ਸ਼ਾਹਕੋਟ ਹਲਕੇ 'ਚ ਹੋਵੇਗੀ ਤ੍ਰਿਕੋਣੀ ਟੱਕਰ,ਜਾਣੋ ਪਿਛਲੀਆਂ ਚੋਣਾਂ ਦਾ ਇਤਿਹਾਸ

Friday, Feb 18, 2022 - 04:14 PM (IST)

ਜਲੰਧਰ (ਵੈੱਬ ਡੈਸਕ) : ਹਲਕਾ ਨੰਬਰ (32)- 2007 ਅਤੇ ਇਸ ਤੋਂ ਪਹਿਲਾਂ ਇਹ ਹਲਕਾ ਚੋਣ ਕਮਿਸ਼ਨ ਦੀ ਸੂਚੀ ਵਿੱਚ ਲੋਹੀਆਂ 34 ਨੰਬਰ ਸੀ ਅਤੇ 2008 ਵਿੱਚ ਹੋਈ ਮੁਰੱਬਾਬੰਦੀ ਮਗਰੋਂ ਲੋਹੀਆਂ ਹਲਕੇ ਨੂੰ ਸ਼ਾਹਕੋਟ ਬਣਾ ਦਿੱਤਾ ਗਿਆ ਸੀ। ਹਲਕਾ ਨੰਬਰ 32 ਸ਼ਾਹਕੋਟ 'ਚ ਅਕਾਲੀ ਦਲ ਦਾ ਕਬਜ਼ਾ ਰਿਹਾ ਹੈ। 1997 ਤੋਂ ਲੈ ਕੇ 2017 ਤੱਕ ਲਗਾਤਾਰ 5 ਵਾਰ ਅਕਾਲੀ ਦਲ ਦੇ ਉਮੀਦਵਾਰ ਜਥੇਦਾਰ ਅਜੀਤ ਸਿੰਘ ਕੋਹਾੜ ਵਿਧਾਇਕ ਬਣੇ। 2018 ਵਿੱਚ ਅਜੀਤ ਸਿੰਘ ਕੋਹਾੜ ਦੇ ਅਕਾਲ ਚਲਾਣਾ ਕਰਨ ਮਗਰੋਂ ਜ਼ਿਮਨੀ ਚੋਣ ਵਿੱਚ ਕਾਂਗਰਸ ਦੇ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਨੇ ਅਕਾਲੀ ਦਲ ਦੇ ਉਮੀਦਵਾਰ ਜਥੇਦਾਰ ਕੋਹਾੜ ਦੇ ਪੁੱਤਰ ਨਾਇਬ ਸਿੰਘ ਕੋਹਾੜ ਨੂੰ 38802 ਵੋਟਾਂ ਦੇ ਫਰਕ ਨਾਲ ਹਰਾ ਕੇ ਵੱਡੀ ਜਿੱਤ ਹਾਸਲ ਕੀਤੀ। ਇਸ ਚੋਣ ਵਿੱਚ ਲਾਡੀ ਨੂੰ 82,747 ਅਤੇ ਨਾਇਬ ਸਿੰਘ ਕੋਹਾੜ ਨੂੰ 43,945 ਵੋਟਾਂ ਪਈਆਂ।'ਆਪ' ਦੇ ਉਮੀਦਵਾਰ ਰਤਨ ਸਿੰਘ ਕਾਕੜ ਕਲਾਂ ਨੂੰ ਸਿਰਫ਼ 1900 ਲੋਕਾਂ ਨੇ ਸਮਰਥਨ ਦਿੱਤਾ। ਇਸਦਾ ਵੱਡਾ ਕਾਰਨ 2017 ਵਿੱਚ 'ਆਪ' ਵੱਲੋਂ ਚੋਣ ਲੜੇ ਅਮਰਜੀਤ ਸਿੰਘ ਦਾ ਸ਼੍ਰੋਅਦ ਬਾਦਲ ਵਿੱਚ ਚਲੇ ਜਾਣਾ ਸੀ। 
1997 
1997 ਵਿੱਚ ਅਕਾਲੀ ਦਲ ਨੇ 75 ਸੀਟਾਂ ਜਿੱਤ ਕੇ ਪੂਰਨ ਬਹੁਮਤ ਨਾਲ ਸਰਕਾਰ ਬਣਾਈ ਸੀ ਤੇ ਲੋਹੀਆਂ ਹਲਕੇ ਤੋਂ ਅਜੀਤ ਸਿੰਘ ਕੋਹਾੜ ਨੇ ਕਾਂਗਰਸ ਦੇ ਚੌਧਰੀ ਦਰਸ਼ਨ ਸਿੰਘ ਨੂੰ ਮਿਲੀਆਂ ਮਹਿਜ 32,181 ਵੋਟਾਂ ਦੇ ਮੁਕਾਬਲੇ 59,341 ਵੋਟਾਂ ਪ੍ਰਾਪਤ ਕਰਕੇ ਵੱਡੀ ਜਿੱਤ ਹਾਸਲ ਕੀਤੀ।
2002
ਅਜੀਤ ਸਿੰਘ ਕੋਹਾੜ ਨੇ 48,787 ਵੋਟਾਂ ਹਾਸਲ ਕਰਕੇ ਕਾਂਗਰਸ ਦੇ ਸਾਬਕਾ ਗ੍ਰਹਿ ਮੰਤਰੀ ਬ੍ਰਿਜ ਭੁਪਿੰਦਰ ਸਿੰਘ ਲਾਲੀ ਨੂੰ ਮਿਲੀਆਂ 43,612 ਵੋਟਾਂ ਦੇ ਮੁਕਾਬਲੇ ਵਿੱਚ ਹਰਾਇਆ।ਜ਼ਿਕਰਯੋਗ ਹੈ ਕਿ 2002 ਵਿੱਚ ਪੰਜਾਬ ਕਾਂਗਰਸ ਨੇ ਕੁੱਲ 62  ਸੀਟਾਂ ਜਿੱਤ ਕੇ ਸਰਕਾਰ ਬਣਾਈ ਸੀ। ਇਸ ਤੋਂ ਬਾਅਦ ਲਗਾਤਾਰ 2 ਵਾਰੀ ਅਕਾਲੀ ਦਲ ਦੀ ਸਰਕਾਰ ਬਣੀ।
2007
2007 ਵਿੱਚ ਪੰਜਾਬ ਦੀਆਂ ਕੁੱਲ ਵਿਧਾਨ ਸਭਾ ਸੀਟਾਂ ਉੱਤੇ ਸ਼੍ਰੋਅਦ ਨੂੰ 48 ਅਤੇ ਕਾਂਗਰਸ ਨੂੰ 44 ਸੀਟਾਂ 'ਤੇ ਜਿੱਤ ਹਾਸਲ ਹੋਈ ਪਰ ਭਾਜਪਾ ਨਾਲ ਗਠਜੋੜ ਹੋਣ ਕਰਕੇ ਭਾਜਪਾ ਵੱਲੋਂ ਜਿੱਤੀਆਂ 19 ਸੀਟਾਂ ਮਿਲਾ ਕੇ ਅਕਾਲੀ ਦਲ ਨੇ ਸਰਕਾਰ ਬਣਾਈ। ਇਨ੍ਹਾਂ ਚੋਣਾਂ ਵਿੱਚ ਵੀ ਅਜੀਤ ਸਿੰਘ ਕੋਹਾੜ ਨੇ ਲੋਹੀਆਂ ਹਲਕੇ (2008 ਵਿੱਚ ਸ਼ਾਹਕੋਟ ਹਲਕਾ ਬਣਿਆ ਸੀ ਜੋ ਚੋਣ ਕਮਿਸ਼ਨ ਦੀ ਸੂਚੀ ਵਿੱਚ ਪਹਿਲਾਂ ਲੋਹੀਆਂ) ਤੋਂ ਲੜਦਿਆਂ 59,642 ਵੋਟਾਂ ਪ੍ਰਾਪਤ ਕਰਕੇ ਕਾਂਗਰਸ ਦੇ ਉਮੀਦਵਾਰ ਕਰਨਲ ਸੀ.ਡੀ. ਸਿੰਘ ਕੰਬੋਜ ਨੂੰ ਮਿਲੀਆਂ 40,351 ਵੋਟਾਂ ਨਾਲ ਹਰਾਇਆ।ਕਰਨਲ ਸੀ.ਡੀ. ਸਿੰਘ ਕੰਬੋਜ ਲਗਾਤਾਰ ਦੋ ਵਾਰ ਕਾਂਗਰਸ ਦੀ ਸੀਟ ਤੋਂ ਹਾਰਨ ਉਪਰੰਤ 2017 ਦੀਆਂ ਚੋਣਾਂ ਸਮੇਂ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ ਸਨ।ਇਸ ਕਾਰਜਕਾਲ ਦੌਰਾਨ ਅਜੀਤ ਸਿੰਘ ਕੋਹਾੜ ਨੇ ਕੈਬਨਿਟ ਮੰਤਰੀ ਵਜੋਂ Revenue and Rehabilitation ਮਹਿਕਮੇ ਦੀਆਂ ਸੇਵਾਵਾਂ ਨਿਭਾਈਆਂ।
2012 
