ਡਾਕਟਰ ਦੇ ਘਰੋਂ 10 ਲੱਖ ਦੇ ਗਹਿਣੇ ਤੇ ਕੈਸ਼ ਚੋਰੀ
Friday, Jul 14, 2017 - 04:34 AM (IST)

ਲੁਧਿਆਣਾ(ਰਿਸ਼ੀ)-ਸ਼ਾਸਤਰੀ ਨਗਰ ਇਲਾਕੇ ਵਿਚ ਡਾਕਟਰ ਰਵੀ ਨੰਦਾ ਦੇ ਘਰ ਦੇ ਤਾਲੇ ਤੋੜ ਕੇ ਦਾਖਲ ਹੋਏ ਚੋਰ ਦਿਨ-ਦਿਹਾੜੇ 10 ਲੱਖ ਦੀ ਜਿਊਲਰੀ ਅਤੇ ਕੈਸ਼ ਲੈ ਕੇ ਫਰਾਰ ਹੋ ਗਏ। ਸੂਚਨਾ ਪਾ ਕੇ ਮੌਕੇ 'ਤੇ ਪੁੱਜੀ ਥਾਣਾ ਸ਼ਹੀਦ ਭਗਤ ਸਿੰਘ ਨਗਰ ਦੀ ਪੁਲਸ ਪਾਰਟੀ ਜਾਂਚ ਵਿਚ ਜੁਟ ਗਈ। ਜਾਣਕਾਰੀ ਦਿੰਦੇ ਹੋਏ ਡਾਕਟਰ ਨੰਦਾ ਨੇ ਦੱਸਿਆ ਕਿ ਅੱਜ ਉਨ੍ਹਾਂ ਦੇ ਬੇਟੇ ਮੋਹਿਤ ਨੰਦਾ ਦੇ ਵਿਆਹ ਦੀ ਵਰ੍ਹੇਗੰਢ ਹੈ। ਇਸੇ ਕਾਰਨ ਸਾਰਾ ਪਰਿਵਾਰ ਦੁਪਹਿਰ 2.50 ਵਜੇ ਘਰ ਨੂੰ ਤਾਲੇ ਲਾ ਕੇ ਦੁਪਹਿਰ ਦਾ ਖਾਣਾ ਹੋਟਲ ਵਿਚ ਖਾਣ ਚਲਾ ਗਿਆ। 4.30 ਵਜੇ ਵਾਪਸ ਆ ਕੇ ਦੇਖਿਆ ਤਾਂ ਮੇਨ ਗੇਟ ਨੂੰ ਤਾਂ ਤਾਲਾ ਲੱਗਾ ਹੋਇਆ ਸੀ ਪਰ ਗਰਿੱਲ ਟੁੱਟੀ ਹੋਈ ਸੀ। ਜਦੋਂ ਅੰਦਰ ਜਾ ਕੇ ਦੇਖਿਆ ਤਾਂ ਘਰ ਦਾ ਸਾਰੇ ਕਮਰਿਆਂ ਵਿਚ ਪਿਆ ਸਾਮਾਨ ਖਿੱਲਰਿਆ ਹੋਇਆ ਸੀ। ਚੋਰ 9 ਲੱਖ ਦੇ ਸੋਨੇ ਦੇ ਅਤੇ 50 ਹਜ਼ਾਰ ਦੇ ਚਾਂਦੀ ਗਹਿਣੇ ਅਤੇ ਘਰ ਵਿਚ ਪਈ 50 ਹਜ਼ਾਰ ਦੀ ਨਕਦੀ ਲੈ ਗਏ। ਡਾਕਟਰ ਮੁਤਾਬਕ ਘਰ ਦੇ ਪਿੱਛੇ ਰੇਲਵੇ ਲਾਈਨਾਂ ਹਨ। ਚੋਰ ਅੱਗਿਓਂ ਗਰਿੱਲ ਤੋੜ ਕੇ ਦਾਖਲ ਹੋਏ ਅਤੇ ਪਿੱਛਿਓਂ ਬਾਹਰ ਜਾਣ ਵਾਲੇ ਰਸਤੇ ਦਾ ਦਰਵਾਜ਼ਾ ਖੋਲ੍ਹ ਕੇ ਆਰਾਮ ਨਾਲ ਫਰਾਰ ਹੋ ਗਏ। ਪੁਲਸ ਮੁਤਾਬਕ ਆਲੇ-ਦੁਆਲੇ ਲੱਗੇ ਕੈਮਰਿਆਂ ਦੀ ਫੁਟੇਜ ਚੈੱਕ ਕੀਤੀ ਜਾ ਰਹੀ ਹੈ।