ਘਰ ''ਚੋਂ ਗਹਿਣੇ ਤੇ ਨਕਦੀ ਚੋਰੀ

11/14/2017 1:03:31 PM

ਡੇਰਾਬੱਸੀ (ਅਨਿਲ) : ਡੇਰਾਬੱਸੀ ਆਦਰਸ਼ ਨਗਰ ਦੀ ਗਲੀ ਨੰਬਰ ਅੱਠ ਵਿਚ ਚੋਰਾਂ ਨੇ ਇਕ ਘਰ 'ਚੋਂ ਹਜ਼ਾਰਾਂ ਰੁਪਏ ਦੇ ਗਹਿਣੇ ਅਤੇ ਨਕਦੀ 'ਤੇ ਹੱਥ ਸਾਫ ਕਰ ਦਿੱਤਾ। ਚੋਰਾਂ ਨੇ ਵਾਰਦਾਤ ਨੂੰ ਉਸ ਵੇਲੇ ਅੰਜਾਮ ਦਿੱਤਾ, ਜਦੋਂ ਮਕਾਨ ਮਾਲਕ ਆਪਣੇ ਪਰਿਵਾਰ ਸਮੇਤ ਬਾਹਰ ਗਿਆ ਹੋਇਆ ਸੀ।
ਮਕਾਨ ਮਾਲਕ ਰਾਜੀਵ ਕੁਮਾਰ ਨੇ ਦੱਸਿਆ ਕਿ ਉਹ ਇਕ ਪ੍ਰਾਈਵੇਟ ਕੰਪਨੀ ਵਿਚ ਕੰਮ ਕਰਦਾ ਹੈ। ਉਹ ਘਰ ਨੂੰ ਜਿੰਦਰਾ ਲਗਾ ਕੇ ਕਿਸੇ ਕੰਮ ਗਿਆ ਹੋਇਆ ਸੀ। ਇਸ ਦੌਰਾਨ ਉਸ ਦਾ ਪੁੱਤਰ ਸ਼ਾਮ ਨੂੰ ਟਿਊਸ਼ਨ ਪੜ੍ਹ ਕੇ ਘਰ ਵਾਪਸ ਆਇਆ ਤਾਂ ਉਸ ਨੂੰ ਘਰ ਅੰਦਰੋਂ ਆਵਾਜ਼ ਆਉਂਦੀ ਸੁਣਾਈ ਦਿੱਤੀ, ਜਦੋਂ ਉਹ ਨੇੜੇ ਗਿਆ ਤਾਂ ਘਰ ਵਿਚ ਕੁਝ ਸ਼ੱਕੀ ਲੋਕ ਮੌਜੂਦ ਸਨ, ਜਿਨ੍ਹਾਂ ਨੇ ਉਸ ਦੇ ਸੱਤ ਸਾਲਾ ਲੜਕੇ ਨੂੰ ਭੱਜ ਜਾਣ ਲਈ ਕਿਹਾ। ਉਸਦੇ ਪੁੱਤਰ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਬਾਅਦ ਵਿਚ ਚੋਰ ਪਿਛਲੀ ਕੰਧ ਨੂੰ ਟੱਪ ਕੇ ਫਰਾਰ ਹੋ ਗਏ। ਮਕਾਨ ਮਾਲਕ ਮੁਤਾਬਿਕ ਚੋਰ ਘਰ 'ਚੋਂ 50 ਹਜ਼ਾਰ ਰੁਪਏ ਦੀ ਨਕਦੀ ਅਤੇ ਚਾਰ ਤੋਲੇ ਸੋਨੇ ਦੇ ਗਹਿਣੇ ਲੈ ਕੇ ਫਰਾਰ ਹੋ ਗਏ। ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਦਾ ਡੇਢ ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਥਾਣਾ ਮੁਖੀ ਗੁਰਪ੍ਰੀਤ ਸਿੰਘ ਬੈਂਸ ਨੇ ਕਿਹਾ ਕਿ ਸ਼ਿਕਾਇਤ ਮਿਲਣ ਮਗਰੋਂ ਮੌਕੇ ਦਾ ਦੌਰਾ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਗਲੀ ਵਿਚ ਲੱਗੇ ਸੀ. ਸੀ. ਟੀ. ਵੀ. ਫੁਟੇਜ ਦੀ ਵੀ ਜਾਂਚ ਕਰ ਰਹੀ ਹੈ।


Related News