ਚਾਚੇ ਘਰ ਚੋਰੀ ਕਰਨ ਦੇ ਮਾਮਲੇ ''ਚ ਸਕੇ ਭਤੀਜੇ ਸਮੇਤ 2 ਕਾਬੂ, ਇਕ ਫ਼ਰਾਰ
Tuesday, Jan 04, 2022 - 11:03 AM (IST)
ਮੋਗਾ (ਆਜ਼ਾਦ) : ਬਾਘਾ ਪੁਰਾਣਾ ਪੁਲਸ ਨੇ ਕੋਟਲਾ ਰਾਇਕਾ ਨਿਵਾਸੀ ਮਾਸਟਰ ਜਗਸੀਰ ਸਿੰਘ ਦੇ ਘਰੋਂ ਸੋਨੇ ਅਤੇ ਚਾਂਦੀ ਦੇ ਗਹਿਣੇ ਚੋਰੀ ਕਰਕੇ ਲੈ ਜਾਣ ਦੇ ਮਾਮਲੇ ਵਿਚ ਉਸ ਦੇ ਸਕੇ ਭਤੀਜੇ ਸਮੇਤ 2 ਨੂੰ ਕਾਬੂ ਕੀਤਾ ਹੈ, ਜਦਕਿ ਉਨ੍ਹਾਂ ਦਾ ਇਕ ਸਾਥੀ ਪੁਲਸ ਦੇ ਕਾਬੂ ਨਹੀਂ ਆ ਸਕਿਆ। ਇਸ ਸਬੰਧ ਵਿਚ ਬਾਘਾ ਪੁਰਾਣਾ ਪੁਲਸ ਵੱਲੋਂ ਮਾਸਟਰ ਜਗਸੀਰ ਸਿੰਘ ਦੀ ਸ਼ਿਕਾਇਤ ’ਤੇ ਉਸਦੇ ਸਕੇ ਭਤੀਜੇ ਰਣਜੀਤ ਸਿੰਘ ਉਰਫ਼ ਜੀਤੀ, ਰਾਮ ਸਿੰਘ ਉਰਫ਼ ਰਾਮਾ ਅਤੇ ਰਾਜਿੰਦਰ ਸਿੰਘ ਉਰਫ਼ ਰਾਜਿੰਦਰਾ ਸਾਰੇ ਨਿਵਾਸੀ ਪਿੰਡ ਕੋਟਲਾ ਰਾਇਕਾ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।
ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਸਰਦਾਰਾ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਿੱਤੇ ਸ਼ਿਕਾਇਤ ਪੱਤਰ ਵਿਚ ਮਾਸਟਰ ਜਗਸੀਰ ਸਿੰਘ ਨੇ ਕਿਹਾ ਕਿ ਉਸਦਾ ਬਠਿੰਡਾ ਨਿਵਾਸੀ ਸਾਲੇ ਦਾ ਮਕਾਨ ਬਣ ਰਿਹਾ ਸੀ, ਜਿਸ ਕਾਰਣ ਉਹ ਆਪਣਾ ਸਾਢੇ 4 ਤੋਲੇ ਸੋਨਾ ਅਤੇ 15-20 ਤੋਲੇ ਚਾਂਦੀ ਦੇ ਗਹਿਣੇ ਸਾਡੇ ਘਰ ਰੱਖ ਕੇ ਚਲੇ ਗਏ, ਜੋ ਅਸੀਂ ਘਰ ਦੀ ਅਲਮਾਰੀ ਵਿਚ ਰੱਖ ਦਿੱਤੇ। ਅਣਪਛਾਤੇ ਚੋਰਾਂ ਨੇ ਕਰੀਬ ਡੇਢ ਮਹੀਨੇ ਪਹਿਲਾਂ ਉਕਤ ਸਮਾਨ ਚੋਰੀ ਕਰ ਲਿਆ, ਜਿਸ ਦਾ ਸਾਨੂੰ ਪਤਾ ਲੱਗਿਆ ਤਾਂ ਅਸੀਂ ਚੋਰਾਂ ਦੀ ਪਛਾਣ ਕਰਨ ਦਾ ਯਤਨ ਕੀਤਾ ਤਾਂ ਇਕ ਉਸਦਾ ਸਕਾ ਭਤੀਜਾ ਹੀ ਨਿਕਲਿਆ, ਜਿਸ ਨੂੰ ਪੁਲਸ ਨੇ ਕਾਬੂ ਕਰ ਲਿਆ।
ਜਾਂਚ ਅਧਿਕਾਰੀ ਨੇ ਕਿਹਾ ਕਿ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਪੁਲਸ ਨੇ ਕਥਿਤ ਦੋਸ਼ੀ ਰਣਜੀਤ ਸਿੰਘ ਉਰਫ਼ ਜੀਤੀ ਅਤੇ ਰਾਮ ਸਿੰਘ ਉਰਫ਼ ਰਾਮਾ ਨੂੰ ਕਾਬੂ ਕਰ ਲਿਆ, ਜਦਕਿ ਉਨ੍ਹਾਂ ਦੀ ਪੁੱਛਗਿੱਛ ਦੇ ਦੌਰਾਨ ਉਨ੍ਹਾਂ ਆਪਣੇ ਤੀਸਰੇ ਸਾਥੀ ਰਜਿੰਦਰ ਸਿੰਘ ਉਰਫ਼ ਰਾਜਿੰਦਰਾ ਦਾ ਨਾਂ ਦੱਸਿਆ, ਜਿਸ ਨੂੰ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਜਾਂਚ ਅਧਿਕਾਰੀ ਨੇ ਕਿਹਾ ਕਿ ਦੋਨੋਂ ਦੋਸ਼ੀਆਂ ਨੂੰ ਪੁੱਛਗਿੱਛ ਦੇ ਬਾਅਤ ਮਾਣਯੋਗ ਅਦਾਲਤ ਵਿਚ ਪੇਸ਼ ਕਰ ਕੇ 6 ਜਨਵਰੀ ਤੱਕ ਪੁਲਸ ਰਿਮਾਂਡ ਲਿਆ ਗਿਆ ਹੈ। ਜਾਂਚ ਅਧਿਕਾਰੀ ਨੇ ਕਿਹਾ ਕਿ ਜਲਦ ਹੀ ਚੋਰੀ ਦੇ ਗਹਿਣੇ ਬਰਾਮਦ ਹੋ ਜਾਣ ਦੀ ਸੰਭਾਵਨਾ ਹੈ।