ਕਾਂਗਰਸ ਦੇ ਉਮੀਦਵਾਰ ਕਰਨਲ ਸੀ.ਡੀ.ਸਿੰਘ ਕੰਬੋਜ ਨੂੰ ਮਿਲੀਆਂ 50,440 ਵੋਟਾਂ ਦੇ ਮੁਕਾਬਲੇ ਅਜੀਤ ਸਿੰਘ ਕੋਹਾੜ ਨੇ 55,875 ਵੋਟਾਂ ਹਾਸਲ ਕਰਕੇ ਹਰਾਇਆ।ਇਸ ਮੌਕੇ ਕੋਹਾੜ ਅਕਾਲੀ ਦਲ ਦੀ ਸਰਕਾਰ ਵਿੱਚ ਟਰਾਂਪੋਰਟ ਮੰਤਰੀ ਵੀ ਰਹੇ । 
2017 
 ਤਿਕੋਣੀ ਟੱਕਰ ਵਿੱਚ ਅਜੀਤ ਸਿੰਘ ਕੋਹਾੜ ਨੇ ਕਾਂਗਰਸ ਦੇ ਉਮੀਦਵਾਰ ਹਰਦੇਵ ਲਾਡੀ ਨੂੰ 42,008 ਅਤੇ 'ਆਪ' ਦੇ ਅਮਰਜੀਤ ਸਿੰਘ ਨੂੰ ਮਿਲੀਆਂ 41,010 ਵੋਟਾਂ ਦੇ ਮੁਕਾਬਲੇ 46,913 ਵੋਟਾਂ ਪ੍ਰਾਪਤ ਕਰਕੇ ਲਗਾਤਾਰ 5ਵੀਂ ਵਾਰ ਜਿੱਤ ਹਾਸਲ ਕੀਤੀ। ਅਮਰਜੀਤ ਸਿੰਘ ਚੋਣ ਹਾਰਨ ਮਗਰੋਂ ਅਕਾਲੀ ਦਲ ਵਿੱਚ ਚਲੇ ਗਏ ਸਨ।
2018
ਅਕਾਲੀ ਦਲ ਦੇ ਜੇਤੂ ਉਮੀਦਵਾਰ ਅਜੀਤ ਸਿੰਘ ਕੋਹਾੜ ਦੀ ਮੌਤ ਪਿੱਛੋਂ ਹੋਈ ਜ਼ਿਮਨੀ ਚੋਣ ਵਿੱਚ ਵਿੱਚ ਕਾਂਗਰਸ ਦੇ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਨੇ ਕੋਹਾੜ ਦੇ ਪੁੱਤਰ ਨਾਇਬ ਕੋਹਾੜ ਨੂੰ ਵੱਡੀ ਲੀਡ ਨਾਲ ਹਰਾਇਆ।  
PunjabKesari
2022 ਦੀਆਂ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਜਥੇਦਾਰ ਕੋਹਾੜ ਦਾ ਪੋਤਾ ਬਚਿੱਤਰ ਸਿੰਘ ਕੋਹਾੜ, ਕਾਂਗਰਸ ਵੱਲੋਂ ਮੌਜੂਦਾ ਵਿਧਾਇਕ ਲਾਡੀ ਸ਼ੇਰੋਵਾਲੀਆ, 'ਆਪ' ਵੱਲੋਂ ਜ਼ਿਮਨੀ ਚੋਣ 'ਚ ਸਿਰਫ਼ ਕਰੀਬ 1900 ਵੋਟਾਂ ਹਾਸਲ ਕਰਨ ਵਾਲੇ ਉਮੀਦਵਾਰ ਰਤਨ ਸਿੰਘ ਕਾਕੜ ਕਲਾਂ ਨੂੰ ਉਮੀਦਵਾਰ ਬਣਾਇਆ ਗਿਆ ਹੈ।ਸੰਯੁਕਤ ਸਮਾਜ ਮੋਰਚਾ ਵੱਲੋਂ ਜਗਤਾਰ ਸਿੰਘ ਚੰਦੀ ਅਤੇ ਭਾਜਪਾ ਗਠਜੋੜ ਵੱਲੋਂ ਨਰਿੰਦਰਪਾਲ ਸਿੰਘ ਚੰਦੀ ਨੂੰ ਮੈਦਾਨ 'ਚ ਉਤਾਰਿਆ ਗਿਆ ਹੈ।

ਇਸ ਹਲਕੇ ਦੇ ਕੁੱਲ ਵੋਟਰਾਂ ਦੀ ਗਿਣਤੀ 181946 ਹੈ, ਜਿਨ੍ਹਾਂ 'ਚ 88230 ਪੁਰਸ਼ ਅਤੇ 93715 ਬੀਬੀਆਂ ਹਨ। 1 ਥਰਡ ਜੈਂਡਰ ਵੋਟਰ ਹੈ।


Anuradha

Content Editor

Related News