ਜਨਤਕ ਪਖਾਨਿਆਂ ਦੀ ਘਾਟ ਬਣ ਰਹੀ ਹੈ ਸਫਾਈ ਮੁਹਿੰਮ ''ਚ ਅੜਿੱਕਾ

Friday, Nov 24, 2017 - 02:46 AM (IST)

ਜਨਤਕ ਪਖਾਨਿਆਂ ਦੀ ਘਾਟ ਬਣ ਰਹੀ ਹੈ ਸਫਾਈ ਮੁਹਿੰਮ ''ਚ ਅੜਿੱਕਾ

ਰੂਪਨਗਰ, (ਕੈਲਾਸ਼)- ਭਾਰਤ ਨੂੰ ਸਾਫ-ਸੁਥਰਾ ਬਣਾਉਣ ਲਈ ਕੇਂਦਰ ਦੀ ਮੋਦੀ ਸਰਕਾਰ ਪੂਰਾ ਜ਼ੋਰ ਲਾ ਰਹੀ ਹੈ ਤੇ ਲੋਕਾਂ ਨੂੰ ਖੁੱਲ੍ਹੇ 'ਚ ਪਖਾਨਾ ਜਾਣ ਤੋਂ ਰੋਕਣ ਸੰਬੰਧੀ ਜਾਗਰੂਕ ਕਰਨ ਲਈ ਰੋਜ਼ਾਨਾ ਅਖਬਾਰਾਂ ਤੇ ਟੀ. ਵੀ. ਚੈਨਲਾਂ 'ਚ ਇਸ਼ਤਿਹਾਰ ਵੀ ਦੇ ਰਹੀ ਹੈ।
ਇਥੋਂ ਤੱਕ ਕਿ ਸੁਪਰ ਸਟਾਰ ਅਮਿਤਾਭ ਬੱਚਨ ਵੱਲੋਂ ਵੀ 'ਦਰਵਾਜ਼ਾ ਬੰਦ ਤੋ ਬੀਮਾਰੀ ਬੰਦ' ਦੇ ਇਸ਼ਤਿਹਾਰ ਰਾਹੀਂ ਲੋਕਾਂ ਨੂੰ ਖੁੱਲ੍ਹੇ 'ਚ ਜਾਣ ਨਾਲ ਹੋਣ ਵਾਲੀਆਂ ਬੀਮਾਰੀਆਂ ਪ੍ਰਤੀ ਸੁਚੇਤ ਕੀਤਾ ਜਾ ਰਿਹਾ ਹੈ ਪਰ ਜ਼ਿਲਾ ਪ੍ਰਸ਼ਾਸਨ ਰੂਪਨਗਰ ਕੇਂਦਰ ਸਰਕਾਰ ਦੀ ਵਿਚਾਰਧਾਰਾ ਤੋਂ ਦੂਰ ਲੋਕਾਂ ਨੂੰ ਪਖਾਨੇ ਦੀ ਸਹੂਲਤ ਮੁਹੱਈਆ ਕਰਵਾਉਣ 'ਚ ਅਸਫਲ ਸਿੱਧ ਹੋ ਰਿਹਾ ਹੈ, ਜਿਸ ਕਾਰਨ ਸ਼ਹਿਰ ਵਾਸੀਆਂ ਤੇ ਬਾਹਰੋਂ ਆਉਣ ਵਾਲੇ ਲੋਕਾਂ ਨੂੰ ਪਖਾਨਾ ਜਾਣ ਲਈ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਪੁਰਾਣੇ ਬੱਸ ਅੱਡੇ ਤੋਂ ਲੈ ਕੇ ਬੇਲਾ ਚੌਕ ਤੱਕ ਨਹੀਂ ਹੈ ਕੋਈ ਜਨਤਕ ਪਖਾਨਾ
ਇਸ ਸੰਬੰਧੀ ਪੰਜਾਬ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਸੁਖਵਿੰਦਰ ਸਿੰਘ ਵ੍ਹਿਸਕੀ, ਸੀਨੀਅਰ ਸਿਟੀਜ਼ਨ ਵੈੱਲਫੇਅਰ ਕੌਂਸਲ ਦੇ ਜਨਰਲ ਸਕੱਤਰ ਆਰ. ਕੇ. ਭੱਲਾ, ਬੀ. ਜੇ. ਪੀ. ਯੁਵਾ ਮੋਰਚਾ ਦੇ ਜਨਰਲ ਸਕੱਤਰ ਅਭਿਜੀਤ ਆਹੂਜਾ ਨੇ ਦੱਸਿਆ ਕਿ ਪੁਰਾਣੇ ਬੱਸ ਅੱਡੇ ਤੋਂ ਜਦੋਂ ਕੋਈ ਮੁਸਾਫਿਰ ਸ਼ਹਿਰ 'ਚ ਆਉਂਦਾ ਹੈ ਤਾਂ ਉਸ ਨੂੰ ਰਾਮਲੀਲਾ ਮੈਦਾਨ ਰੋਡ, ਲਹਿਰੀਸ਼ਾਹ ਮੰਦਿਰ ਰੋਡ, ਹਸਪਤਾਲ ਰੋਡ ਤੇ ਬੇਲਾ ਚੌਕ ਤੱਕ ਪਖਾਨੇ ਦੀ ਸਹੂਲਤ ਨਹੀਂ ਮਿਲਦੀ, ਜਿਸ ਕਾਰਨ ਲੋਕਾਂ ਖਾਸ ਕਰਕੇ ਮਹਿਲਾਵਾਂ ਨੂੰ ਲੋਕਾਂ ਦੇ ਘਰਾਂ, ਸਰਕਾਰੀ ਦਫਤਰਾਂ ਤੇ ਹਸਪਤਾਲਾਂ 'ਚ ਮਜਬੂਰਨ ਜਾਣਾ ਪੈਂਦਾ ਹੈ।
