ਸ਼ਬਦਾਂ ਦਾ ਵਣਜਾਰਾ ‘ਓਮ ਪ੍ਰਕਾਸ਼ ਗਾਸੋ’

04/07/2020 8:09:33 PM

ਜਗਬਾਣੀ ਸਾਹਿਤ ਵਿਸ਼ੇਸ਼

ਲੇਖਕ : ਨਵਦੀਪ ਗਿੱਲ

ਓਮ ਪ੍ਰਕਾਸ਼ ਗਾਸੋ ਸ਼ਬਦਾਂ ਦਾ ਵਣਜਾਰਾ ਹੈ। ਉਹ ਮਾਲਵੇ ਦੀ ਧੁਨੀ ਅੰਦਰ ਸਾਹਿਤਕ ਰਾਜਧਾਨੀ ਵਜੋਂ ਜਾਣੇ ਜਾਂਦੇ ਬਰਨਾਲਾ ਦੇ ਸਾਹਿਤਕਾਰਾਂ ਦਾ ਮੋਹੜੀ-ਗੱਡ ਹੈ। ਗਾਸੋ ਆਪਣੀ ਦਿੱਖ, ਸੁਭਾਅ ਤੇ ਵਿਹਾਰ ਪੱਖੋਂ ਮਾਲਵੇ ਦੀ ਪੂਰੀ ਪ੍ਰਤੀਨਿਧਤਾ ਕਰਦਾ ਹੈ ਜਿਸ ਨੂੰ ਦੇਖਣ ਵਾਲਾ ਖੁੱਲ੍ਹੇ-ਡੁੱਲ੍ਹੇ ਮਾਲਵੇ ਦੇ ਦਰਸ਼ਨ ਕਰਦਾ ਹੈ। ਉਹ ਮਾਲਵੇ ਦਾ ਚਲਦਾ ਫਿਰਦਾ ਬ੍ਰਾਂਡ ਅੰਬੈਸਡਰ ਹੈ। ਨਾਵਲਕਾਰ ਵਜੋਂ ਪ੍ਰਸਿੱਧ ਗਾਸੋ ਨੇ ਨਿਬੰਧਾਂ, ਕਵਿਤਾਵਾਂ ਅਤੇ ਬਾਲ ਸਾਹਿਤ ਤੋਂ ਇਲਾਵਾ ਹਿੰਦੀ ਵਿੱਚ ਵੀ ਕਵਿਤਾਵਾਂ ਤੇ ਨਾਵਲ ਲਿਖੇ ਹਨ। ਗਾਸੋ ਨੇ ਉਮਰ ਦੇ 85 ਵਰ੍ਹੇ ਪੂਰੇ ਕਰ ਲਏ ਹਨ ਅਤੇ 50 ਦੇ ਕਰੀਬ ਪੁਸਤਕਾਂ ਪੰਜਾਬੀ ਸਾਹਿਤ ਦੀ ਝੋਲੀ ਪਾਈਆਂ ਹਨ। ਪੇਸ਼ੇ ਵਜੋਂ ਸਰੀਰਕ ਸਿੱਖਿਆ ਅਧਿਆਪਕ ਅਤੇ ਪੰਜਾਬੀ ਦੇ ਪ੍ਰੋਫ਼ੈਸਰ ਰਹੇ ਗਾਸੋ ਦੀ ਪਛਾਣ ਇਕੱਲੇ ਸਾਹਿਤਕਾਰ ਦੀ ਨਹੀਂ, ਸਗੋਂ ਪੁਸਤਕ ਸੱਭਿਆਚਾਰ ਪੈਦਾ ਕਰਨ ਵਿੱਚ ਉਸ ਦਾ ਵੱਡਾ ਰੋਲ ਹੈ। ਇਸੇ ਲਈ ਉਸ ਨੂੰ ਮੈਂ ਸ਼ਬਦਾਂ ਦਾ ਵਣਜਾਰਾ ਕਹਿੰਦਾ ਹਾਂ। 
ਗਾਸੋ ਨੂੰ ਕੁਦਰਤ ਨਾਲ ਵੀ ਬਹੁਤ ਪਿਆਰ ਹੈ। ਅਧਿਆਪਕ ਹੁੰਦਿਆਂ ਵਿਦਿਆਰਥੀਆਂ ਨੂੰ ਜ਼ਿੰਦਗੀ ਦਾ ਪਾਠ ਵੀ ਪੜ੍ਹਾਇਆ ਅਤੇ ਚੌਗਿਰਦੇ ਨੂੰ ਹਰਿਆ-ਭਰਿਆ ਰੱਖਣ ਲਈ ਖ਼ੁਦ ਹੱਥÄ ਬੂਟੇ ਲਾ ਕੇ ਫੇਰ ਸੰਭਾਲ ਕਰ ਕੇ ਮਿਸਾਲ ਵੀ ਕਾਇਮ ਕੀਤੀ। ਘਰ-ਘਰ ਪੁਸਤਕਾਂ ਵੰਡਣ ਦਾ ਹੋਕਾ ਦੇਣ ਵਾਲਾ ਗਾਸੋ ਆਪਣੇ ਆਪ ਵਿੱਚ ਇੱਕ ਸੰਸਥਾ ਹੈ ਜਿਸ ਨੇ ਕਦੇ ਵੀ ਕੋਈ ਕੰਮ ਕਰਨ ਲੱਗਿਆਂ ਕਿਸੇ ਵੱਲ ਨਹੀਂ ਦੇਖਿਆ, ਸਗੋਂ ਖ਼ੁਦ ਹੀ ਹਿੰਮਤ ਜੁਟਾ ਕੇ ਮੋਹਰੀ ਭੂਮਿਕਾ ਨਿਭਾਈ। ਭੋਲਾ ਸਿੰਘ ਸੰਘੇੜਾ ਦੱਸਦੇ ਹਨ ਕਿ 1988 ਵਿੱਚ ਸਾਹਿਤ ਸਭਾ ਬਰਨਾਲਾ ਦੀ ਮੀਟਿੰਗ ਵਿੱਚ ਗਾਸੋ ਨੇ ਬਰਨਾਲਾ ਵਿਖੇ ਵੱਡਾ ਸਾਹਿਤਕ ਸਮਾਗਮ ਕਰਵਾਉਣ ਦਾ ਐਲਾਨ ਕਰ ਦਿੱਤਾ ਜਿਸ ਦੀ ਹਮਾਇਤ ਬਹੁਤ ਥੋੜੇ ਵਿਅਕਤੀਆਂ ਨੇ ਕੀਤੀ। ਉਸ ਵੇਲੇ ਵਿਰੋਧੀਆਂ ਵੱਲੋਂ ਸਾਧਨ ਤੇ ਵਸੀਲਿਆਂ ਦੀ ਘਾਟ ਦਾ ਰੌਲਾ ਪਾਏ ਜਾਣ ’ਤੇ ਗਾਸੋ ਨੇ ਚੁਣੌਤੀ ਦਿੱਤੀ ਕਿ ਉਹ ਖ਼ੁਦ ਘਰ-ਘਰ ਜਾ ਕੇ ਲੋਕਾਂ ਕੋਲੋਂ ਪੈਸੇ ਇਕੱਠੇ ਕਰਨਗੇ। ਅੰਤ ਗਾਸੋ ਆਪਣੀ ਗੱਲ ’ਤੇ ਪੱਕਾ ਉਤਰਦਾ ਹੋਇਆ ਬਰਨਾਲਾ ਵਿਖੇ ਵੱਡਾ ਸਾਹਿਤਕ ਸਮਾਗਮ ਕਰਵਾਉਣ ਵਿੱਚ ਸਫ਼ਲ ਰਿਹਾ ਜਿਸ ਵਿੱਚ ਦੇਸ਼-ਵਿਦੇਸ਼ ਤੋਂ ਚੋਟੀ ਦੇ ਸਾਹਿਤਕਾਰ ਆਏ। ਇਸ ਸਮਾਗਮ ਨੇ ਬਰਨਾਲਾ ਦੀ ਸਾਹਿਤਕ ਹਲਕਿਆਂ ਵਿੱਚ ਅਜਿਹੀ ਭੱਲ ਬਣਾਈ ਕਿ ਉਹ ਅੱਜ ਵੀ ਕਾਇਮ ਹੈ। ਇਹ ਸਮਾਗਮ ਬਰਨਾਲਾ ਦੀ ਸਾਹਿਤਕ ਲਹਿਰ ਲਈ ਮੀਲ ਪੱਥਰ ਸਾਬਤ ਹੋਇਆ।

ਜਨਮ ਅਤੇ ਮਾਤਾ ਪਿਤਾ
ਓਮ ਪ੍ਰਕਾਸ਼ ਗਾਸੋ ਦਾ ਜਨਮ 9 ਅਪਰੈਲ, 1933 ਨੂੰ ਪੰਡਿਤ ਗੋਪਾਲ ਦਾਸ ਦੇ ਘਰ ਮਾਤਾ ਉੱਤਮੀ ਦੇਵੀ ਦੀ ਕੁੱਖੋਂ ਹੋਇਆ। ਗਾਸੋ ਨੂੰ ਬਚਪਨ ਤੋਂ ਹੀ ਅਣਚਾਹੇ, ਅਣਡਿੱਠੇ ਤੇ ਅਣਗੌਲੇ ਪਲਾਂ ਵਿੱਚੋਂ ਗੁਜ਼ਰਨਾ ਪਿਆ। ਗਾਸੋ ਦਾ ਬਚਪਨ ਸਾਧਾਂ-ਸੰਤਾਂ ਦੇ ਡੇਰਿਆਂ ਵਿੱਚ ਬੀਤਿਆ ਜਿਸ ਬਾਰੇ ਉਹ ਜ਼ਿਕਰ ਆਪਣੀ ਸਵੈ-ਜੀਵਨੀ ‘ਨਦੀ ਦਾ ਨਾਦ’ ਵਿੱਚ ਵੀ ਕਰਦੇ ਹਨ। ਉਹ ਲਿਖਦੇ ਹਨ, ‘‘ਹੰਢਿਆਇਆ ਵਾਲੇ ਸਾਧਾਂ ਦਾ ਉਹ ਪਤਾ ਨਹੀਂ ਕਿਹੜਾ ਨਿਰਮਲਿਆਂ, ਉਦਾਸੀਆਂ, ਬੈਰਾਗੀਆਂ ਦਾ ਡੇਰਾ ਸੀ, ਜਿੱਥੇ ਮੇਰਾ ਬਾਪ ਮੈਨੂੰ ਲੰਡਰ ਜਿਹਾ ਕਤੂਰਾ ਸਮਝ ਕੇ ਛੱਡ ਗਿਆ ਪਰ ਪਤਾ ਨਹੀਂ ਕਿਹੜੀ ਸ਼ਕਤੀ ਸੀ ਜਿਸ ਨੇ ਮੈਨੂੰ ਲੰਡਰ ਕਤੂਰੇ ਤੋਂ ਅਵਾਰਾ ਕੁੱਤਾ ਨਾ ਬਣਨ ਦਿੱਤਾ।’’ ਸਾਧਾਂ ਦੇ ਡੇਰਿਆਂ ’ਤੇ 13 ਸਾਲ ਗੁਜ਼ਾਰਨ ਵਾਲੇ ਗਾਸੋ ਨੇ ਗਜਾ ਦੀਆਂ ਰੋਟੀਆਂ ਵੀ ਮੰਗੀਆਂ, ਸਾਧੂਆਂ ਦੀਆਂ ਚਿਲਮਾਂ ਵੀ ਭਰੀਆਂ, ਮੰਦਰਾਂ ’ਚ ਖੜਤਾਲਾਂ ਵੀ ਖੜਕਾਈਆਂ। ਗਾਸੋ ਦਾ ਬਚਪਨ ਰੋਹੀ-ਬੀਆਬਾਨ, ਸੁੰਨੇ ਖੇਤਾਂ ਦੀਆਂ ਪਗਡੰਡੀਆਂ ’ਤੇ ਬੀਤਿਆ, ਜਿੱਥੇ ਉਸ ਨੂੰ ਪਾਧਾ ਬਣਾਉਣ ਲਈ ਤੋਰਿਆ ਗਿਆ ਸੀ ਪਰ ਉਨ੍ਹਾਂ ਹਾਲਤਾਂ ਵਿੱਚ ਰਹਿ ਕੇ ਵੀ ਉਹ ਪਾਧਾ ਨਾ ਬਣ ਕੇ ਪਾੜਾ ਬਣ ਗਿਆ ਅਤੇ ਫੇਰ ਪੜ੍ਹਾਉਣ ਲੱਗ ਗਿਆ। ਪੰਜਾਬੀ ਤੇ ਹਿੰਦੀ ਦੋ ਵਿਸ਼ਿਆਂ ਦੀ ਐਮ.ਏ. ਕਰਨ ਵਾਲੇ ਗਾਸੋ ਸਕੂਲ ਵਿੱਚ ਭਾਵੇਂ ਪੀ.ਟੀ. ਮਾਸਟਰ ਅਤੇ ਕਾਲਜ ਵਿੱਚ ਪੰਜਾਬੀ ਦੇ ਪ੍ਰੋਫ਼ੈਸਰ ਰਹੇ ਹਨ। ਸਕੂਲ ਸਮੇਂ ਕਿਸੇ ਵੀ ਜਮਾਤ ਦਾ ਕੋਈ ਵੀ ਵਿਹਲਾ ਪੀਰੀਅਡ ਹੁੰਦਾ ਤਾਂ ਗਾਸੋ ਵਿਦਿਆਰਥੀਆਂ ਨੂੰ ਪੰਜਾਬੀ ਜਾਂ ਹਿੰਦੀ ਪੜ੍ਹਾਉਣ ਲੱਗ ਜਾਂਦਾ। ਪਹਿਲੀ ਨਜ਼ਰੇ ਹਰ ਕੋਈ ਉਸ ਨੂੰ ਪੰਜਾਬੀ ਜਾਂ ਹਿੰਦੀ ਦਾ ਅਧਿਆਪਕ ਸਮਝਦਾ। ਸਾਹਿਤਕ ਹਲਕਿਆਂ ਵਿੱਚ ਬਹੁਤਿਆਂ ਨੂੰ ਇਹ ਪਤਾ ਨਹੀਂ ਕਿ ਗਾਸੋ ਪੀ.ਟੀ. ਮਾਸਟਰ ਵੀ ਰਿਹਾ ਹੈ। ਵਿਦਿਆਰਥੀਆਂ ਨੂੰ ਉਹ ਪੜ੍ਹਾਉਣ ਦੇ ਨਾਲ-ਨਾਲ ਕਬੱਡੀ ਤੇ ਖੋ-ਖੋ ਵੀ ਖਿਡਾਉਂਦਾ ਰਿਹਾ। 

ਬਤੌਰ ਅਧਿਆਪਕ ਗਾਸੋ ਦੀ ਸ਼ਖਸੀਅਤ 
