ਪਿੰਡ ਸਿੰਘਾਂਵਾਲਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ’ਚ ਚੋਰੀ

08/27/2018 2:00:26 AM

ਮੋਗਾ, (ਸੰਦੀਪ)- ਪਿਛਲੇ ਕੁਝ ਦਿਨਾਂ ਤੋਂ ਇਲਾਕੇ ਵਿਚ ਲਗਾਤਾਰ ਹੋ ਰਹੀਆਂ ਚੋਰੀ ਦੀਆਂ ਘਟਨਾਵਾਂ ਨੇ ਇਲਾਕਾ ਵਾਸੀਆ ਦੇ  ਦਿਲਾਂ ’ਚ ਦਹਿਸ਼ਤ ਦਾ ਮਾਹੋਲ ਬਣਾਇਆ ਹੋਇਆ ਹੈ। ਬੇਸ਼ੱਕ ਇਨਾਂ ਚੋਰੀ ਦੀਆਂ ਘਟਨਾਵਾਂ ਵਿਚੋਂ ਕੁਝ ਘਟਨਾਵਾਂ ਨੂੰ ਅੰਜ਼ਾਮ ਦੇਣ ਵਾਲਿਆਂ ਨੂੰ ਪੁਲਸ ਵਲੋਂ ਕਾਬੂ ਕਰ ਲਿਆ ਗਿਆ ਹੈ। ਪਰ ਇਸ ਦੇ ਬਾਵਜੂਦ ਵੀ  ਘਟਨਾਵਾਂ ਨੂੰ ਅੰਜ਼ਾਮ ਦੇਣ ਵਾਲੇ ਚੋਰ ਗਰੋਹਾਂ ’ਤੇ ਕੋਈ ਵੀ ਅਸਰ ਨਹੀਂ ਦਿੱਖ ਰਿਹਾ ਹੈ। ਕੁਝ ਦਿਨ ਪਹਿਲਾਂ ਪਿੰਡ ਚੰਦ ਨਵਾਂ ਵਿਚ ਐੱਨ. ਆਰ. ਆਈ ਦੀ ਕੋਠੀ, ਪਿੰਡ ਜੈਮਲਵਾਲਾ ਵਿਖੇ ਇਕ ਬਿਜਲੀ ਦੀ ਦੁਕਾਨ ਅਤੇ ਫੇਰ ਇਨ੍ਹਾਂ ਘਟਨਾਵਾਂ ਦੇ ਦੋ ਦਿਨ ਬਾਅਦ ਹੀ ਸਰਕਾਰੀ ਪ੍ਰਾਈਮਰੀ ਸਕੂਲ ਚੰਦ ਨਵਾਂ ਵਿਖੇ ਚੋਰਾਂ ਵਲੋਂ ਚੇਰੀ ਕਰਨ ਦੀਆਂ ਘਟਨਾਵਾਂ ਨੂੰ ਅੰਜ਼ਾਮ ਦਿੱਤਾ ਗਿਆ ਸੀ। ਜਿਸ ਤੋਂ ਕੁਝ ਦਿਨ ਬਾਆਦ ਹੀ ਪਿੰਡ ਸਿੰਘਾਂਵਾਲਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਚ ਸ਼ਨੀਵਾਰ ਦੀ ਰਾਤ ਨੂੰ ਅਣਪਛਾਤੇ ਚੋਰਾਂ ਨੇ ਸਕੂਲ ਦੇ ਸੀ. ਸੀ. ਟੀ. ਵੀ. ਕੈਮਰੇ ਅਤੇ ਪ੍ਰੋਜੈਕਟਰ ਚੋਰੀ ਕਰ ਲਿਆ। ਘਟਨਾ ਬਾਰੇ ਦੱਸਦੇ ਹੋਏ ਪਿੰਡ ਦੇ ਸਰਪੰਚ ਤੀਰਥ ਸਿੰਘ ਕਾਲਾ ਅਤੇ ਸਕੂਲ ਪ੍ਰਿੰਸੀਪਲ ਵਾਹਿਗੁਰੂ ਪਾਲ ਸਿੰਘ ਗਿੱਲ ਨੇ ਦੱਸਿਆ ਕਿ ਉਨ੍ਹਾਂ ਨੂੰ ਸਕੂਲ ਵਿਚ ਹੋਈ ਚੋਰੀ ਬਾਰੇ ਸਕੂਲ ਵਿਚ ਪੀ. ਟੀ. ਏ. ਫੰਡ ਤੋਂ ਬਤੋਰ ਚੌਂਕੀਦਾਰ ਰੱਖੇ ਗਏ ਗੁਰਪ੍ਰੀਤ ਸਿੰਘ ਨੇ ਦੱਸਿਆ। ਜਿਸ ’ਤੇ ਉਨ੍ਹਾਂ  ਵੱਲੋਂ ਮੌਕੇ ’ਤੇ ਪਹੁੰਚ ਕੇ ਜਾਇਜ਼ਾ ਲੈਣ ਤੋਂ ਬਾਅਦ ਘਟਨਾ ਦੀ ਸੂਚਨਾ ਥਾਣਾ ਚਡ਼ਿੱਕ ਪੁਲਸ ਨੂੰ ਦਿੱਤੀ ਗਈ। ਸਕੂਲ ਪ੍ਰਿੰਸੀਪਲ  ਵੱਲੋਂ ਚੋਰਾਂ ਵੱਲੋਂ ਸਕੂਲ ਦਾ ਹਜ਼ਾਰਾਂ ਰੁਪਏ ਦਾ ਨੁਕਸਾਨ ਕਰਨ ਦਾ ਖੁਲਾਸਾ ਕੀਤਾ। ਦੂਜੇ-ਪਾਸੇ ਸਕੂਲ ਵਿਚ ਡਿਊਟੀ ਕਰਨ ਵਾਲੇ ਚੋਂਕੀਦਾਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਸਦੀ ਸਿਹਤ ਠੀਕ ਨਾਂ ਹੋਣ ਕਰਕੇ ਦਵਾਈ ਲੈਣ ਕਰ ਕੇ ਉਸਦੀ ਅੱਖ ਲੱਗ ਗਈ ਸੀ ਜਿਸਦਾ ਫਾਇਦਾ ਘਟਨਾ ਨੂੰ ਅੰਜ਼ਾਮ ਦੇਣ ਵਾਲੇ ਚੋਰਾਂ ਨੇ ਲਿਆ। ਪੁਲਸ ਵਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
 


Related News