੱਚੇ ਥਰਮਲ ਪਲਾਂਟ ਦੀਆਂ ਬੱਸਾਂ 'ਚ ਬੈਠੇ ਤਾਂ ਬੱਚਿਆਂ ਨੂੰ ਬੱਸਾਂ 'ਚੋਂ ਉਤਾਰ ਦਿੱਤਾ ਗਿਆ, ਜਿਸ ਕਾਰਨ ਉਹ ਅੱਜ ਸਕੂਲ ਵੀ ਨਹੀਂ ਜਾ ਸਕੇ, ਇਸ ਲਈ ਉਕਤ ਧਰਨੇ 'ਚ ਬੱਚਿਆਂ ਨੇ ਵੀ ਰੋਸ ਪ੍ਰਗਟ ਕੀਤਾ। ਬੱਸਾਂ 'ਚੋਂ ਉਤਾਰੇ ਗਏ ਸਕੂਲੀ ਬੱਚਿਆਂ ਦਾ ਕਹਿਣਾ ਸੀ ਕਿ ਇਕ ਪਾਸੇ ਸਰਕਾਰ ਸਾਖਰਤਾ ਅਭਿਆਨ ਰਾਹੀਂ ਉਨ੍ਹਾਂ ਬੱਚਿਆਂ ਨੂੰ ਸਕੂਲ ਲਿਆਉਣ ਦੀ ਸੋਚ ਰਹੀ ਹੈ, ਜੋ ਕਿਸੇ ਕਾਰਨ ਸਕੂਲ ਨਹੀਂ ਪਹੁੰਚ ਸਕਦੇ ਤੇ ਦੂਜੇ ਪਾਸੇ, ਥਰਮਲ ਮੈਨੇਜਮੈਂਟ ਸਕੂਲ ਜਾ ਰਹੇ ਬੱਚਿਆਂ ਨੂੰ ਪੈਂਦੇ ਮੀਂਹ 'ਚ ਬੱਸਾਂ ਤੋਂ ਉਤਾਰ ਕੇ ਉਨ੍ਹਾਂ ਦਾ ਸਿੱਖਿਆ ਦਾ ਅਧਿਕਾਰ ਖੋਹ ਰਹੀ ਹੈ, ਜੋ ਸ਼ਰਮਨਾਕ ਹੈ।
ਇਸ ਮੌਕੇ ਸਾਂਝਾ ਮੋਰਚੇ ਦੇ ਸਲਾਹਕਾਰ ਮਲਾਗਰ ਸਿੰਘ, ਜਗਦੀਸ਼ ਕੁਮਾਰ, ਬਲਿਹਾਰ ਸਿੰਘ ਪ੍ਰਧਾਨ ਪਾਵਰ ਐਂਡ ਟ੍ਰਾਂਸਕੋ, ਰਜਿੰਦਰ ਢਿੱਲੋਂ, ਲਹਿਰਾ ਮੁਹੱਬਤ ਪ੍ਰਧਾਨ ਜਗਰੂਪ ਸਿੰਘ, ਬਠਿੰਡਾ ਤੋਂ ਪ੍ਰਧਾਨ ਅਸ਼ਵਨੀ ਕੁਮਾਰ, ਸੋਨੂੰ, ਰਾਮ ਸਿੰਘ, ਸਾਂਝਾ ਮੰਚ ਥਰਮਲ ਪਲਾਂਟ ਦੇ ਪ੍ਰਧਾਨ ਕਰਮਵੀਰ ਸਿੰਘ, ਕੈਲਾਸ਼ ਜੋਸ਼ੀ, ਬਲਵਿੰਦਰ ਸਿੰਘ, ਮਹਿੰਦਰ ਸਿੰਘ, ਹਰਭਜਨ ਸਿੰਘ, ਗੁਰਦਿਆਲ ਸਿੰਘ, ਦਿਲਬਾਗ ਸਿੰਘ, ਬਲਵੀਰ ਸਿੰਘ, ਸੁਖਵਿੰਦਰ ਸਿੰਘ, ਮੁਕੇਸ਼ ਕੁਮਾਰ ਆਦਿ ਮੌਜੂਦ ਸਨ।


Related News