ਮੇਰੇ ਪਿਤਾ ਜੀ ਨੂੰ ਉਨ੍ਹਾਂ ਦੇ ਕੁਲੀਗ ਰਹਿਣ ਦਾ ਮਾਣ ਹਾਸਲ ਹੈ। ਇਕੋ ਸਕੂਲ ਵਿੱਚ ਗਾਸੋ ਜੀ ਪੀ.ਟੀ. ਅਤੇ ਮੇਰੇ ਪਿਤਾ ਜੀ ਡੀ.ਪੀ.ਈ. ਰਹੇ ਹਨ, ਜਿੱਥੋਂ ਮੈਨੂੰ ਉਨ੍ਹਾਂ ਦੇ ਨੇੜੇ ਆਉਣ ਦਾ ਮੌਕਾ ਮਿਲਿਆ ਅਤੇ ਸਾਹਿਤ ਪ੍ਰਤੀ ਰੁਝਾਨ ਵੀ ਉਸ ਵੇਲੇ ਪੈਦਾ ਹੋਇਆ। ਉਹ ਮੇਰੇ ਪਹਿਲੇ ਆਦਰਸ਼ ਲੇਖਕ ਹਨ, ਛੋਟਾ ਹੁੰਦਾ ਜਿਨ੍ਹਾਂ ਵਰਗਾ ਬਣਨਾ ਮੈਂ ਅਕਸਰ ਲੋਚਦਾ। ਗਾਸੋ ਦੀ ਰਿਸ਼ਟ-ਪੁਸ਼ਟ ਸਿਹਤ ਦਾ ਰਾਜ ਵੀ ਸਰੀਰਕ ਸਿੱਖਿਆ ਅਧਿਆਪਕ ਹੋਣਾ ਹੈ। ਸਕੂਲ ਪੜ੍ਹਾਉਂਦਿਆਂ ਗਾਸੋ ਨੇ ਪੰਜਾਬੀ ਵਿਸ਼ੇ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਐਮ.ਫ਼ਿਲ. ਕੀਤੀ। ਐਮ.ਫ਼ਿਲ. ਕਰਦਿਆਂ ਗਾਸੋ ਦੇ ਜਮਾਤੀਆਂ ਵਿੱਚ ਸੀ. ਮਾਰਕੰਡਾ, ਮਨਜੀਤ ਇੰਦਰਾ ਜਿਹੇ ਸਾਹਿਤਕਾਰ ਹੁੰਦੇ ਸਨ ਜਿਸ ਬਾਰੇ ਮਨਜੀਤ ਇੰਦਰਾ ਕਹਿੰਦੀ ਹੈ, ‘‘ਗਾਸੋ ਦੀ ਸਿਆਣਪ, ਸੂਝ-ਬੂਝ ਅਤੇ ਖੁੱਲ੍ਹ-ਦਿਲੇ ਸੁਭਾਅ ਕਰ ਕੇ ਸਾਡੀ ਕਲਾਸ ਦੇ 20 ਜਮਾਤੀ ਇਕ ਸਾਲ ਇਕੱਠੇ ਪਰਿਵਾਰ ਵਾਂਗ ਰਹੇ। ਗਾਸੋ ਜਦੋਂ ਵੀ ਘਰੋਂ ਆਉਂਦਾ ਤਾਂ ਸਾਡੇ ਲਈ ਕੁਝ ਖਾਣ ਨੂੰ ਲਿਆਉਂਦਾ ਜਿਸ ਵਿੱਚ ਸਾਗ, ਮੱਖਣ ਅਤੇ ਲੱਸੀ ਪ੍ਰਮੁੱਖ ਹੁੰਦੀ ਸੀ।’’ ਸਕੂਲ ਦੀ ਨੌਕਰੀ ਉਪਰੰਤ ਉਨ੍ਹਾਂ ਕਾਲਜ ਵਿੱਚ ਪੰਜਾਬੀ ਵਿਸ਼ਾ ਵੀ ਪੜ੍ਹਾਇਆ। ਗਾਸੋ ਦੇ ਤਿੰਨ ਪੁੱਤਰਾਂ ਵਿੱਚੋਂ ਦੋ ਪੁੱਤਰਾਂ ਸੁਦਰਸ਼ਨ ਤੇ ਰਵੀ ਨੇ ਪੀਐੱਚ.ਡੀ. ਕੀਤੀ। ਡਾ. ਸੁਦਰਸ਼ਨ ਗਾਸੋ ਅੰਬਾਲਾ ਦੇ ਕਾਲਜ ਵਿੱਚ ਪੜ੍ਹਾਉਂਦਿਆਂ ਹਰਿਆਣਾ ਵਿੱਚ ਪੰਜਾਬੀ ਭਾਸ਼ਾ ਦੇ ਪ੍ਰਚਾਰ, ਪਸਾਰ ਦਾ ਝੰਡਾਬਰਦਾਰ ਬਣਿਆ ਹੋਇਆ ਹੈ। ਡਾ. ਸੁਦਰਸ਼ਨ ਤਾਂ ਯੂਨੀਵਰਸਿਟੀ ਵਿੱਚ ਐਮ.ਫ਼ਿਲ. ਦੀ ਪੜ੍ਹਾਈ ਦੌਰਾਨ ਆਪਣੇ ਪਿਤਾ ਓਮ ਪ੍ਰਕਾਸ ਗਾਸੋ ਦਾ ਜੂਨੀਅਰ ਵੀ ਰਿਹਾ ਹੈ। ਤੀਜੇ ਪੁੱਤਰ ਦਾ ਨਾਮ ਰਮੇਸ਼ ਗਾਸੋ ਹੈ।
ਗਾਸੋ ਨੇ ਪੰਜਾਬੀ ਤੇ ਹਿੰਦੀ ਦੋਵਾਂ ਭਾਸ਼ਾਵਾਂ ਦੀ ਐਮ.ਏ. ਕੀਤੀ ਅਤੇ ਦੋਵਾਂ ਵਿੱਚ ਹੀ ਲਿਖਿਆ। ਪੰਜਾਬੀ ਭਾਸ਼ਾ ਬਾਰੇ ਗਾਸੋ ਦਾ ਕਹਿਣਾ ਹੈ ਕਿ ਉਹ ਪੰਜਾਬੀ ਵਿੱਚੋਂ ਸੰਤ ਬਾਣੀ ਅਤੇ ਸੂਰਬੀਰਤਾ ਦੇ ਸੁਰ ਪ੍ਰਾਪਤ ਕਰਦਾ ਹੈ। ਹਿੰਦੀ ਬਾਰੇ ਉਸ ਦਾ ਕਹਿਣਾ ਹੈ ਕਿ ਭਾਸ਼ਾ ਦੀ ਕੋਮਲਤਾ ਅਤੇ ਦਾਰਸ਼ਨਿਕਤਾ ਵਿੱਚੋਂ ਪੈਦਾ ਹੋਈ ਸੂਖਮਤਾ ਨੇ ਉਸ ਨੂੰ ਹਿੰਦੀ ਭਾਸ਼ਾ ਦਾ ਮੁਰੀਦ ਬਣਾਇਆ। ਗਾਸੋ ਦਾ ਪਹਿਲਾ ਨਾਵਲ 1966 ਵਿੱਚ ‘ਸੁਪਨੇ ਤੇ ਸੰਸਕਾਰ’ ਆਇਆ ਅਤੇ ਉਸ ਵੇਲੇ ਤੋਂ ਹੁਣ ਤੱਕ ਨਿਰੰਤਰ ਲਿਖਣਾ ਜਾਰੀ ਹੈ। ਨਾਵਲਾਂ ਦੀ ਬਹੁਗਿਣਤੀ ਹੈ। ਹੁਣ ਤੱਕ ਉਹ 20 ਨਾਵਲ ਲਿਖ ਚੁੱਕੇ ਹਨ। ਸੱਭਿਆਚਾਰ, ਸੰਸਕ੍ਰਿਤੀ ਬਾਰੇ 11 ਪੁਸਤਕਾਂ ਲਿਖੀਆਂ। ਬਾਲ ਸਾਹਿਤ ਦੀ ਝੋਲੀ ਦੋ ਪੁਸਤਕਾਂ ਪਾਈਆਂ, ਜਿਨ੍ਹਾਂ ਵਿੱਚੋਂ ‘ਫਲੋਰੰਜਨੀ ਦੇ ਫੁੱਲ’ ਸਭ ਤੋਂ ਵੱਧ ਪੜ੍ਹੀ ਜਾਣ ਵਾਲੀ ਤੇ ਮਕਬੂਲ ਪੁਸਤਕ ਹੈ। ਕਵਿਤਾ ਦੀ ਵੱਡ-ਆਕਾਰੀ ਪੁਸਤਕ ‘ਕਿੱਥੇ ਹੈ ਆਦਮੀ’ ਲਿਖੀ। ਗਾਸੋ ਦੀ ‘ਕਿੱਥੇ ਹੈ ਆਦਮੀ’ ਕਵਿਤਾ ਦੀ ਤੁਲਨਾ ਪ੍ਰਸਿੱਧ ਹਿੰਦੀ ਕਵੀ ਧੂਮਿਲ ਦੀ ਮਸ਼ਹੂਰ ਕਵਿਤਾ ‘ਸੰਸਦ ਸੇ ਸੜਕ ਤੱਕ’ ਨਾਲ ਕੀਤੀ ਜਾਂਦੀ ਹੈ। 