ਲੰਗਰ ਲਾਉਣ ਲਈ ਆਏ ਦੁਕਾਨਦਾਰ ਦੇ ਉੱਡੇ ਹੋਸ਼! ਅੱਧੀ ਰਾਤ ਨੂੰ ਸਵਾ ਲੱਖ ਰੁਪਏ ਚੁੱਕ ਕੇ ਲੈ ਗਏ ਚੋਰ
Monday, Aug 17, 2026 - 08:30 PM (IST)
ਲੁਧਿਆਣਾ (ਰਾਜ): ਲੁਧਿਆਣਾ ਦੀ ਘੋੜਾ ਕਾਲੋਨੀ ਸਥਿਤ 'ਅਮਨ ਸਤਕਾਰ ਲੌਜਿਸਟਿਕ' ਨਾਮਕ ਟ੍ਰਾਂਸਪੋਰਟ ਦਫ਼ਤਰ ਵਿਚ ਇਕ ਸ਼ਾਤਿਰ ਚੋਰ ਵੱਲੋਂ ਸਵਾ ਲੱਖ ਰੁਪਏ ਦੀ ਨਕਦੀ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਚੋਰ ਨੇ ਹਥੌੜੇ ਨਾਲ ਦਫ਼ਤਰ ਦੇ ਲਾਕਰ ਅਤੇ ਤਿਜੋਰੀ ਤੋੜ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ।
ਚੋਰ ਨੇ ਆਪਣੀ ਪਛਾਣ ਲੁਕਾਉਣ ਲਈ ਦਫ਼ਤਰ ਦੇ ਤਿੰਨ ਮੁੱਖ ਸੀ.ਸੀ.ਟੀ.ਵੀ. ਕੈਮਰਿਆਂ ਦਾ ਮੂੰਹ ਮੋੜ ਦਿੱਤਾ ਸੀ, ਪਰ ਉਹ ਏ.ਸੀ. (AC) ਦੇ ਪਿੱਛੇ ਲੱਗੇ ਕੈਮਰੇ ਤੋਂ ਅਣਜਾਣ ਰਿਹਾ। ਇਸ ਲੁਕਵੇਂ ਕੈਮਰੇ ਵਿਚ ਚੋਰ ਦੇ ਅੰਦਰ ਦਾਖਲ ਹੋਣ ਤੋਂ ਲੈ ਕੇ ਚੋਰੀ ਕਰਕੇ ਫਰਾਰ ਹੋਣ ਤੱਕ ਦੀ ਇਕ ਘੰਟੇ ਦੀ ਪੂਰੀ ਵੀਡੀਓ ਰਿਕਾਰਡ ਹੋ ਗਈ ਹੈ।
ਦਫ਼ਤਰ ਦੇ ਮਾਲਕ ਅਮਨ ਨੂੰ ਇਸ ਚੋਰੀ ਬਾਰੇ ਉਦੋਂ ਪਤਾ ਲੱਗਿਆ ਜਦੋਂ ਉਹ ਸਵੇਰੇ ਕਰੀਬ 6 ਵਜੇ ਲੰਗਰ ਲਗਾਉਣ ਦੀ ਤਿਆਰੀ ਲਈ ਦਫ਼ਤਰ ਪਹੁੰਚਿਆ ਅਤੇ ਦੇਖਿਆ ਕਿ ਸਾਰਾ ਸਾਮਾਨ ਖਿੱਲਰਿਆ ਹੋਇਆ ਸੀ। ਮੋਤੀ ਨਗਰ ਪੁਲਸ ਨੇ ਸੀ.ਸੀ.ਟੀ.ਵੀ. ਫੁਟੇਜ ਨੂੰ ਕਬਜ਼ੇ ਵਿਚ ਲੈ ਕੇ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
