ਚੋਰਾਂ ਨੇ 900 ਬੋਰੀਆਂ ਕਣਕ ਕੀਤੀ ਚੋਰੀ
Sunday, Jul 23, 2017 - 07:00 AM (IST)

ਸੰਦੌੜ(ਬੋਪਾਰਾਏ)— ਬੀਤੀ ਰਾਤ ਪਿੰਡ ਫੌਜੇਵਾਲ ਵਿਖੇ ਇਕ ਗੋਦਾਮ ਵਿਚੋਂ ਚੋਰ ਕਣਕ ਦੀਆਂ 900 ਬੋਰੀਆਂ ਚੋਰੀ ਕਰ ਕੇ ਲੈ ਗਏ। ਉਕਤ ਗੋਦਾਮ 'ਚ ਪਨਗ੍ਰੇਨ ਮਹਿਕਮੇ ਦੀਆਂ ਕਣਕ ਦੀਆਂ ਬੋਰੀਆਂ ਪਈਆਂ ਸਨ। ਪੁਲਸ ਨੇ ਇਸ ਮਾਮਲੇ ਵਿਚ ਪਨਗ੍ਰੇਨ ਦੇ ਇੰਸਪੈਕਟਰ ਪ੍ਰਦੀਪ ਕੁਮਾਰ ਦੇ ਬਿਆਨਾਂ ਦੇ ਆਧਾਰ 'ਤੇ ਅਣਪਛਾਤੇ ਵਿਅਕਤੀਆਂ ਖਿਲਾਫ ਪਰਚਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਉਕਤ ਗੋਦਾਮ ਵਿਚ 4 ਚੌਕੀਦਾਰ ਰਾਤ ਵੇਲੇ ਪਹਿਰਾ ਦੇ ਰਹੇ ਸਨ ਕਿ ਕਰੀਬ 2 ਵਜੇ ਕੁਝ ਵਿਅਕਤੀ ਗੋਦਾਮ ਦੀ ਕੰਧ ਟੱਪ ਕੇ ਅੰਦਰ ਦਾਖਲ ਹੋਏ ਅਤੇ ਗੋਦਾਮ ਦੇ ਮੁੱਖ ਦਰਵਾਜ਼ੇ ਦਾ ਜਿੰਦਾ ਤੋੜ ਕੇ 2 ਟਰੱਕ ਅੰਦਰ ਦਾਖਲ ਕਰ ਲਏ। ਉਨ੍ਹਾਂ ਚੌਕੀਦਾਰਾਂ ਕੋਲੋਂ ਮੋਬਾਇਲ ਫੋਨ ਖੋਹ ਕੇ ਉਨ੍ਹਾਂ ਨੂੰ ਇਕ ਪਾਸੇ ਬੰਨ੍ਹ ਦਿੱਤਾ ਅਤੇ ਚੱਕੇ ਵਿਚ ਲੱਗੀਆਂ 900 ਬੋਰੀਆਂ ਟਰੱਕਾਂ ਵਿਚ ਲੱਦ ਕੇ ਫਰਾਰ ਹੋ ਗਏ। ਚੌਕੀਦਾਰ ਨੇ ਉਕਤ ਘਟਨਾ ਬਾਰੇ ਸੂਚਨਾ ਸਵੇਰੇ ਸਰਪੰਚ ਨੂੰ ਦਿੱਤੀ।
ਪੁਲਸ ਜਾਂਚ 'ਚ ਜੁਟੀ
ਸੂਚਨਾ ਮਿਲਣ 'ਤੇ ਥਾਣਾ ਸੰਦੌੜ ਦੀ ਪੁਲਸ ਫੌਰੀ ਤੌਰ 'ਤੇ ਗੋਦਾਮ ਵਿਚ ਪਹੁੰਚੀ ਅਤੇ ਬਾਰੀਕੀ ਨਾਲ ਆਪਣੀ ਜਾਂਚ ਵਿਚ ਜੁਟ ਗਈ। ਥਾਣਾ ਮੁਖੀ ਇੰਸਪੈਕਟਰ ਰਣਬੀਰ ਸਿੰਘ ਸਮੇਤ ਐੈੱਸ. ਪੀ. ਮਾਲੇਰਕੋਟਲਾ ਰਾਜ ਕੁਮਾਰ, ਡੀ.ਐੈੱਸ.ਪੀ. ਯੋਗੀਰਾਜ ਵੀ ਪਤਾ ਲੱਗਦੇ ਸਾਰ ਗੋਦਾਮ ਵਿਚ ਪਹੁੰਚੇ। ਥਾਣਾ ਮੁਖੀ ਇੰਸਪੈਕਟਰ ਰਣਬੀਰ ਸਿੰਘ ਨੇ ਦੱਸਿਆ ਕਿ ਚੋਰਾਂ ਦੀ ਭਾਲ ਲਈ ਪੁਲਸ ਵੱਲੋਂ ਲਗਾਤਾਰ ਤਫਤੀਸ਼ ਅਤੇ ਨੇੜੇ ਦੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਨੂੰ ਚੈੱਕ ਕੀਤਾ ਜਾ ਰਿਹਾ ਹੈ। ਓਧਰ, ਥਾਣਾ ਸੰਦੌੜ ਦੇ ਏ. ਐੱਸ. ਆਈ. ਸੁਖਦੇਵ ਸਿੰਘ ਨੇ ਦੱਸਿਆ ਕਿ ਪੁਲਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ ਪਰਚਾ ਦਰਜ ਕਰ ਲਿਆ ਹੈ।