ਨੌਜਵਾਨ ਨੇ ਮਰਨ ਤੋਂ ਇਕ ਦਿਨ ਪਹਿਲਾਂ ਕੀਤਾ ਸਰੀਰ ਦਾਨ
Friday, Sep 08, 2017 - 10:05 AM (IST)
ਮਾਛੀਵਾੜਾ ਸਾਹਿਬ (ਟੱਕਰ, ਸਚਦੇਵਾ)- ਸਥਾਨਕ ਇੰਦਰਾ ਕਾਲੋਨੀ ਦੇ ਨਿਵਾਸੀ ਤੇ ਇਨਕਲਾਬੀ ਧਿਰਾਂ 'ਚ ਮੋਹਰੀ ਰਹੇ ਕਾਮਰੇਡ ਦਰਸ਼ਨ ਦੇ ਨੌਜਵਾਨ ਪੁੱਤਰ ਤੇ ਪੱਤਰਕਾਰ ਗੁਰਮੁਖ ਦੀਪ ਦੇ ਭਤੀਜੇ ਕਰਨਵੀਰ ਸਿੰਘ (24) ਦਾ ਕੁਝ ਦਿਨ ਪੀ. ਜੀ. ਆਈ 'ਚ ਬੀਮਾਰ ਰਹਿਣ ਉਪਰੰਤ ਦਿਹਾਂਤ ਹੋ ਗਿਆ।
ਬੀ. ਸੀ. ਏ. ਤਕ ਸਿੱਖਿਆ ਪ੍ਰਾਪਤ ਨੌਜਵਾਨ ਕਰਨਵੀਰ ਸਿੰਘ ਨੇ ਆਪਣੇ ਦਿਹਾਂਤ ਤੋਂ ਇਕ ਦਿਨ ਪਹਿਲਾਂ ਪਿਤਾ ਕੋਲ ਆਪਣਾ ਸਰੀਰ ਦਾਨ ਕਰਨ ਦੀ ਇੱਛਾ ਪ੍ਰਗਟਾਈ ਅਤੇ ਕਾਮਰੇਡ ਦਰਸ਼ਨ ਸਿੰਘ ਨੇ ਵੀ ਆਪਣੇ ਪੁੱਤਰ ਦੀ ਆਖਰੀ ਇੱਛਾ 'ਤੇ ਸਹਿਮਤੀ ਪ੍ਰਗਟਾਉਂਦਿਆਂ ਸਰੀਰ ਦਾਨ ਦੇ ਫਾਰਮ 'ਤੇ ਆਖਰੀ ਵਾਰ ਉਸ ਦੇ ਦਸਤਖਤ ਕਰਵਾਏ। ਕੱਲ ਰਾਤ 10.30 ਵਜੇ ਇਲਾਜ ਦੌਰਾਨ ਕਰਨਵੀਰ ਸਿੰਘ ਦੀ ਮੌਤ ਹੋ ਗਈ ਤੇ ਉਸ ਦੀ ਮ੍ਰਿਤਕ ਦੇਹ ਮਾਛੀਵਾੜਾ ਵਿਖੇ ਉਸ ਦੇ ਘਰ ਲਿਆਂਦੀ ਗਈ। ਪਰਿਵਾਰਕ ਮੈਂਬਰਾਂ ਵਲੋਂ ਪੁੱਤਰ ਦੀ ਆਖਰੀ ਇੱਛਾ 'ਤੇ ਸਹਿਮਤੀ ਪ੍ਰਗਟਾਉਂਦਿਆਂ ਉਸ ਦੀ ਮ੍ਰਿਤਕ ਦੇਹ ਨੂੰ ਸੀ. ਐੈੱਮ. ਸੀ. ਹਸਪਤਾਲ ਵਿਖੇ ਦਾਨ ਕਰ ਦਿੱਤਾ ਗਿਆ ਜਿਥੇ ਕਿ ਮੈਡੀਕਲ ਸਿੱਖਿਆ ਨਾਲ ਜੁੜੇ ਵਿਦਿਆਰਥੀ ਬੀਮਾਰੀਆਂ ਸਬੰਧੀ ਉਸ ਉਪਰ ਸਰਚ ਕਰ ਸਕਣਗੇ। ਅੱਜ ਸਵ. ਕਰਨਵੀਰ ਨੂੰ ਸੀ. ਐੈੱਮ. ਸੀ. ਹਸਪਤਾਲ ਲੁਧਿਆਣਾ ਭੇਜਣ ਸਮੇਂ ਅੰਤਿਮ ਵਿਦਾਇਗੀ ਦੇਣ ਵਾਲਿਆਂ 'ਚ ਪ੍ਰਦੇਸ਼ ਸਕੱਤਰ ਸ਼ਕਤੀ ਆਨੰਦ, ਸਾਬਕਾ ਪ੍ਰਧਾਨ ਉਜਾਗਰ ਸਿੰਘ ਬੈਨੀਪਾਲ, ਪਰਮਜੀਤ ਪੰਮੀ, ਹਰਚੰਦ ਸਿੰਘ, ਅਮਰਜੀਤ ਸਿੰਘ ਰਾਜੇਵਾਲ, ਗੁਰਪ੍ਰੀਤ ਸਿੰਘ ਮੋਹਾਲੀ, ਸਤਨਾਮ ਸਿੰਘ ਲੁਧਿਆਣਾ ਤੇ ਵੱਡੀ ਗਿਣਤੀ 'ਚ ਰਾਜਨੀਤਕ ਤੇ ਸਮਾਜਿਕ ਜਥੇਬੰਦੀਆਂ ਦੇ ਮੈਂਬਰ ਹਾਜ਼ਰ ਸਨ।
ਜ਼ਿਕਰਯੋਗ ਹੈ ਕਿ ਸਵ. ਕਰਨਵੀਰ ਦੀ ਦਾਦੀ ਬੀਬੀ ਕ੍ਰਿਸ਼ਨਾ ਦੇਵੀ ਨੇ 8 ਮਈ 2010 'ਚ ਆਪਣਾ ਮ੍ਰਿਤਕ ਸਰੀਰ ਸੀ. ਐੈੱਮ. ਸੀ. ਨੂੰ ਦਾਨ ਕਰ ਕੇ ਇਕ ਨਵੀਂ ਪਿਰਤ ਪਾਈ ਸੀ, ਜੋ ਪਰਿਵਾਰ ਵਲੋਂ ਅੱਗੇ ਤੋਰੀ ਗਈ।
