ਚੋਣ ਜ਼ਾਬਤੇ ਦੌਰਾਨ ਲੱਖਾਂ ਰੁਪਿਆਂ ਨਾਲ ਭਰੀ ਕਾਰ ਛੱਡ ਭੱਜੇ ਨੌਜਵਾਨ, ਪਿੱਛੇ ਲੱਗੀ ਹੋਈ ਸੀ ਪੁਲਸ

Wednesday, Mar 20, 2024 - 03:42 PM (IST)

ਚੋਣ ਜ਼ਾਬਤੇ ਦੌਰਾਨ ਲੱਖਾਂ ਰੁਪਿਆਂ ਨਾਲ ਭਰੀ ਕਾਰ ਛੱਡ ਭੱਜੇ ਨੌਜਵਾਨ, ਪਿੱਛੇ ਲੱਗੀ ਹੋਈ ਸੀ ਪੁਲਸ

ਜਗਰਾਓਂ (ਮਾਲਵਾ) : ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਚੋਣ ਕਮਿਸ਼ਨ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਤਹਿਤ ਵਿਸ਼ੇਸ਼ ਨਾਕਾਬੰਦੀ ਕਰਕੇ ਵਾਹਨਾਂ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ। ਇਸ ਦੇ ਮੱਦੇਨਜ਼ਰ ਦਿਹਾਤੀ ਪੁਲਸ ਨੂੰ ਉਸ ਵੇਲੇ ਵੱਡੀ ਸਫ਼ਲਤਾ ਮਿਲੀ, ਜਦੋਂ ਟ੍ਰੈਫਿਕ ਪੁਲਸ ਅਤੇ ਥਾਣਾ ਸਿਟੀ ਪੁਲਸ ਦੀਆਂ ਟੀਮਾਂ ਨੇ ਨਾਕੇਬੰਦੀ ਦੌਰਾਨ ਇੱਕ ਵਰਨਾ ਕਾਰ 'ਚੋਂ ਲੱਖਾਂ ਰੁਪਏ ਦੀ ਨਕਦੀ ਬਰਾਮਦ ਕੀਤੀ।

ਇਹ ਵੀ ਪੜ੍ਹੋ : ਅਹਿਮ ਖ਼ਬਰ : ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਰੱਦ ਹੋਈ UPSC ਦੀ ਪ੍ਰੀਖਿਆ, ਜਾਣੋ ਕੀ ਹੈ ਨਵੀਂ ਤਾਰੀਖ਼

ਥਾਣਾ ਸਿਟੀ ਜਗਰਾਓਂ ਵਿਖੇ ਕੀਤੀ ਗਈ ਪ੍ਰੈੱਸ ਵਾਰਤਾ ਦੌਰਾਨ ਜਾਣਕਾਰੀ ਸਾਂਝੀ ਕਰਦਿਆਂ ਡੀ. ਐੱਸ. ਪੀ. ਮਨਜੀਤ ਸਿੰਘ ਰਾਣਾ ਨੇ ਦੱਸਿਆ ਕਿ ਨਾਕੇਬੰਦੀ ਦੌਰਾਨ ਪੁਲਸ ਟੀਮ ਨੂੰ ਸ਼ਾਮ ਦੇ ਸਮੇਂ ਮੋਗਾ ਸਾਈਡ ਤੋਂ ਇੱਕ ਵਰਨਾ ਕਾਰ ਆਉਂਦੀ ਦਿਖਾਈ ਦਿੱਤੀ। ਇਸ ਕਾਰ ਨੂੰ ਨਾਕੇ 'ਤੇ ਮੌਜੂਦ ਪੁਲਸ ਮੁਲਾਜ਼ਮਾਂ ਨੇ ਰੁਕਣ ਦਾ ਇਸ਼ਾਰਾ ਕੀਤਾ ਪਰ ਕਾਰ ਸਵਾਰ ਬੜੀ ਤੇਜ਼ ਰਫ਼ਤਾਰ ਨਾਲ ਕਾਰ ਨਾਕੇ ਤੋਂ ਭਜਾ ਕੇ ਸਿੱਧਵਾਂ ਬੇਟ ਰੋਡ ਵੱਲ ਲੈ ਗਏ। ਜਦੋਂ ਪੁਲਸ ਨੇ ਕਾਰ ਸਵਾਰਾਂ ਦਾ ਪਿੱਛਾ ਕੀਤਾ ਤਾਂ ਉਹ ਕੁੱਝ ਹੀ ਦੂਰੀ 'ਤੇ ਆਪਣੀ ਕਾਰ ਛੱਡ ਕੇ ਮੌਕੇ ਤੋਂ ਭੱਜ ਗਏ।

ਇਹ ਵੀ ਪੜ੍ਹੋ : ਪੰਜਾਬ 'ਚ ਚੋਣ ਲੜ ਰਹੇ 5 ਮੰਤਰੀਆਂ ਦੀ ਸੁਰੱਖਿਆ ਬਾਰੇ ਮੁੱਖ ਚੋਣ ਅਧਿਕਾਰੀ ਦਾ ਵੱਡਾ ਬਿਆਨ (ਵੀਡੀਓ)

ਬਾਜ਼ਾਰ 'ਚ ਭੀੜ ਜ਼ਿਆਦਾ ਹੋਣ ਕਾਰਨ ਕਾਰ ਸਵਾਰ ਮੌਕੇ ਤੋਂ ਭੱਜਣ 'ਚ ਕਾਮਯਾਬ ਹੋ ਗਏ। ਡੀ. ਐੱਸ. ਪੀ. ਨੇ ਦੱਸਿਆ ਕਿ ਜਦੋਂ ਪੁਲਸ ਵੱਲੋਂ ਕਾਰ ਦੀ ਤਲਾਸ਼ੀ ਲਈ ਗਈ ਤਾਂ ਕਾਰ ਵਿੱਚੋਂ ਭਾਰਤੀ ਕਰੰਸੀ ਬਰਾਮਦ ਹੋਈ। ਇਸ ਸਬੰਧੀ ਉੱਚ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ। ਜਦੋਂ ਜਗਰਾਓਂ ਪੁੱਜ ਕੇ ਰਕਮ ਦੀ ਗਿਣਤੀ ਕੀਤੀ ਗਈ ਤਾਂ ਕੁੱਲ ਰਕਮ 40 ਲੱਖ, 25 ਹਜ਼ਾਰ 850 ਰੁਪਏ ਨਿਕਲੀ, ਜਿਸ ਨੂੰ ਮਾਲਖ਼ਾਨਾ ਥਾਣੇ 'ਚ ਜਮ੍ਹਾਂ ਕਰਵਾਇਆ ਗਿਆ।

ਡੀ. ਐੱਸ. ਪੀ. ਰਾਣਾ ਨੇ ਦੱਸਿਆ ਕਿ ਭੱਜਣ ਵਾਲੇ ਨੌਜਵਾਨਾਂ ਦੇ ਨਾਂ ਜਤਿਸ਼ ਗਰੋਵਰ ਵਾਸੀ ਮੁਹੱਲਾ ਬੁੱਧਵਾਸ ਵਾਲ ਫਿਰੋਜ਼ਪੁਰ, ਯੋਗੇਸ਼ ਕੁਮਾਰ ਵਾਸੀ ਵਾਰਡ ਨੰਬਰ-8 ਰਾਮਦਾਸ ਨਗਰ ਫਿਰੋਜ਼ਪੁਰ ਅਤੇ ਰੋਹਿਤ ਸੇਠੀ ਵਾਸੀ ਫਿਰੋਜ਼ਪੁਰ ਹੈ। ਇਸ ਸਬੰਧੀ ਆਮਦਨ ਟੈਕਸ ਵਿਭਾਗ ਨੂੰ ਇਤਲਾਹ ਦਿੱਤੀ ਗਈ, ਜਿਨ੍ਹਾਂ ਨੇ ਅਗਲੀ ਕਾਰਵਾਈ ਸ਼ੁਰੂ ਕੀਤੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8




 


author

Babita

Content Editor

Related News