ਨਗਰ ਸੁਧਾਰ ਟਰੱਸਟ ਵੱਲੋਂ ਬਣਾਏ ਗਏ ਪਖਾਨਿਆਂ 'ਤੇ ਲਟਕ ਰਹੇ ਨੇ ਤਾਲੇ
ਭਾਵੇਂ ਨਗਰ ਸੁਧਾਰ ਟਰੱਸਟ ਵੱਲੋਂ ਰਾਮਲੀਲਾ ਗਰਾਊਂਡ ਨੇੜੇ ਗੁਰੂ ਨਾਨਕ ਦੇਵ ਮਾਰਕੀਟ ਦੇ ਨਿਰਮਾਣ ਸਮੇਂ ਪਖਾਨਾ ਬਣਾਇਆ ਗਿਆ ਸੀ ਪਰ ਕਈ ਸਾਲਾਂ ਤੋਂ ਇਸ 'ਤੇ ਤਾਲਾ ਲਟਕਦਾ ਦਿਖਾਈ ਦਿੰਦਾ ਹੈ। ਇਥੋਂ ਤੱਕ ਕਿ ਮਾਰਕੀਟ ਦੇ ਲੋਕਾਂ ਨੇ ਉਕਤ ਪਖਾਨੇ ਨੂੰ ਚਾਲੂ ਕਰਵਾਉਣ ਲਈ ਇਕ ਪਾਣੀ ਦੀ ਟੈਂਕੀ ਵੀ ਆਪਣੇ ਨਿੱਜੀ ਖਰਚੇ 'ਤੇ ਰਖਵਾਈ ਸੀ ਪਰ ਪਾਣੀ ਦੀ ਸਪਲਾਈ ਨਾ ਮਿਲਣ ਕਾਰਨ ਪਖਾਨੇ ਨੂੰ ਚਾਲੂ ਨਹੀਂ ਕੀਤਾ ਜਾ ਸਕਿਆ। ਇਸ ਤੋਂ ਇਲਾਵਾ ਬੇਲਾ ਚੌਕ ਦੇ ਅੰਦਰ ਟਰੱਸਟ ਵੱਲੋਂ ਮਾਰਕੀਟ ਬਣਾਉਣ ਸਮੇਂ ਬਣਾਇਆ ਗਿਆ ਪਖਾਨਾ ਵੀ ਕਈ ਸਾਲਾਂ ਤੋਂ ਬੰਦ ਹੈ।
ਲੱਖਾਂ ਰੁਪਏ ਖਰਚਣ ਤੋਂ ਬਾਅਦ ਵੀ ਨਹੀਂ ਮਿਲੀ ਸਹੂਲਤ
ਨਗਰ ਕੌਂਸਲ ਨੇ ਬੇਲਾ ਚੌਕ 'ਚ ਬਣੇ ਪਖਾਨੇ ਨੂੰ ਚਾਲੂ ਕਰਨ ਲਈ ਕੁਝ ਸਾਲ ਪਹਿਲਾਂ ਇਸ 'ਤੇ ਲੱਖਾਂ ਰੁਪਏ ਖਰਚੇ ਪਰ ਸਾਂਭ-ਸੰਭਾਲ ਦੀ ਘਾਟ ਕਾਰਨ ਇਹ ਮੁੜ ਬੰਦ ਹੋ ਗਿਆ ਤੇ ਇਸ ਦੇ ਦਰਵਾਜ਼ਿਆਂ 'ਤੇ ਵੀ ਤਾਲੇ ਲਟਕ ਗਏ। ਸ਼ਹਿਰ 'ਚ ਪਖਾਨਿਆਂ ਦੀ ਘਾਟ ਕਾਰਨ ਲੋਕ ਖੁੱਲ੍ਹੇ 'ਚ ਹੀ ਜਾਣ ਲਈ ਮਜਬੂਰ ਹਨ। ਇਸ ਸੰਬੰਧ 'ਚ ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਲੋਕਾਂ ਨੂੰ ਖੁੱਲ੍ਹੇ 'ਚ ਜਾਣ ਤੋਂ ਤਾਂ ਹੀ ਰੋਕਿਆ ਜਾ ਸਕਦਾ ਹੈ ਜੇਕਰ ਉਨ੍ਹਾਂ ਨੂੰ ਪ੍ਰਸ਼ਾਸਨ ਵੱਲੋਂ ਜਨਤਕ ਪਖਾਨੇ ਦੀ ਸਹੂਲਤ ਮੁਹੱਈਆ ਕਰਵਾਈ ਜਾਵੇ। ਇਲਾਕਾ ਵਾਸੀਆਂ ਨੇ ਜ਼ਿਲਾ ਪ੍ਰਸ਼ਾਸਨ ਤੋਂ ਪੁਰਾਣੇ ਬੱਸ ਅੱਡੇ ਤੇ ਸ਼ਹਿਰ ਦੀਆਂ ਮਹੱਤਵਪੂਰਨ ਥਾਵਾਂ 'ਤੇ ਪਖਾਨੇ ਬਣਾਉਣ ਦੀ ਮੰਗ ਕੀਤੀ ਹੈ।


Related News