ਹੋਰਾਂ ਰਾਜਾਂ ਤੋਂ ਚੋਰੀ ਕੀਤੀਆਂ ਲਗਜ਼ਰੀ ਗੱਡੀਆਂ ਵੇਚਣ ਵਾਲੇ ਗਿਰੋਹ ਦਾ ਪਰਦਾਫਾਸ਼, 7 ਗੱਡੀਆਂ ਸਣੇ 1 ਗ੍ਰਿਫ਼ਤਾਰ
Monday, Jun 28, 2021 - 10:18 AM (IST)
ਤਰਨਤਾਰਨ (ਰਮਨ) - ਸੀ.ਆਈ.ਏ. ਸਟਾਫ ਪੁਲਸ ਵਲੋਂ ਚੋਰੀ ਕੀਤੀਆਂ 7 ਗੱਡੀਆਂ ਸਣੇ ਇਕ ਵਿਅਕਤੀ ਨੂੰ ਕਾਬੂ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪੁਲਸ ਨੇ ਮਾਮਲਾ ਦਰਜ ਕਰ ਮਾਣਯੋਗ ਅਦਾਲਤ ਪਾਸੋਂ ਰਿਮਾਂਡ ਹਾਸਲ ਕਰ ਅਗਲੇਰੀ ਪੁੱਛਗਿੱਛ ਕਰਨੀ ਸ਼ੁਰੂ ਕਰ ਦਿੱਤੀ। ਇਸ ਕੰਮ ’ਚ ਕਈ ਹੋਰ ਮੁਲਜ਼ਮਾਂ ਦੇ ਸ਼ਾਮਲ ਹੋਣ ਅਤੇ ਚੋਰੀਆਂ ਦੀਆਂ ਲੱਗਜ਼ਰੀ ਗੱਡੀਆਂ ਬਰਾਮਦ ਹੋਣ ਦੀ ਆਸ ਲਗਾਈ ਜਾ ਰਹੀ ਹੈ।
ਜਾਣਕਾਰੀ ਦਿੰਦੇ ਹੋਏ ਐੱਸ. ਪੀ. (ਡੀ) ਡਾ. ਮਹਿਤਾਬ ਸਿੰਘ ਨੇ ਦੱਸਿਆ ਕਿ ਐੱਸ. ਐੱਸ. ਪੀ. ਧਰੁਮਨ ਐੱਚ. ਨਿੰਬਾਲੇ ਵਲੋਂ ਮਾੜੇ ਅਨਸਰਾਂ ਖਿਲਾਫ ਸ਼ੁਰੂ ਕੀਤੀ ਮੁਹਿੰਮ ਨੂੰ ਉਸ ਵੇਲੇ ਸਫਲਤਾ ਮਿਲੀ, ਜਦੋਂ ਚੋਰੀ ਕੀਤੀਆਂ ਸੱਤ7 ਲਗਜ਼ਰੀ ਗੱਡੀਆਂ ਸਣੇ 1 ਵਿਅਕਤੀ ਨੂੰ ਕਾਬੂ ਕਰ ਲਿਆ ਗਿਆ। ਉਨ੍ਹਾਂ ਦੱਸਿਆ ਕਿ ਸੀ. ਆਈ. ਏ. ਸਟਾਫ ਦੀ ਪੁਲਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਦਿਲਬਾਗ ਸਿੰਘ ਉਰਫ ਬਾਗਾ ਪੁੱਤਰ ਹਰਭਜਨ ਸਿੰਘ ਆਪਣੇ ਸਾਥੀ ਉਪਕਾਰਦੀਪ ਸਿੰਘ ਉਰਫ ਪ੍ਰਿੰਸ ਪੁੱਤਰ ਬਲਰਾਮ , ਅਮਨਦੀਪ ਸ਼ਰਮਾ ਪੁੱਤਰ ਬਲਰਾਮ ਅਤੇ ਗੈਵੀ ਪੁੱਤਰ ਉਪਕਾਰਦੀਪ ਸਿੰਘ ਨਾਲ ਮਿਲ ਕੇ ਚੋਰੀ ਕੀਤੀਆਂ ਲੱਗਜ਼ਰੀ ਗੱਡੀਆਂ ਦੂਸਰੇ ਰਾਜਾਂ ਤੋਂ ਲਿਆ ਪੰਜਾਬ ’ਚ ਵੇਚਣ ਦਾ ਧੰਦਾ ਕਰਦੇ ਹਨ।
ਪੁਲਸ ਨੇ ਦਿਲਬਾਗ ਸਿੰਘ ਦੇ ਘਰ ਛਾਪੇਮਾਰੀ ਕਰਦੇ ਹੋਏ ਚੋਰੀ ਕੀਤੀਆਂ 7 ਲਗਜ਼ਰੀ ਗੱਡੀਆਂ ਨੂੰ ਬਰਾਮਦ ਕਰਨ ’ਚ ਸਫਲਤਾ ਹਾਸਲ ਕੀਤੀ ਹੈ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਮੁਲਜ਼ਮ ਦਿਲਬਾਗ ਸਿੰਘ ਦੀ ਨਿਸ਼ਾਨਦੇਹੀ ਉੱਪਰ ਬਰਾਮਦ ਕੀਤੀਆਂ ਗੱਡੀਆਂ ’ਚ ਫਾਰਚੂਨਰ, ਇਨੋਵਾ, ਸਕਾਰਪਿਓ, ਦੋ ਸਵਿਫਟ, 2 ਕਰੇਟਾ ਸ਼ਾਮਲ ਹਨ। ਇਹ ਗਿਰੋਹ ਮਹਾਰਾਸ਼ਟਰ, ਦਿੱਲੀ, ਹਰਿਆਣਾ, ਯੂ. ਪੀ, ਕਲਕੱਤਾ ਆਦਿ ਤੋਂ ਚੋਰੀਆਂ ਕੀਤੀਆਂ ਗੱਡੀਆਂ ਨੂੰ ਲਿਆ ਪੰਜਾਬ ਅੰਦਰ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਵੇਚਣ ਦਾ ਕਾਰੋਬਾਰ ਕਰ ਰਹੇ ਸਨ।
ਐੱਸ. ਪੀ. ਡਾ. ਮਹਿਤਾਬ ਸਿੰਘ ਨੇ ਦੱਸਿਆ ਕਿ ਪੁੱਛਗਿੱਛ ’ਚ ਇਹ ਗੱਲ ਸਾਹਮਣੇ ਆਈ ਹੈ ਕਿ ਮੁਲਜ਼ਮ ਖ਼ਿਲਾਫ਼ ਦੋ ਕਿਲੋ ਅਫੀਮ ਬਰਾਮਦਗੀ ਤਹਿਤ ਐੱਨ.ਡੀ.ਪੀ.ਐੱਸ. ਐਕਟ ਤਹਿਤ ਥਾਣਾ ਖੇਮਕਰਨ, ਜਬਰ-ਜ਼ਨਾਹ ਸਬੰਧੀ ਥਾਣਾ ਸਿਟੀ ਪੱਟੀ ਅਤੇ ਚੋਰੀ ਸਬੰਧੀ ਥਾਣਾ ਬਲੌਂਗੀ (ਪਟਿਆਲਾ) ਸਮੇਤ ਕੁੱਲ ਤਿੰਨ ਮਾਮਲੇ ਦਰਜ ਹਨ। ਉਨ੍ਹਾਂ ਦੱਸਿਆ ਕਿ ਆਉਣ ਵਾਲੇ ਦਿਨਾਂ ’ਚ ਫਰਾਰ ਬਾਕੀ ਮੁਲਜ਼ਮਾਂ ਨੂੰ ਕਾਬੂ ਕਰਨ ਉਪਰੰਤ ਹੋਰ ਕਈ ਖੁਲਾਸੇ ਹੋਣ ਦੀ ਆਸ ਹੈ। ਇਸ ਮੌਕੇ ਡੀ.ਐੱਸ.ਪੀ ਕੰਮਲਜੀਤ ਸਿੰਘ ਔਲਖ, ਸਾਈਬਰ ਸੈੱਲ ਇੰਚਾਰਜ ਰਣਬੀਰ ਸਿੰਘ ਆਦਿ ਹਾਜ਼ਰ ਸਨ।