ਤਿੰਨ ਲੁਟੇਰਿਆਂ ਨੇ ਦਿਨ-ਦਿਹਾੜੇ ਸਾਬਕਾ ਫੌਜੀ ਨੂੰ ਜ਼ਖਮੀ ਕਰਕੇ ਲੁੱਟੇ 30 ਹਜ਼ਾਰ ਰੁਪਏ

09/23/2017 3:24:01 PM

ਸਮਰਾਲਾ ( ਬੰਗੜ, ਗਰਗ) — ਸਮਰਾਲਾ ਪੁਲਸ ਦੀ ਹਾਲਤ ਅੱਜ ਉਸ ਸਮੇਂ ਤਰਸਯੋਗ ਬਣ ਗਈ ਜਦੋਂ ਪੁਲਸ ਦੀ ਥਾਂ-ਥਾਂ ਨਾਕਾਬੰਦੀ ਦੇ ਬਾਵਜੂਦ ਵੀ ਤਿੰਨ ਮੋਟਰਸਾਈਕਲ ਸਵਾਰ ਲੁੱਟੇਰਿਆਂ ਵਲੋਂ ਸ਼ਰੇਆਮ ਦਿਨ ਦਿਹਾੜੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਦਿੱਤਾ ਗਿਆ। ਜਾਣਕਾਰੀ ਮੁਤਾਬਕ ਅੱਜ ਦੁਪਹਿਰ ਮੌਕੇ ਇਥੋਂ ਦੇ ਮਾਛੀਵਾੜਾ ਰੋਡ 'ਤੇ ਤਿੰਨ ਮੋਟਰਸਾਈਕਲ ਸਵਾਰ ਲੁੱਟੇਰਿਆਂ ਵਲੋਂ ਇਕ ਸਾਬਕਾ ਫੌਜੀ ਨੂੰ ਤੇਜ਼ਧਾਰ ਹਥਿਆਰ ਨਾਲ ਜ਼ਖਮੀ ਕਰਕੇ ਉਸ ਪਾਸੋਂ 30 ਹਜ਼ਾਰ ਰੁਪਏ ਦੀ ਨਕਦੀ ਲੁੱਟ ਲਏ ਜਾਣ ਦਾ ਪਤਾ ਚਲਿਆ ਹੈ। ਇਹ ਵਾਰਦਾਤ ਉਸ ਵਕਤ ਵਾਪਰੀ ਜਦੋਂ ਸਮਰਾਲਾ ਪੁਲਸ ਵਲੋਂ ਮੁੱਖ ਚੌਂਕ ਤੋਂ ਇਲਾਵਾ ਸ਼ਹਿਰ ਦੇ ਅਹਿਮ ਟਿਕਾਣਿਆਂ 'ਤੇ ਵੱਡੀ ਨਾਕਾਬੰਦੀ ਕਰਕੇ ਛੋਟੇ-ਵੱਡੇ ਵਹੀਕਲਾਂ ਦੇ ਚਲਾਨ ਕੱਟੇ ਜਾ ਰਹੇ ਸਨ। ਸਿਵਲ ਹਸਪਤਾਲ 'ਚ ਜ਼ਖਮੀ ਜਗਮੇਲ ਸਿੰਘ ਪੁੱਤਰ ਭਾਨ ਸਿੰਘ ਵਾਸੀ ਪਿੰਡ ਊਰਨਾ ਨੇ ਦੱਸਿਆ ਕਿ ਭਾਰਤੀ ਸਟੇਟ ਬੈਂਕ ਸਮਰਾਲਾ ਤੋਂ 30 ਹਜ਼ਾਰ ਰੁਪਏ ਕੱਢਵਾ ਕੇ ਆਪਣੇ ਸਾਈਕਲ 'ਤੇ ਸਵਾਰ ਹੋ ਕੇ ਪਿੰਡ ਵੱਲ ਜਾ ਰਿਹਾ ਸੀ। ਉਸ ਨੇ ਦੱਸਿਆ ਕਿ ਜਦੋਂ ਉਹ ਮਾਛੀਵਾੜਾ ਰੋਡ 'ਤੇ ਗੁਰੂ ਨਾਨਕ ਢਾਬੇ ਦੇ ਲਾਗੇ ਪੁੱਜਿਆ ਤਾਂ ਮੋਟਰਸਾਈਕਲ 'ਤੇ ਸਵਾਰ ਤਿੰਨ ਨੌਜਵਾਨ ਉਸ ਤੋਂ ਰਾਣਵਾਂ ਦਾ ਰਾਹ ਪੁੱਛਣ ਲੱਗੇਸ ਤਿੰਨਾਂ ਨੌਜਵਾਨਾਂ ਵਲੋਂ ਆਪਣੇ ਮੂੰਹ ਕਪੜੇ ਨਾਲ ਬੰਨ ਹੋਏ ਸਨ, ਇਨ੍ਹਾਂ 'ਚੋਂ ਦੋ ਮੋਨੇ ਤੇ ਇਕ ਸਰਦਾਰ ਸੀ। ਇਸ ਦੌਰਾਨ ਨੌਜਵਾਨਾਂ ਨੇ ਉਸ ਵਲੋਂ ਕੱਢਵਾਏ ਪੈਸਿਆਂ ਨੂੰ ਝਪਟਨਾ ਸ਼ੁਰੂ ਕਰ ਦਿੱਤਾ। ਜਗਮੇਲ ਸਿੰਘ ਨੇ ਦੱਸਿਆ ਕਿ ਜਦੋਂ ਲੁਟੇਰੇ ਉਸ ਨਾਲ ਹੱਥੋਪਾਈ ਕਰ ਰਹੇ ਸਨ ਤਾਂ ਉਸ ਨੇ ਇਕ ਲੁਟੇਰੇ ਦੇ ਦੰਦੀ ਵੱਢੀ, ਐਨੇ 'ਚ ਹੀ ਇਕ ਲੁਟੇਰੇ ਵਲੋਂ ਤੇਜ਼ਧਾਰ ਦਾਤ ਮਾਰ ਕੇ ਜ਼ਖਮੀ ਕਰ ਦਿੱਤਾ ਗਿਆ।

PunjabKesari
ਲੁਟੇਰਿਆਂ ਕੋਲੋਂ 30 ਹਜ਼ਾਰ ਰੁਪਏ ਖੋਹ ਕੇ ਸਮਰਾਲਾ ਵੱਲ ਨੂੰ ਫਰਾਰ ਹੋ ਗਏ। ਜਾਣਕਾਰੀ ਅਨੁਸਾਰ ਮੌਕੇ 'ਤੇ ਹਾਜ਼ਰ ਕੁਝ ਨੌਜਵਾਨ ਵਲੋਂ ਆਪਣੀ ਗੱਡੀ 'ਚ ਸਵਾਰ ਹੋ ਕੇ ਇਨ੍ਹਾਂ ਲੁੱਟੇਰਿਆਂ ਦਾ ਪਿੱਛਾ ਕੀਤਾ ਗਿਆ। ਲੁਟੇਰਿਆਂ ਦਾ ਪਿੱਛਾ ਕਰਨ ਗਏ ਨੌਜਵਾਨਾਂ ਨੇ ਵਾਪਸ ਆ ਕੇ ਦੱਸਿਆ ਕਿ ਪਿੰਡ ਬਲਾਲਾ ਦੀਆਂ ਗਲੀਆਂ 'ਚ ਲੁਟੇਰੇ ਲਾਪਤਾ ਹੋ ਗਏ।  


Related News