123 ਪੰਨਿਆਂ ਦੀ ਇਹ ਕਵਿਤਾ ਉਨ੍ਹਾਂ ਸਿਰਫ਼ 2-4 ਘੰਟਿਆਂ ਵਿੱਚ ਲਿਖੀ ਜਿਸ ਵਿੱਚ ਅਜੋਕੇ ਸਮਾਜ ਦੇ ਹਾਲਾਤ ਬਿਆਨ ਕੀਤੇ।

 ਗਾਸੋ ਦੀਆਂ ਲਿਖਤਾਂ ਵਿਚੋਂ ਝਲਕਦਾ ਮਲਵਈ ਸੱਭਿਆਚਾਰ
ਐਸ.ਡੀ. ਕਾਲਜ ਪੜ੍ਹਾਉਂਦਿਆਂ ਇਕ ਵਿਦਿਆਰਥੀ ਨਾਲ ਬੀਤੀ ਕਹਾਣੀ ਨੂੰ ਇਸ ਕਵਿਤਾ ਰਾਹੀਂ ਬਿਆਨ ਕਰ ਕੇ ਗਾਸੋ ਨੇ ਦੱਸਿਆ ਕਿ ਵਿਦਿਆਰਥੀ ਉਸ ਦੇ ਦਿਲ ਦੇ ਕਿੰਨੇ ਨੇੜੇ ਰਹੇ ਹਨ। ਇਸ ਤੋਂ ਇਲਾਵਾ ਹਿੰਦੀ ਵਿੱਚ ਵੀ ਦੋ ਨਾਵਲ ‘ਮਨੁਸ਼ਯ ਕੀ ਆਂਖੇਂ’ ਤੇ ‘ਬਿਖਰੀ ਬਿਖਰੀ ਬਾਤੇਂ’ ਲਿਖੇ। ‘ਬਿਖਰੀ ਬਿਖਰੀ ਬਾਤੇਂ’ ਲਈ ਭਾਸ਼ਾ ਵਿਭਾਗ ਵੱਲੋਂ ਗਲਪਕਾਰ ਸੁਦਰਸ਼ਨ ਪੁਰਸਕਾਰ ਵੀ ਮਿਲਿਆ। ਇਹ ਨਾਵਲ ਪੰਜਾਬ ਦੇ ਵੰਡ ਦੀ ਦੁਖਾਂਤ ਦੀ ਸੰਪ੍ਰਦਾਇਕਤਾ ਨੂੰ ਪੇਸ਼ ਕਰਦਾ ਸੀ। ਹਿੰਦੀ ਵਿੱਚ ਕਵਿਤਾਵਾਂ ਦੀਆਂ ਪੁਸਤਕਾਂ ਵੀ ਲਿਖੀਆਂ। ਹਿੰਦੀ ਕਾਵਿ ਸੰਗ੍ਰਹਿ ‘ਨੀਮ ਕੀ ਛਾਇਆ ਤਲੇ’ ਦਾ ਪੰਜਾਬੀ ਤੇ ਬੰਗਾਲੀ ਭਾਸ਼ਾ ਵਿੱਚ ਵੀ ਅਨੁਵਾਦ ਹੋਇਆ। ਸਵੈ-ਜੀਵਨੀ ‘ਨਦੀ ਦਾ ਨਾਦ’ ਵਿੱਚ ਗਾਸੋ ਨੇ ਹੈਰਾਨ ਕਰਨ ਵਾਲੀਆਂ ਆਪ-ਬੀਤੀਆਂ ਘਟਨਾਵਾਂ ਦਾ ਜ਼ਿਕਰ ਕੀਤਾ ਹੈ। ‘ਤੁਰਦਿਆਂ-ਤੁਰਦਿਆਂ’ ਨਾਵਲ ਵਿੱਚ ਗਾਸੋ ਨੇ ਯੂ.ਪੀ. ਦੀ ਇਕ ਕੰਮ ਵਾਲੀ ਔਰਤ ਗੋਮਤੀ ਦੀ ਕਹਾਣੀ ਪੇਸ਼ ਕੀਤੀ ਹੈ। ਗਾਸੋ ਦੀਆਂ ਲਿਖਤਾਂ ਦਾ ਵਿਸ਼ਾ ਯਥਾਰਦਵਾਦੀ, ਪ੍ਰਗਤੀਵਾਦੀ, ਸਮਾਜਵਾਦੀ, ਮਾਨਵਤਾਵਾਦੀ, ਆਸ਼ਾਵਾਦੀ, ਕਿਰਤੀ-ਕਿਸਾਨਾਂ ਦੇ ਹੱਕ ’ਚ ਹੋਕਾ ਦੇਣ ਵਾਲਾ ਰਿਹਾ। ਗਾਸੋ ਦੀਆਂ ਲਿਖਤਾਂ ਵਿੱਚ ਮਲਵਈ ਸੱਭਿਆਚਾਰ ਦੇ ਖੁੱਲ੍ਹੇ ਦਰਸ਼ਨ ਹੁੰਦੇ ਹਨ। ਸਮਕਾਲੀ ਵਿਸ਼ਵ ਸਾਹਿਤ ਦਾ ਅਸਰ ਕਬੂਲਣ ਵਾਲੇ ਗਾਸੋ ਦੇ ਨਾਵਲਾਂ ਦੇ ਪਾਤਰ ਨਿਵੇਕਲੇ, ਨਵੇਂ ਤੇ ਲੀਕ ਨਾਲੋਂ ਹਟਵੇਂ ਹੁੰਦੇ ਹਨ। ਉਹ ਦੀਨ-ਦੁਖੀਆਂ ਦਾ ਮਦਦਗਾਰ ਹੈ ਅਤੇ ਲਿਖਤਾਂ ਰਾਹÄ ਦੱਬੇ-ਕੁਚਲੇ ਲੋਕਾਂ ਦੀ ਆਵਾਜ਼ ਬਣ ਕੇ ਸ਼ਬਦ ਲਿਖਦਾ ਹੈ। ਗਾਸੋ ਦੀਆਂ ਲਿਖਤਾਂ ਅਸ਼ਲੀਲਤਾ, ਕਾਮੁਕਤਾ, ਅਰਥਹੀਣ, ਅੰਧਵਿਸ਼ਵਾਸ ਤੋਂ ਕੋਹਾਂ ਦੂਰ ਰਹੀਆਂ ਹਨ। ਲੋਕ ਪੱਖੀ ਸਾਹਿਤ ਪ੍ਰਕਾਸ਼ਿਤ ਕਰਵਾਉਣਾ ਉਸ ਦੀ ਪਹਿਲ ਰਿਹਾ ਹੈ। ਗਾਸੋ ਦੀ ਲੇਖਣੀ ’ਚ ਵਿਦਵਤਾ ਤੇ ਬੌਧਿਕ ਚੇਤਨਾ ਹੈ, ਜੋ ਸਮਾਜਿਕ ਹਾਲਤਾਂ ਨੂੰ ਬਿਆਨ ਕਰਦੀ ਹੈ। ਗਾਸੋ ਦੇ ਗਿਆਨ ਦਾ ਘੇਰਾ ਵਿਸ਼ਾਲ ਹੈ। ਵਧੇਰੇ ਭਾਸ਼ਾਵਾਂ ਤੇ ਵਧੇਰੇ ਖਿੱਤਿਆਂ, ਸੱਭਿਅਤਾਵਾਂ ਉਸ ਦੇ ਇਸ ਘੇਰੇ ਵਿੱਚ ਆਉਂਦੇ ਹਨ।

