ਗੁਰਦੁਆਰਾ ਸਾਹਿਬ ਮੱਥਾ ਟੇਕਣ ਗਿਆ ਸੀ ਪਰਿਵਾਰ, ਮਗਰੋਂ ਨਕਦੀ ਤੇ ਗਹਿਣੇ ਲੈ ਕੇ ਰਫੂ-ਚੱਕਰ ਹੋਏ ਚੋਰ
Saturday, Mar 11, 2023 - 09:27 PM (IST)
ਦੋਰਾਹਾ (ਵਿਨਾਇਕ) : ਥਾਣਾ ਦੋਰਾਹਾ ਅਧੀਨ ਪੈਂਦੇ ਪਿੰਡ ਗੁਰਦਿੱਤਪੁਰਾ ਵਿਖੇ ਅਣਪਛਾਤੇ ਚੋਰਾਂ ਨੇ ਇਕ ਘਰ ਚ ਚੋਰੀ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ ਹੈ। ਜਾਣਕਾਰੀ ਮੁਤਾਬਿਕ ਪਿੰਡ ਗੁਰਦਿੱਤਪੁਰਾ ਦਾ ਇਕ ਪਰਿਵਾਰ ਦਿਨ ਵੇਲੇ ਇਤਿਹਾਸਕ ਗੁਰਦੁਆਰਾ ਕਟਾਣਾ ਸਾਹਿਬ ਵਿਖੇ ਮੱਥਾ ਟੇਕਣ ਲਈ ਗਿਆ ਹੋਇਆ ਸੀ ਤਾਂ ਅਣਪਛਾਤੇ ਚੋਰਾਂ ਨੇ ਉਸਦੇ ਘਰ ਦੇ ਜਿੰਦਰੇ ਭੰਨ ਕੇ ਘਰ ਵਿੱਚੋਂ 80 ਹਜ਼ਾਰ ਰੁਪਏ ਦੀ ਨਕਦੀ ਅਤੇ ਸੋਨੇ ਦੇ ਗਹਿਣੇ ਚੋਰੀ ਕਰ ਲਏ। ਇਸ ਦਿਨ ਦਿਹਾੜੇ ਹੋਈ ਚੋਰੀ ਦੀ ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਦੋਰਾਹਾ ਦੀ ਪੁਲਸ ਨੇ ਮੌਕੇ ’ਤੇ ਪੁੱਜ ਕੇ ਘਟਨਾ ਦੀ ਬਾਰੀਕੀ ਨਾਲ ਜਾਂਚ ਕਰਦਿਆਂ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪੁਲਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਪ੍ਰਗਟ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਪਿੰਡ ਗੁਰਦਿੱਤਪੁਰਾ ਥਾਣਾ ਦੋਰਾਹਾ, ਜ਼ਿਲ੍ਹਾ ਲੁਧਿਆਣਾ ਜੋ ਕਿ ਇੱਕ ਨਿੱਜੀ ਬੱਸ ਕੰਪਨੀ ਵਿੱਚ ਬਤੌਰ ਇੰਚਾਰਜ ਕੰਮ ਕਰਦਾ ਹੈ, ਆਪਣੇ ਪਰਿਵਾਰ ਸਮੇਤ 5 ਅਪ੍ਰੈਲ ਨੂੰ ਸਵੇਰੇ 10.15 ਵਜੇ ਕਰੀਬ ਗੁਰਦੁਆਰਾ ਕਟਾਣਾ ਸਾਹਿਬ ਵਿਖੇ ਮੱਥਾ ਟੇਕਣ ਲਈ ਗਿਆ ਸੀ। ਦੁਪਹਿਰ ਕਰੀਬ 12.30 ਵਜੇ ਜਦੋਂ ਉਹ ਆਪਣੇ ਪਰਿਵਾਰ ਸਮੇਤ ਘਰ ਪਰਤਿਆ ਅਤੇ ਗੇਟ ਖੋਲ੍ਹ ਕੇ ਅੰਦਰ ਗਿਆ ਤਾਂ ਦੇਖਿਆ ਕਿ ਘਰ ਦੇ ਮੁੱਖ ਗੇਟ ਦੇ ਦਰਵਾਜ਼ੇ ਦਾ ਤਾਲਾ ਟੁੱਟਿਆ ਹੋਇਆ ਸੀ ਅਤੇ ਕਮਰੇ ਵਿੱਚ ਰੱਖਿਆ ਸਾਮਾਨ ਖਿਲਰਿਆ ਪਿਆ ਸੀ। ਅਲਮਾਰੀ ਦੇ ਲਾਕਰ ਦਾ ਤਾਲਾ ਵੀ ਟੁੱਟਿਆ ਹੋਇਆ ਸੀ ਅਤੇ ਲਾਕਰ ਦੀ ਜਾਂਚ ਕਰਨ 'ਤੇ ਪਤਾ ਲੱਗਾ ਕਿ 80 ਹਜ਼ਾਰ ਰੁਪਏ ਅਤੇ ਸੋਨੇ ਦੇ ਗਹਿਣੇ ਉਸ ਵਿੱਚੋਂ ਗਾਇਬ ਸਨ।
ਸ਼ਿਕਾਇਤਕਰਤਾ ਪ੍ਰਗਟ ਸਿੰਘ ਨੇ ਅੱਗੇ ਦੱਸਿਆ ਕਿ ਇਸ ਤੋਂ ਇਲਾਵਾ ਥਾਣਾ ਦੋਰਾਹਾ ਦੇ ਪਿੰਡ ਦੀਪ ਨਗਰ ਦੇ ਰਹਿਣ ਵਾਲੇ ਸੁਖਦੇਵ ਸਿੰਘ ਪੁੱਤਰ ਅਨੋਖ ਸਿੰਘ ਦੇ ਘਰ ਵੀ ਬੀਤੇ ਦਿਨੀਂ ਅਣਪਛਾਤੇ ਚੋਰਾਂ ਨੇ ਘਰ ਦੇ ਜਿੰਦਰੇ ਭੰਨ੍ਹ ਕੇ ਨਕਦੀ ਅਤੇ ਗਹਿਣੇ ਚੋਰੀ ਕਰ ਲਏ ਹਨ। ਇਸ ਮਾਮਲੇ ਦੀ ਜਾਂਚ ਕਰ ਰਹੇ ਏ.ਐੱਸ.ਆਈ ਹਾਕਮ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਪ੍ਰਗਟ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਅਣਪਛਾਤੇ ਦੋਸ਼ੀਆਂ ਖਿਲਾਫ਼ ਚੋਰੀ ਦੀ ਦਾਰਾ 454,380 ਆਈ.ਪੀ.ਸੀ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਪੁਲਸ ਦੋਸ਼ੀਆਂ ਦੀ ਪਛਾਣ ਲਈ ਪਿੰਡ ਵਿੱਚ ਅਤੇ ਆਲੇ ਦੁਆਲੇ ਲੱਗੇ ਹੋਏ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ।