ਪਤਨੀ ਦੀ ਡਿਲਿਵਰੀ ਲਈ ਗਏ ਸੀ ਹਸਪਤਾਲ, ਪਿੱਛੋਂ ਘਰ ’ਚ ਹੋ ਗਈ ਚੋਰੀ

Saturday, Aug 29, 2020 - 04:36 PM (IST)

ਪਤਨੀ ਦੀ ਡਿਲਿਵਰੀ ਲਈ ਗਏ ਸੀ ਹਸਪਤਾਲ, ਪਿੱਛੋਂ ਘਰ ’ਚ ਹੋ ਗਈ ਚੋਰੀ

ਚੰਡੀਗੜ੍ਹ (ਸੁਸ਼ੀਲ) : ਡੱਡੂਮਾਜਰਾ ਸਥਿਤ ਬੰਦ ਮਕਾਨ 'ਚੋਂ ਗਹਿਣੇ, ਨਕਦੀ ਅਤੇ ਮੋਬਾਇਲ ਚੋਰੀ ਕਰਨ ਵਾਲੇ ਮੁਲਜ਼ਮ ਨੂੰ ਆਪ੍ਰੇਸ਼ਨ ਸੈੱਲ ਦੀ ਟੀਮ ਨੇ ਗ੍ਰਿਫ਼ਤਾਰ ਕਰ ਲਿਆ। ਵਾਰਦਾਤ ਸਮੇਂ ਮਕਾਨ ਮਾਲਕ ਪਤਨੀ ਦੀ ਡਲਿਵਰੀ ਕਰਵਾਉਣ ਸੈਕਟਰ-22 ਦੇ ਸਿਵਲ ਹਸਪਤਾਲ 'ਚ ਦਾਖ਼ਲ ਕਰਵਾ ਕੇ ਉਸ ਦੀ ਦੇਖ-ਭਾਲ ਕਰ ਰਿਹਾ ਸੀ। ਗ੍ਰਿਫ਼ਤਾਰ ਮੁਲਜ਼ਮ ਦੀ ਪਛਾਣ ਡੱਡੂਮਾਜਰਾ ਦੇ ਰਹਿਣ ਵਾਲੇ 19 ਸਾਲਾ ਵਿਨੇ ਕੁਮਾਰ ਉਰਫ਼ ਵਿਸ਼ੂ ਦੇ ਤੌਰ ’ਤੇ ਹੋਈ ਹੈ।

ਮੁਲਜ਼ਮ ਕੋਲੋਂ ਸੋਨੇ ਦੇ ਗਹਿਣੇ, ਮੋਟਰਸਾਈਕਲ ਅਤੇ ਹੋਰ ਸਮਾਨ ਬਰਾਮਦ ਹੋਇਆ। ਪੁਲਸ ਨੇ ਮੁਲਜ਼ਮ ਨੂੰ ਅਦਾਲਤ 'ਚ ਪੇਸ਼ ਕਰ ਕੇ ਰਿਕਵਰੀ ਲਈ ਇਕ ਦਿਨ ਦਾ ਰਿਮਾਂਡ ਹਾਸਲ ਕੀਤਾ ਹੈ। ਆਪ੍ਰੇਸ਼ਨ ਸੈੱਲ ਦੀ ਡੀ. ਐੱਸ. ਪੀ. ਰਸ਼ਮੀ ਸ਼ਰਮਾ ਨੂੰ ਮੁਲਜ਼ਮ ਬਾਰੇ ਗੁਪਤ ਸੂਚਨਾ ਮਿਲੀ ਸੀ। ਇਸ ਦੇ ਆਧਾਰ ’ਤੇ ਇੰਚਾਰਜ ਰਣਜੀਤ ਸਿੰਘ ਦੀ ਅਗਵਾਈ 'ਚ ਟੀਮ ਨੇ ਡੱਡੂਮਾਜਰਾ ਏਰੀਆ 'ਚ ਨਾਕਾਬੰਦੀ ਕਰ ਕੇ ਚੈਕਿੰਗ ਸ਼ੁਰੂ ਕਰ ਦਿੱਤੀ। ਇਸ ਦੌਰਾਨ ਟੀਮ 'ਚ ਸ਼ਾਮਲ ਇਕ ਹੈੱਡ ਕਾਂਸਟੇਬਲ ਨੇ ਮੁਲਜ਼ਮ ਵਿਸ਼ੂ ਨੂੰ ਵਾਰਦਾਤ ਕਰਨ ਦੀ ਫਿਰਾਕ 'ਚ ਘੁੰਮਦੇ ਹੋਏ ਦਬੋਚ ਲਿਆ।

ਪੁਲਸ ਦੀ ਪੁੱਛਗਿਛ 'ਚ ਮੁਲਜ਼ਮ ਨੇ ਘਰ 'ਚ ਚੋਰੀਆਂ ਕਰਨ ਦੀ ਗੱਲ ਕਬੂਲ ਕਰ ਲਈ। 28 ਜੁਲਾਈ ਨੂੰ ਅੰਗਦ ਕੁਮਾਰ ਗੁਪਤਾ ਨੇ ਘਰ 'ਚ ਚੋਰੀ ਹੋਣ ਦੀ ਸ਼ਿਕਾਇਤ ਦਿੱਤੀ ਸੀ। ਉਸ ਨੇ ਦੱਸਿਆ ਕਿ ਡਲਿਵਰੀ ਲਈ ਪਤਨੀ ਨੂੰ ਸੈਕਟਰ-22 ਦੇ ਸਿਵਲ ਹਸਪਤਾਲ 'ਚ ਦਾਖ਼ਲ ਕਰਵਾਇਆ। ਉੱਥੇ, ਪਤਨੀ ਦੀ ਦੇਖਭਾਲ ਕਰਨ ਲਈ ਘਰ ਨੂੰ ਬੰਦ ਕਰ ਕੇ ਰੁਕ ਗਿਆ। ਇਕ ਹਫ਼ਤੇ ਬਾਅਦ ਵਾਪਸ ਘਰ ਗਏ ਤਾਂ ਦੇਖਿਆ ਕਿ 46 ਹਜ਼ਾਰ ਰੁਪਏ, ਗਹਿਣੇ ਅਤੇ ਮੋਬਾਇਲ ਗਾਇਬ ਸੀ।
 


author

Babita

Content Editor

Related News