ਪੁਸਤਕ ਸੱਭਿਆਚਾਰ  ਦੀ ਦੀਵਨਗੀ
ਪੁਸਤਕ ਸੱਭਿਆਚਾਰ ਪੈਦਾ ਕਰਨ ਲਈ ਗਾਸੋ ਦੀ ਸਭ ਤੋਂ ਵੱਡੀ ਦੇਣ ਮਿੱਤਰ ਮੰਡਲ ਪ੍ਰਕਾਸ਼ਨ ਹੈ। 1966 ਵਿੱਚ ਮਿੱਤਰ ਮੰਡਲ ਪ੍ਰਕਾਸ਼ਨ ਦੀ ਸਥਾਪਨਾ ਹੋਈ। ਉਦੋਂ ਇਸ ਵਿੱਚ 200 ਦੋਸਤ ਸ਼ਾਮਲ ਸਨ, ਜਿਨ੍ਹਾਂ ਤੋਂ 5 ਰੁਪਏ ਪ੍ਰਤੀ ਵਿਅਕਤੀ ਲਏ ਗਏ ਅਤੇ ਇਸ ਬਦਲੇ 4 ਪੁਸਤਕਾਂ ਵੰਡਣ ਲਈ ਦਿੱਤੀਆਂ ਗਈਆਂ। ਇਹ ਪੁਸਤਕਾਂ ਗਾਸੋ ਦੇ ਪਹਿਲੇ ਚਾਰ ਨਾਵਲ ‘ਸਪੁਨੇ ਤੇ ਸੰਸਕਾਰ’, ‘ਕੱਪੜਵਾਸ’, ‘ਆਸ ਅੱਥਰੂ’ ਤੇ ‘ਮਿੱਟੀ ਦਾ ਮੁੱਲ’ ਸਨ। ਉਦੋਂ ਤੋਂ ਪੁਸਤਕਾਂ ਘਰ-ਘਰ ਪਹੁੰਚਾਉਣ ਦੇ ਉਪਰਾਲੇ ਜਾਰੀ ਹਨ। ਹੁਣ ਤੱਕ ਮਿੱਤਰ ਮੰਡਲ ਪ੍ਰਕਾਸ਼ਨ ਵੱਲੋਂ 50 ਹਜ਼ਾਰ ਪੁਸਤਕਾਂ ਪਾਠਕਾਂ ਵਿੱਚ ਵੰਡੀਆਂ ਗਈਆਂ ਹਨ ਅਤੇ ਇੰਨੀਆਂ ਹੀ ਪੁਸਤਕਾਂ ਹੋਰ ਵੰਡਣ ਦਾ ਟੀਚਾ ਹੈ। ਗਾਸੋ ਹੁਰਾਂ ਨੇ ਹਮੇਸ਼ਾ ਹੀ ਆਪਣੀਆਂ ਪੁਸਤਕਾਂ ਦੀ ਕੀਮਤ ਵਾਜਬ ਰੱਖੀ। ਪੁਸਤਕ ਦੀ ਕੀਮਤ 20 ਰੁਪਏ ਹੁੰਦੀ ਸੀ ਅਤੇ ਹੁਣ ਇਸ ਕੀਮਤ ਵਿੱਚ ਸਿਰਫ਼ 5 ਰੁਪਏ ਵਾਧਾ ਕਰ ਕੇ 25 ਰੁਪਏ ਕਰ ਦਿੱਤਾ ਤਾਂ ਜੋ ਪਾਠਕ ਮਹਿੰਗੀ ਕਿਤਾਬ ਕਾਰਨ ਖ਼ਰੀਦਣੋਂ ਅਸਮਰੱਥ ਨਾ ਹੋਵੇ। ਪਾਠਕ ਵੀ 100 ਰੁਪਏ ਵਿੱਚ ਪਹਿਲਾਂ 5 ਅਤੇ ਹੁਣ ਚਾਰ ਪੁਸਤਕਾਂ ਲੈ ਕੇ ਖ਼ੁਸ਼ ਹੋ ਜਾਂਦਾ ਹੈ। ਕੋਈ ਖ਼ੁਸ਼ੀ, ਗ਼ਮੀ, ਵਿਆਹ, ਪਾਰਟੀ, ਸੇਵਾ-ਮੁਕਤੀ ਜਾਂ ਹੋਰ ਕੋਈ ਵੀ ਸਮਾਗਮ ਹੋ ਰਿਹਾ ਹੋਵੇ ਤਾਂ ਗਾਸੋ ਹੁਰੀਂ ਮੇਜ਼ਬਾਨ ਨੂੰ ਕਿਤਾਬਾਂ ਵੰਡਣ ਲਈ ਪ੍ਰੇਰਦੇ। ਮੇਰੇ ਪਿਤਾ ਜੀ ਦੀ ਸੇਵਾ-ਮੁਕਤੀ ਮੌਕੇ ਵੀ ਉਨ੍ਹਾਂ ਦੀ ਪੁਸਤਕ ‘ਫਲੋਰੰਜਨੀ ਦੇ ਫੁੱਲ’ ਸਕੂਲ ਦੇ ਵਿਦਿਆਰਥੀਆਂ ਨੂੰ ਵੰਡੀ ਗਈ ਸੀ।
ਗਾਸੋ ਹੁਰਾਂ ਬਾਰੇ ਉਨ੍ਹਾਂ ਦੇ ਵਿਰੋਧੀ ਅਕਸਰ ਕਹਿਣਗੇ ਕਿ ਉਨ੍ਹਾਂ ਦਾ ਝੋਲਾ ਪਾ ਕੇ ਕਿਤਾਬਾਂ ਵੇਚਣਾ ਗ਼ਲਤ ਹੈ ਪ੍ਰੰਤੂ ਬਾਪੂ ਗਾਸੋ ਆਪਣੀ ਧੁਨੇ ਲੱਗਿਆ ਹੋਇਆ ਹੈ ਅਤੇ ਉਹ ਅਕਸਰ ਕਹਿੰਦਾ ਹੈ ਕਿ ਕੋਈ ਮਾੜੀ ਚੀਜ਼ ਤਾਂ ਨਹੀਂ ਵੇਚਦਾ, ਸਗੋਂ ਲੋਕਾਂ ਨੂੰ ਸਾਹਿਤ ਨਾਲ ਹੀ ਜੋੜਦਾ ਹਾਂ। ਗਾਸੋ ਦਾ ਵਿਚਾਰ ਹੈ ਕਿ ਜਿਹੜੇ ਲੇਖਕ ਕਹਿੰਦੇ ਹਨ ਕਿ ਪੁਸਤਕ ਸੱਭਿਆਚਾਰ ਖ਼ਤਮ ਹੋ ਗਿਆ ਹੈ ਜਾਂ ਪਾਠਕਾਂ ਦੀ ਕਮੀ ਆ ਗਈ ਹੈ, ਉਹ ਨਿਰਾ ਝੂਠ ਬੋਲਦੇ ਹਨ। ਉਨ੍ਹਾਂ ਦਾ ਤਰਕ ਹੈ ਕਿ ਪਾਠਕਾਂ ਦੀ ਕੋਈ ਘਾਟ ਨਹੀਂ, ਬੱਸ ਉਨ੍ਹਾਂ ਨੂੰ ਪ੍ਰੇਰਨ ਵਾਲਾ ਕੋਈ ਚਾਹੀਦਾ ਹੈ। ਉਹ ਕਹਿੰਦੇ ਹਨ, ‘‘ਘਰ-ਘਰ ਜਾ ਕੇ ਹੋਕਾ ਦੇਣਾ ਪੈਂਦੈ।’’ ਇਕ ਵਾਰ ਕਿਸੇ ਵਿਅਕਤੀ ਨੇ ਬਾਪੂ ਨੂੰ ਸਪਤਾਹ ’ਤੇ ਸੱਦਾ ਦਿੱਤਾ ਅੱਗਿਉਂ ਬਾਪੂ ਨੇ ਕਿਹਾ ਕਿ ਤੁਸੀ ਜੇਕਰ ਸੱਦਿਆ ਹੀ ਹੈ ਤਾਂ ਸਪਤਾਹ ’ਤੇ 5000 ਰੁਪਏ ਦੀਆਂ ਪੁਸਤਕਾਂ ਹੀ ਭਗਤਾਂ ਨੂੰ ਵੰਡ ਦਿਉ। ਬਾਪੂ ਨੂੰ ਕਿਸੇ ਵੀ ਪ੍ਰੋਗਰਾਮ, ਸਾਹਿਤ ਸਭਾ, ਸੰਮਲੇਨ, ਸੰਸਥਾ ਤੋਂ ਮਿਹਨਤਾਨੇ ਦੇ ਰੂਪ ਵਿੱਚ ਕੋਈ ਰਕਮ ਮਿਲਣੀ ਤਾਂ ਉਹ ਉਥੇ ਹੀ ਉਨੇ ਮੁੱਲ ਦੀਆਂ ਕਿਤਾਬਾਂ ਵਿਦਿਆਰਥੀਆਂ ਨੂੰ ਵੰਡ ਆਉਂਦੇ। ਦੂਰਦਰਸ਼ਨ, ਅਕਾਸ਼ਵਾਣੀ ਦੇ ਪ੍ਰੋਗਰਾਮ ਉਤੇ ਜਾਂਦੇ ਤਾਂ ਆਪਣੇ ਕਿਰਾਏ ਦੀ ਰਕਮ ਕੱਢ ਕੇ ਬਾਕੀ ਰੁਪਏ ਦੀਆਂ ਪੁਸਤਕਾਂ ਵੰਡ ਦੇਣੀਆਂ। ਗਮਦੂਰ ਸਿੰਘ ਰੰਗੀਲਾ ਹਰ ਜਨਮ ਦਿਨ ’ਤੇ 500 ਰੁਪਏ ਦੀਆਂ 20 ਪੁਸਤਕਾਂ ਖ਼ਰੀਦ ਕੇ ਅੱਗੇ ਪਾਠਕਾਂ ਨੂੰ ਵੰਡਦਾ ਹੈ। ਇਸੇ ਤਰ੍ਹਾਂ ਬਾਬੂ ਬਿ੍ਰਜ ਲਾਲ ਗੋਇਲ ਨੇ ਬਾਪੂ ਦੇ ਜਨਮ ਦਿਨ ਮੌਕੇ 1000 ਰੁਪਏ ਦੀਆਂ 50 ਪੁਸਤਕਾਂ ਧਨੌਲਾ ਵਿਖੇ ਵੰਡੀਆਂ।

ਕੁਦਰਤ ਦੀ ਝਲਕ ‘ਗਾਸੋ ਦਾ ਚੌਬਾਰਾ’
ਬੂਟੇ ਲਗਾਉਂਦਿਆਂ ਬਾਪੂ ਨੂੰ ਅੱਧੀ ਸਦੀ ਹੋ ਗਈ ਹੈ। ਮੈਂ ਛੋਟੇ ਹੁੰਦਿਆਂ ਗਾਸੋ ਹੁਰਾਂ ਨੂੰ ਸਕੂਲ ਵਿੱਚ ਵਣ ਮਹਾਂਉਤਸਵ ਮਨਾਉਂਦੇ ਦੇਖਿਆ। ਹੁਣ ਵੀ ਜਦੋਂ ਬਾਪੂ ਤੋਂ ਬੂਟੇ ਲਗਾਉਣ ਬਾਰੇ ਪੁੱਛੀਦਾ ਹੈ ਤਾਂ ਉਹ ਅਕਸਰ ਕਹੇਗਾ, ‘‘ਬੂਟੇ ਲਾਉਣ ਨਾਲੋਂ ਵੱਧ ਇਨ੍ਹਾਂ ਦੀ ਸੰਭਾਲ ਜ਼ਰੂਰੀ ਹੈ।’’ ਅਕਸਰ ਹੀ ਲੋਕ ਵੱਡੇ ਸਮਾਗਮ ਕਰ ਕੇ ਬੂਟੇ ਲਗਾ ਕੇ ਅਖ਼ਬਾਰਾਂ ਵਿੱਚ ਤਸਵੀਰਾਂ ਲਵਾ ਲੈਂਦੇ ਹਨ ਪ੍ਰੰਤੂ ਬਾਅਦ ਵਿੱਚ ਕੋਈ ਵੀ ਬੂਟਿਆਂ ਦੀ ਦੇਖਭਾਲ ਨਹੀਂ ਕਰਦਾ ਅਤੇ ਬੂਟੇ ਨਸ਼ਟ ਹੋ ਜਾਂਦੇ ਹਨ। ਉਹ ਹਰ ਸਾਲ 100 ਬੂਟੇ ਲਾਉਂਦੇ ਹਨ, ਜਿਨ੍ਹਾਂ ਨੂੰ ਪਾਲਣ ਦਾ ਕੰਮ ਵੀ ਖ਼ੁਦ ਹੀ ਕਰਦੇ ਹਨ। ਬਾਪੂ ਆਪਣੇ ਹੱਥੀਂ ਲਾਏ ਬੂਟਿਆਂ ਦੀ ਸੰਭਾਲ ਲਈ ਬਾਅਦ ਵਿੱਚ ਗੇੜਾ ਮਾਰੀ ਰੱਖਦਾ। ਦਰੱਖ਼ਤ ਉਹ ਹਮੇਸ਼ਾ ਹੀ ਗੁਣਕਾਰੀ ਲਾਉਂਦਾ ਹੈ। 
ਗਾਸੋ ਦਾ ਕਹਿਣਾ ਹੈ ਵਿਅਕਤੀਤਵ ਦੀ ਉਸਾਰੀ ਵਿੱਚ ਵਸੀਲਿਆਂ, ਵਾਤਾਵਰਣ, ਵਿਵਸਥਾ, ਵਿੱਦਿਆ, ਵਿਧੀ ਵਿਧਾਨ ਅਤੇ ਸਮਾਜਿਕ ਵਿਹਾਰ ਦਾ ਪੂਰਾ ਹੱਥ ਹੁੰਦਾ ਹੈ। ਗਾਸੋ ਕਿਸੇ ਧਰਮ, ਜਾਤ, ਫ਼ਿਰਕੇ, ਭਾਸ਼ਾ ਨਾਲ ਬੰਨਿ੍ਹਆ ਹੋਇਆ ਇਨਸਾਨ ਨਹੀ ਹੈ। ਉਹ ਹਮੇਸ਼ਾ ਕਹਿੰਦੇ ਹਨ ਕਿ ਕਿਸੇ ਭਾਸ਼ਾ ਨੂੰ ਵਿਸ਼ੇਸ਼ ਧਰਮ ਨਾਲ ਨਾ ਜੋੜੋ। ਉਹ ਸੱਭਿਆਚਾਰ ਨੂੰ ਸਮਾਜਿਕ ਪ੍ਰਣਾਲੀਆਂ ਦਾ ਸੰਗੀਤ ਦੱਸਦਾ ਹੈ। ਕਵਿਤਾ ਨੂੰ ਗਾਸੋ ਭਾਵਨਾ ਦਾ ਪ੍ਰਗਟਾਅ ਦੱਸਦਾ ਹੈ। ਭਾਵਨਾਵਾਂ ਦੀਆਂ ਤਰੰਗਾਂ ਦੇ ਵਹਿਣ ਵਿੱਚੋਂ ਪੈਦਾ ਹੋਈ ਬਾਣੀ ਦਿਲ ਦੀ ਧੜਕਣ ਬਣ ਬੈਠਦੀ ਹੈ। ਗਾਸੋ ਦੀ ਰਹਿਣੀ-ਸਹਿਣੀ, ਮੂੰਹ ਮੁਲਾਹਜ਼ਾ, ਵਿਹਾਰ ਤੋਂ ਵੀ ਉਨ੍ਹਾਂ ਦੀ ਸਾਦਗੀ ਅਤੇ ਕੁਦਰਤ ਪ੍ਰੇਮ ਦੇ ਦਰਸ਼ਨ ਹੁੰਦੇ ਹਨ। ਗਾਸੋ ਨੇ ਆਪਣਾ ਨਿਵਾਸ ਹਾਲੇ ਵੀ ਚੁਬਾਰਾ ਰੱਖਿਆ ਹੋਇਆ ਹੈ, ਜਿੱਥੇ ਸਾਦੇ ਦੋ ਕਮਰੇ ਅਤੇ ਇਕ ਵਰਾਂਡਾ ਹੈ। ਫੱਕਰਾਂ ਦੇ ਆਲ੍ਹਣੇ ਰੂਪੀ ਇਸ ਚੁਬਾਰੇ ਵਿਚਲੀ ਹਰ ਸ਼ੈਅ ਵਿੱਚੋਂ ਕੁਦਰਤ, ਸਾਦਗੀ ਤੇ ਸਾਹਿਤਕ ਦਰਸ਼ਨ ਹੁੰਦੇ ਹਨ। ਗਾਸੋ ਦੀਆਂ ਪੁਸਤਕਾਂ ਦੇ ਟਾਈਟਲਾਂ ਦੇ ਫ਼ੋਟੋਗ੍ਰਾਫ਼ੀ ਫਰੇਮ, ਢੇਰਾਂ ਪੁਸਤਕਾਂ ਅਤੇ ਪੁਰਾਣੇ ਸਮੇਂ ਦਾ ਰਵਾਇਤੀ ਫ਼ਰਨੀਚਰ ਜਿਸ ਵਿੱਚ ਕੁਰਸੀ ਰੂਪੀ ਦਰਖ਼ਤਾਂ ਦੇ ਖੁੰਢ ਵੀ ਪਏ ਹਨ। ਗਾਸੋ ਕਿਸੇ ਵੀ ਸਮੇਂ ਕਿਸੇ ਵੀ ਹਾਲਤ ਵਿੱਚ ਬੈਠਾ ਜਾਂ ਪਿਆ ਹੋਵੇ, ਕਿਸੇ ਵੀ ਉਮਰ ਅਤੇ ਕਿਸੇ ਵੀ ਰੁਤਬੇ ਦੇ ਵਿਅਕਤੀ ਦੀ ਉਸ ਕੋਲ ਆਮਦ ’ਤੇ ਉਸ ਨੂੰ ਵਿਆਹ ਜਿੰਨਾ ਚਾਅ ਚੜ੍ਹ ਜਾਂਦਾ ਹੈ। ਹਰ ਇੱਕ ਨੂੰ ਨਿੱਘ, ਅਪਣੱਤ, ਤਪਾਕ ਨਾਲ ਮਿਲਣਾ ਉਸ ਦੇ ਸੁਭਾਅ ਦਾ ਹਿੱਸਾ ਹੈ। ਖਿੜਖਿੜਾ ਕੇ ਦੇਸੀ ਮਲਵਈ ਭਾਸ਼ਾ ਵਿੱਚ ਗਾਲ੍ਹਾਂ ਕੱਢਦਿਆਂ ਬੋਲਣਾ ਗਾਸੋ ਦੀ ਆਦਤ ਹੈ। ਗਾਸੋ ਦੇ ਰਹਿਣ-ਬਸੇਰੇ ਦੀ ਸਭ ਤੋਂ ਵੱਡੀ ਖ਼ਾਸੀਅਤ ਇਹ ਹੈ ਕਿ ਉਸ ਦੇ ਆਲੇ-ਦੁਆਲੇ ਖਾਣ ਵਾਲੇ ਪਦਾਰਥਾਂ ਦੇ ਢੇਰ ਲੱਗੇ ਹੁੰਦੇ ਹਨ, ਜਿਨ੍ਹਾਂ ਨੂੰ ਉਹ ਬੜੇ ਅਦਬ ਤੇ ਪਿਆਰ ਨਾਲ ਆਉਣ ਵਾਲੇ ਮਹਿਮਾਨ ਨੂੰ ਪਰੋਸਦਾ ਹੈ। ਖਾਣ ਵਾਲੀਆਂ ਵਸਤਾਂ ਵਿੱਚ ਸੁੱਕੇ ਮੇਵੇ ਕਾਜੂ, ਬਦਾਮ, ਪਿਸਤੇ, ਦਾਖਾਂ ਸ਼ਾਮਲ ਹੁੰਦੇ ਹਨ। ਇਸ ਤੋਂ ਇਲਾਵਾ ਲੱਡੂ, ਪਕੌੜੀਆਂ, ਜਲੇਬੀਆਂ, ਸ਼ੱਕਰਪਾਰੇ, ਪੰਜੀਰੀ, ਪਿੰਨੀਆਂ, ਬਿਸਕੁਟ, ਭੁਜੀਆ, ਸੇਬ, ਕੇਲੇ ਆਦਿ ਪਤਾ ਨਹੀਂ ਹੋਰ ਕਿੰਨਾ ਕੁ ਖਾਣ ਦਾ ਸਮਾਨ ਹੁੰਦਾ ਹੈ ਜਿਸ ਨਾਲ ਮਹਿਮਾਨ ਪਾਠਕਾਂ ਦੀ ਖ਼ਾਤਰਦਾਰੀ ਕੀਤੀ ਜਾਂਦੀ ਹੈ। ਉਸ ਦੀ ਸਾਦਗੀ ਉਸ ਦੇ ਪਹਿਰਾਵੇ ਤੇ ਕਾਰ-ਵਿਹਾਰ ਤੋਂ ਸਾਫ਼ ਝਲਕਦੀ ਹੈ।

ਜਦੋਂ ਗਾਸੋ ਨੇ ਨੰਗੇ ਪਿੰਡੇ ਹੀ ਖਿਚਵਾ ਲਈ ਤਸਵੀਰ
ਗਾਸੋ ਨੂੰ ਘਰ ਮਿਲਣ ਲਈ ਕੋਈ ਆ ਜਾਵੇ ਤਾਂ ਉਹ ਮੱਥੇ ਵੱਟ ਨਹੀਂ ਪਾਉਂਦਾ ਅਤੇ ਖੁੱਲ੍ਹ-ਦਿਲੀ ਨਾਲ ਮਹਿਮਾਨ ਦਾ ਸਵਾਗਤ ਕਰਦਾ ਹੈ। ਉਹ ਮਿਲਦਿਆਂ ਹੀ ਹੱਸਦਾ ਹੋਇਆ ਬੋਲੇਗਾ, ‘‘ਅੱਜ ਕੱਲ੍ਹ ਤਾਂ ਲੋਕਾਂ ਨੂੰ ਮਿਲਣ, ਆਉਣ-ਜਾਣ ਦੀ ਤਹਿਜ਼ੀਬ ਹੀ ਭੁੱਲ ਗਈ। ਇੰਝ ਉਪਰੇ ਜਿਹੇ ਹੋਏ ਮਿਲਣਗੇ, ਜਿਵੇਂ ਕੋਈ ਬਿਨਾਂ ਸੱਦਿਆ ਮਹਿਮਾਨ ਘਰ ਆ ਗਿਆ ਹੋਵੇ। ਅਤਿਥੀ ਤਾਂ ਰੱਬ ਦਾ ਰੂਪ ਹੁੰਦੈਤ।’’ ਗਾਸੋ ਦੀ ਸਾਦਗੀ ਉਸ ਵੇਲੇ ਅੱਖੀਂ ਦੇਖਣ ਨੂੰ ਮਿਲਦੀ ਹੈ, ਜਦੋਂ ਉਸ ਨਾਲ ਬਾਹਰੋਂ ਆਇਆ ਮਹਿਮਾਨ ਉਸ ਨਾਲ ਤਸਵੀਰ ਖਿਚਵਾਉਣ ਨੂੰ ਕਹਿੰਦਾ ਹੈ ਤਾਂ ਉਹ ਜਿਹੋ ਜਿਹੀ ਹਾਲਤ ਵਿੱਚ ਬੈਠਾ ਹੁੰਦਾ ਹੈ, ਉਸੇ ਵਿੱਚ ਹੀ ਮਿਲਣ ਵਾਲੇ ਨਾਲ ਤਸਵੀਰ ਖਿਚਵਾਉਣ ਨੂੰ ਪੋਜ਼ ਬਣਾ ਲੈਂਦਾ ਹੈ। ਇਕੇਰਾਂ ਮੇਰੇ ਨਾਲ ਮੇਰਾ ਨਜ਼ਦੀਕੀ ਰਿਸ਼ਤੇਦਾਰ ਮਨਿੰਦਰ ਸਿੰਘ ਢਿੱਲੋਂ ਬਰਨਾਲਾ ਵਿਖੇ ਬਾਪੂ ਗਾਸੋ ਨੂੰ ਮਿਲਣ ਚਲਾ ਗਿਆ। ਵਾਪਸੀ ਵੇਲੇ ਜਾਂਦਿਆਂ ਜਦੋਂ ਬਾਪੂ ਨਾਲ ਫ਼ਟੋ ਖਿਚਵਾਉਣ ਲੱਗੇ ਤਾਂ ਉਹ ਨੰਗੇ ਪਿੰਡੇ ਜਿਵੇਂ ਹੀ ਬੈਠਾ ਸੀ, ਉਵੇਂ ਹੀ ਤਸਵੀਰ ਖਿਚਵਾ ਲਈ। ਨਹੀਂ ਤਾਂ ਅੱਜ ਕੱਲ੍ਹ ਕਿਸੇ ਨੇ ਫ਼ੋਟੋ ਖਿਚਵਾਉਣੀ ਹੋਵੇ ਤਾਂ ਸੌ-ਸੌ ਅਸ਼ਨੇ ਕਰਦਾ। ਗਾਸੋ ਨੂੰ ਸਿਖਰ ਦੁਪਹਿਰੇ ਜਦੋਂ ਅਸੀਂ ਸੁੱਤੇ ਪਏ ਨੂੰ ਉਠਾਇਆ ਤਾਂ ਉਸ ਨੂੰ ਭੋਰਾ ਵੀ ਗਿਲਾ ਨਹੀਂ ਸੀ ਕਿ ਅਸੀਂ ਉਸ ਦੀ ਨੀਂਦ ਖ਼ਰਾਬ ਕਰ ਦਿੱਤੀ। ਸਾਡੇ ਵੱਲੋਂ ਨੀਂਦ ਖ਼ਰਾਬ ਲਈ ਖਿਮਾਂ ਮੰਗਣ ’ਤੇ ਅੱਗਿਉਂ ਬਾਪੂ ਬੋਲਿਆ, ‘‘ਓ ਬੱਚੂ, ਤੂੰ ਕਿਹੜਾ ਨਿੱਤ-ਨਿੱਤ ਆਉਣਾ, ਨਾਲੇ ਮੈਂ ਕਿਹੜਾ ਸੌਂ ਰਿਹਾ ਸੀ, ਫੇਰੇ ਦੇਣੇ ਦੇ ਇਕ ਨਾਵਲ ਦੇ ਪਾਤਰਾਂ ਨਾਲ ਜੱਦੋ ਜਹਿਦ ਕਰ ਰਿਹਾ ਸੀ।’’ ਗਾਸੋ ਬਿਸਤਰੇ ’ਤੇ ਪਿਆ ਹੋਇਆ ਵੀ ਆਪਣੇ ਪਾਤਰਾਂ ਨਾਲ ਘੁਲਦਾ ਰਹਿੰਦਾ ਹੈ। ਪਾਤਰਾਂ ਦੇ ਨਾਲ ਨਾਵਲ ਦਾ ਪਲਾਟ ਗੁੰਦਦਾ ਹੈ। ਗਾਲ੍ਹ ਕੱਢਣਾ ਉਸ ਦੇ ਸੁਭਾਅ ਦਾ ਹਿੱਸਾ ਹੈ, ਜੋ ਮਾਲਵੇ ਦੇ ਹਰ ਵੱਡੇ ਬਜ਼ੁਰਗ ਦੇ ਸੁਭਾਅ ਵਿੱਚ ਸ਼ਾਮਲ ਹੰੁਦਾ ਹੈ। ਗਾਲ੍ਹਾਂ ਵੀ ਬਾਪੂ ਦੀਆਂ ਘਿਉ ਦੀਆਂ ਨਾਲਾਂ ਹੁੰਦੀਆਂ ਹਨ। ‘ਭੈਣ ਦੇਣੇ ਦਾ ਗੋਪੀ ਚੰਦ’, ‘ਫੇਰੇ ਦੇਣ ਦਾ’ ਉਸ ਦਾ ਤਕੀਆ ਕਲਾਮ ਹੈ। ਹਰ ਗੱਲ ਸੁਣ ਕੇ ਉਹ ‘ਆ.ਹਾ..ਹਾ’ ਕਹਿੰਦਾ ਹੈ। ਮੇਰੇ ਪਿਤਾ ਜੀ ਨੂੰ ਆਪਣੇ ਪੁੱਤਰ ਸਮਾਨ ਦੋਸਤ ਸਮਝਦੇ ਹੋਣ ਕਰਕੇ ਮੈਨੂੰ ਉਹ ਪੋਤੇ ਵਾਲੀ ਥਾਂ ਰੱਖਦਾ ਹੈ। ਵੈਸੇ ਹਰ ਛੋਟੇ ਨੂੰ ਬੱਚੂ ਕਹਿ ਕੇ ਉਹ ਆਪਣਾ ਪਿਆਰ ਦਿੰਦੇ ਹਨ।

ਸਾਦਗੀ ਦੀ ਮੂਰਤ ਗਾਸੋ ਦੀ ਸ਼ਖਸੀਅਤ
ਗਾਸੋ ਦੀ ਖ਼ੂਬਸੂਰਤੀ ਉਸ ਦਾ ਨੇਕ, ਸਾਦ-ਮੁਰਾਦਾ ਤੇ ਭਲਾ ਸੁਭਾਅ ਹੈ। ਗਾਸੋ ਦੇ ਅਰੋਗੀ ਤੇ ਸਿਹਤਮੰਦ ਜੀਵਨ ਜਿਊਣ ਪਿੱਛੇ ਉਸ ਦੀ ਜੀਵਨ ਜਾਚ ਹੀ ਹੈ। ਗਾਸੋ ਦੀਆਂ ਲਿਖਤਾਂ ਜਿੰਨੀਆਂ ਸਾਹਿਤਕ ਉੱਚ ਪਾਏ ਅਤੇ ਮੌਲਿਕਤਾ ਭਰਪੂਰ ਹੁੰਦੀਆਂ ਹਨ, ਪਹਿਰਾਵਾ ਉਨਾ ਹੀ ਸਾਦਾ ਹੁੰਦਾ ਹੈ। ਸਿਰ ’ਤੇ ਸਾਦ-ਮੁਰਾਦੀ ਪੱਗ, ਪਿੰਡੇ ਚਿੱਟਾ ਕੁੜਤਾ-ਪਜਾਮਾ, ਮੋਢੇ ਝੋਲਾ, ਪੈਰ ਜੁੱਤੀ ਅਤੇ ਸਾਈਕਲ ਜਾਂ ਪੈਦਲ ਤੁਰਦਿਆਂ ਮਿਲਣਾ ਗਾਸੋ ