ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ''ਤੇ ਪਾਕਿ ਜਾਣ ''ਤੇ ਕੋਈ ਰੋਕ ਨਹੀਂ

Sunday, Oct 29, 2017 - 07:29 AM (IST)

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ''ਤੇ ਪਾਕਿ ਜਾਣ ''ਤੇ ਕੋਈ ਰੋਕ ਨਹੀਂ

ਅੰਮ੍ਰਿਤਸਰ  (ਪ੍ਰਵੀਨ ਪੁਰੀ) - ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਪਾਕਿਸਤਾਨ 'ਚ ਜਾ ਕੇ ਮਨਾਉਣ ਵਾਲੇ ਤਕਰੀਬਨ 2000 ਸ਼ਰਧਾਲੂਆਂ ਨੂੰ ਵੀਜ਼ੇ ਮਿਲ ਗਏ ਹਨ। ਭਾਰਤ ਸਰਕਾਰ ਵੱਲੋਂ ਉਨ੍ਹਾਂ ਨੂੰ ਜਿੱਥੇ ਇਸ ਵਾਰ ਪਾਕਿਸਤਾਨ ਜਾਣ ਦੇ ਵਿਚ ਕਿਸੇ ਤਰ੍ਹਾਂ ਦੀ ਕੋਈ ਵੀ ਰੁਕਾਵਟ ਪਾਏ ਜਾਣ ਦੀ ਸੰਭਾਵਨਾ ਨਹੀਂ ਹੈ, ਉਥੇ ਪਾਕਿਸਤਾਨ ਸਰਕਾਰ ਵੱਲੋਂ ਵੀ ਸਿੱਖ ਯਾਤਰੀਆਂ ਦੇ ਜਥੇ ਦਾ ਸਵਾਗਤ ਅਤੇ ਪ੍ਰਬੰਧ ਕਰਨ ਦੇ ਲਈ ਤਿਆਰੀਆਂ ਨੂੰ ਅੰਤਿਮ ਛੂਹਾਂ ਦੇ ਦਿੱਤੀਆਂ ਗਈਆਂ ਹਨ। ਪਾਕਿਸਤਾਨ ਓਕਾਬ ਬੋਰਡ ਦੇ ਚੇਅਰਮੈਨ ਸਦੀਕ-ਉੱਲ-ਫਰੂਕ, ਐਡੀਸ਼ਨਲ ਸੈਕਟਰੀ ਇਮਰਾਨ ਗੌਂਦਲ ਅਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤਾਰਾ ਸਿੰਘ ਅਤੇ ਉਥੋਂ ਦੀਆਂ ਸਿੱਖ ਸੰਗਤਾਂ ਵੀ ਭਾਰਤ ਤੋਂ ਆਉਣ ਵਾਲੇ ਸਿੱਖ ਜਥੇ ਦੇ ਸਵਾਗਤ ਲਈ ਪੂਰਾ ਚਾਅ ਕਰ ਰਹੀਆਂ ਹਨ।
2 ਨਵੰਬਰ ਨੂੰ ਅਟਾਰੀ ਬਾਰਡਰ ਤੋਂ ਤਿੰਨ ਵਿਸ਼ੇਸ਼ ਰੇਲ ਗੱਡੀਆਂ ਰਾਹੀਂ ਜਥਾ ਰਵਾਨਾ ਹੋਵੇਗਾ, ਜਿਸ ਦਾ ਸਭ ਤੋਂ ਪਹਿਲਾਂ ਸਵਾਗਤ ਪਾਕਿਸਤਾਨ ਵੱਲੋਂ ਵਾਹਗਾ ਬਾਰਡਰ 'ਤੇ ਪ੍ਰੰਪਰਿਕ ਤਰੀਕੇ ਨਾਲ ਗੁਲਾਬ ਦੇ ਫੁੱਲਾਂ ਦੀ ਵਰਖਾ ਕਰ ਕੇ ਹੋਵੇਗਾ। 2 ਨਵੰਬਰ ਨੂੰ ਹੀ ਸ੍ਰੀ ਅਖੰਡ ਪਾਠ ਸਾਹਿਬ ਗੁਰਦੁਆਰਾ ਨਨਕਾਣਾ ਸਾਹਿਬ ਵਿਖੇ ਸ਼ੁਰੂ ਹੋਵੇਗਾ ਅਤੇ 4 ਨਵੰਬਰ ਨੂੰ ਸ਼ਰਧਾ ਭਾਵਨਾ ਨਾਲ ਪ੍ਰਕਾਸ਼ ਪੁਰਬ ਮਨਾਏ ਜਾਣ ਉਪਰੰਤ ਜਥਾ ਪਾਕਿਸਤਾਨ ਵਿਚ ਸਥਿਤ ਹੋਰ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਉਪਰੰਤ 11 ਨਵੰਬਰ ਨੂੰ ਵਾਪਸ ਦੇਸ਼ ਪਰਤੇਗਾ। ਓਕਾਬ ਬੋਰਫ ਦੇ ਚੇਅਰਮੈਨ ਸਦੀਕ-ਉਲ-ਫਰੂਕ ਨੇ ਕਿਹਾ ਹੈ ਕਿ ਭਾਰਤ ਤੋਂ ਇਲਾਵਾ ਹੋਰ ਵੀ ਦੇਸ਼ਾਂ ਤੋਂ ਵੱਡੀ ਸੰਖਿਆ ਦੇ ਵਿਚ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨਨਕਾਣਾ ਸਾਹਿਬ ਪੁੱਜ ਰਹੀਆਂ ਹਨ, ਜਿਨ੍ਹਾਂ ਦਾ ਪ੍ਰਬੰਧ ਸੂਬਾ ਅਤੇ ਪਾਕਿਸਤਾਨ ਸਰਕਾਰ ਵੱਲੋਂ ਪੂਰੀ ਤਰ੍ਹਾਂ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸੁਰੱਖਿਆ ਨੂੰ ਲੈ ਕੇ ਵੀ ਪੂਰੇ ਪ੍ਰਬੰਧ ਕੀਤੇ ਗਏ ਹਨ। ਐਡੀਸ਼ਨਲ ਸੈਕਟਰੀ ਫਰਾਜ ਅੱਬਾਸ ਨੇ ਦੱਸਿਆ ਕਿ ਸਾਰੀਆਂ ਸੁੱਖ ਸਹੂਲਤਾਂ ਯਾਤਰਾ ਖਰਚੇ ਨੂੰ ਕੱਢ ਕੇ ਪਾਕਿਸਤਾਨ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਹਨ।
ਜ਼ਿਕਰਯੋਗ ਹੈ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਅਤੇ ਮਹਾਰਾਜਾ ਰਣਜੀਤ ਸਿੰਘ ਜੀ ਦੀ ਬਰਸੀ ਮੌਕੇ ਭਾਰਤ ਸਰਕਾਰ ਵੱਲੋਂ ਸੁਰੱਖਿਆ ਦੇ ਮੱਦੇਨਜ਼ਰ ਸਿੱਖ ਜਥਿਆਂ ਨੂੰ ਵੀਜ਼ੇ ਲੱਗਣ ਦੇ ਬਾਵਜੂਦ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਸੀ, ਜਿਸ ਦੀ ਸੰਭਾਵਨਾ ਦੇ ਮੱਦੇਨਜ਼ਰ ਇਸ ਵਾਰ ਸਿੱਖ ਸੰਗਤਾਂ ਵੱਲੋਂ ਪਾਕਿਸਤਾਨ ਜਾਣ ਦੀ ਦਿਲਚਸਪੀ ਬਹੁਤ ਘੱਟ ਵਿਖਾਈ ਗਈ ਸੀ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਭਾਈ ਮਰਦਾਨਾ ਯਾਦਗਾਰੀ ਕੀਰਤਨ ਦਰਬਾਰ ਸੁਸਾਇਟੀ ਤੇ ਸਿੱਖ ਯਾਤਰੀ ਜਥੇ ਵੱਲੋਂ ਭੇਜੇ ਗਏ ਤਕਰੀਬਨ 2000 ਵੀਜ਼ਿਆਂ ਨੂੰ ਪ੍ਰਵਾਨਗੀ ਮਿਲ ਗਈ ਹੈ। ਸ਼੍ਰੋਮਣੀ ਕਮੇਟੀ ਦੇ ਸਕੱਤਰ ਰੂਪ ਸਿੰਘ ਨੇ ਕਿਹਾ ਹੈ ਕਿ ਸ਼੍ਰੋਮਣੀ ਕਮੇਟੀ ਵੱਲੋਂ ਭੇਜੇ ਗਏ ਵੀਜ਼ੇ ਹਾਈ ਕਮਿਸ਼ਨ ਵੱਲੋਂ ਪ੍ਰਵਾਨ ਕਰ ਲਏ ਗਏ ਹਨ ਪਰ ਇਨ੍ਹਾਂ ਬਾਰੇ ਵਿਸਥਾਰ ਵਿਚ 1 ਨਵੰਬਰ ਨੂੰ ਹੀ ਦੱਸਿਆ ਜਾ ਸਕਦਾ ਹੈ।


Related News