ਪੰਜਾਬ ਵਾਪਸ ਪਰਤਣ ਦੀ ਇੱਛਾ ''ਚ ਹਨ 11 ਹਜ਼ਾਰ ਪੰਜਾਬੀ

05/04/2020 8:59:23 PM

ਚੰਡੀਗੜ੍ਹ, (ਰਮਨਜੀਤ)— ਜਿੱਥੇ ਇਕ ਪਾਸੇ ਪੰਜਾਬ ਸਰਕਾਰ ਪੰਜਾਬ ਤੋਂ ਆਪਣੇ-ਆਪਣੇ ਸੂਬਿਆਂ ਨੂੰ ਪਰਤਣ ਵਾਲੇ ਮਜ਼ਦੂਰਾਂ ਲਈ ਉਨ੍ਹਾਂ ਦੀ ਰਜਿਸਟ੍ਰੇਸ਼ਨ ਦਾ ਕੰਮ ਕਰ ਰਹੀ ਹੈ, ਉਥੇ ਹੀ ਦੇਸ਼ ਅਤੇ ਵਿਦੇਸ਼ਾਂ 'ਚ ਫਸੇ ਹੋਏ ਪੰਜਾਬੀਆਂ ਵਲੋਂ ਵੀ ਆਪਣੇ ਗ੍ਰਹਿ ਰਾਜ ਪੰਜਾਬ ਪਰਤਣ ਲਈ ਪੰਜਾਬ ਸਰਕਾਰ ਤਕ ਪਹੁੰਚ ਕੀਤੀ ਗਈ ਹੈ।
ਸਰਕਾਰ ਕੋਲ ਇਕੱਠੀ ਹੋਈ ਸੂਚਨਾ ਮੁਤਾਬਕ ਦੇਸ਼ ਦੇ ਵੱਖ-ਵੱਖ 35 ਸੂਬਿਆਂ ਅਤੇ ਯੂ. ਟੀ. ਤੋਂ ਤਕਰੀਬਨ 11,000 ਲੋਕਾਂ ਨੇ ਪੰਜਾਬ ਪਰਤਣ ਲਈ ਅਪਲਾਈ ਕੀਤਾ ਹੈ, ਜਦੋਂ ਕਿ ਦੁਨੀਆਂ ਦੇ 86 ਮੁਲਕਾਂ ਤੋਂ ਇੰਝ ਹੀ 2,200 ਦੇ ਕਰੀਬ ਅਰਜੀਆਂ ਪੰਜਾਬ ਸਰਕਾਰ ਤਕ ਪਹੁੰਚੀਆਂ ਹਨ।
ਪੰਜਾਬ ਤੋਂ ਆਪਣੇ ਸੂਬਿਆਂ ਨੂੰ ਵਾਪਸ ਜਾਣ ਦੇ ਚਾਹਵਾਨ ਮਜ਼ਦੂਰਾਂ ਦਾ ਅੰਕੜਾ ਜੋ ਕਿ ਐਤਵਾਰ ਨੂੰ 6,40,000 ਸੀ, ਉਹ ਸੋਮਵਾਰ ਸ਼ਾਮ ਨੂੰ ਵਧ ਕੇ 8.50 ਲੱਖ ਦੇ ਕਰੀਬ ਹੋ ਗਿਆ ਹੈ। ਇਸ 'ਚ ਸਭ ਤੋਂ ਜ਼ਿਆਦਾ ਗਿਣਤੀ ਲੁਧਿਆਣਾ ਤੋਂ ਜਾਣ ਦੀ ਚਾਹ ਰੱਖਣ ਵਾਲਿਆਂ ਦੀ ਹੈ ਜੋ ਕਿ ਤਕਰੀਬਨ 4.50 ਲੱਖ ਬਣਦੀ ਹੈ।
ਉਧਰ ਦੇਸ਼ ਦੇ ਹੋਰ ਸੂਬਿਆਂ ਤੋਂ ਪਰਤਣ ਲਈ ਉਮੀਦ ਲਾਈ ਬੈਠੇ ਪੰਜਾਬੀਆਂ ਦੀ ਗਿਣਤੀ ਵੀ ਚੰਗੀ ਖਾਸੀ ਹੈ। ਇਨ੍ਹਾਂ 'ਚ ਉਤਰ ਪ੍ਰਦੇਸ਼ ਤੋਂ ਪੰਜਾਬ ਪਰਤਣ ਲਈ 1836, ਮਹਾਰਾਸ਼ਟਰ ਤੋਂ 899, ਬਿਹਾਰ ਤੋਂ 911, ਦਿੱਲੀ ਤੋਂ 786 ਪੰਜਾਬੀਆਂ ਨੇ ਪੰਜਾਬ ਪਰਤਣ ਦੀ ਗੁਹਾਰ ਲਾਈ ਹੈ। ਇਨ੍ਹਾਂ ਤੋਂ ਇਲਾਵਾ ਅੰਡੇਮਾਨ ਨਿਕੋਬਾਰ ਤੋਂ 3, ਆਂਧਰਾ ਪ੍ਰਦੇਸ਼ ਤੋਂ 115, ਅਰੁਣਾਚਲ ਪ੍ਰਦੇਸ਼ ਤੋਂ 1, ਆਸਾਮ ਤੋਂ 29, ਚੰਡੀਗੜ੍ਹ ਤੋਂ 253, ਛੱਤੀਗੜ੍ਹ ਤੋਂ 74, ਦਾਦਰਾ ਅਤੇ ਨਗਰ ਹਵੇਲੀ ਤੋਂ 4, ਦਮਨ ਐਂਡ ਦਿਉ ਤੋਂ 3, ਗੋਆ ਤੋਂ 22, ਗੁਜਰਾਤ ਤੋਂ 431, ਹਰਿਆਣਾ ਤੋਂ 710, ਹਿਮਾਚਲ ਪ੍ਰਦੇਸ਼ ਤੋਂ 430, ਜੰਮੂ ਕਸ਼ਮੀਰ ਤੋਂ 174, ਝਾਰਖੰਡ ਤੋਂ 126, ਕਰਨਾਟਕਾ ਤੋਂ 348, ਕੇਰਲਾ ਤੋਂ 38, ਮੱਧ ਪ੍ਰਦੇਸ਼ ਤੋਂ 204, ਮਣੀਪੁਰ ਤੋਂ ਤਿੰਨ, ਮੇਘਾਲਿਆ ਤੋਂ ਦੋ, ਮਿਜ਼ੋਰਮ ਤੋਂ ਇੱਕ, ਓੜੀਸ਼ਾ ਤੋਂ 61, ਪੇਡੁਚੇਰੀ ਤੋਂ ਇੱਕ, ਰਾਜਸਥਾਨ ਤੋਂ 534, ਸਿਕਿਮ ਤੋਂ ਇੱਕ, ਤਮਿਲਨਾਡੂ ਤੋਂ 166, ਤੇਲੰਗਾਨਾ ਤੋਂ 139, ਤਿਰਪੁਰਾ ਤੋਂ ਇੱਕ, ਉਤਰਾਖੰਡ ਤੋਂ 243 ਅਤੇ ਪੱਛਮੀ ਬੰਗਾਲ ਤੋਂ 183 ਲੋਕਾਂ ਨੇ ਪਰਤਣ ਲਈ ਅਪਲਾਈ ਕੀਤਾ ਹੈ।
ਇਸੇ ਤਰ੍ਹਾਂ ਦੁਨੀਆਂ ਦੇ ਵੱਖ-ਵੱਖ ਦੇਸ਼ਾਂ ਤੋਂ ਆਉਣ ਵਾਲਿਆਂ 'ਚ ਸਭ ਤੋਂ ਜ਼ਿਆਦਾ ਗਿਣਤੀ ਯੂਨਾਈਟੇਡ ਅਰਬ ਅਮੀਰਾਤ ਤੋਂ 440, ਆਸਟ੍ਰੇਲੀਆ ਤੋਂ 408, ਕੈਨੇਡਾ ਤੋਂ 330, ਮਲੇਸ਼ੀਆ ਤੋਂ 105, ਕਤਰ ਤੋਂ 62, ਕੁਵੈਤ ਤੋਂ 53, ਨਿਊਜ਼ੀਲੈਂਡ ਤੋਂ 48, ਸਿੰਗਾਪੁਰ ਤੋਂ 68, ਅਮਰੀਕਾ ਤੋਂ 117, ਯੂਨਾਈਟੇਡ ਕਿੰਗਡਮ ਤੋਂ 88, ਯੂਕਰੇਨ ਤੋ 99 ਅਤੇ ਕਈ ਹੋਰ ਦੇਸ਼ਾਂ ਤੋਂ ਇੱਕ ਤੋਂ ਲੈਕੇ 20 ਤੱਕ ਦੀ ਗਿਣਤੀ 'ਚ ਲੋਕਾਂ ਨੇ ਪੰਜਾਬ ਪਰਤਣ ਦੀ ਇੱਛਾ ਸਾਫ਼ ਕੀਤੀ ਹੈ। ਵਿਦੇਸ਼ਾਂ ਤੋਂ ਪੰਜਾਬ ਪਰਤਣ ਲਈ ਸੋਮਵਾਰ ਸ਼ਾਮ ਤੱਕ 2122 ਲੋਕਾਂ ਨੇ ਸੰਪਰਕ ਸਾਧਿਆ ਹੈ।


KamalJeet Singh

Content Editor

Related News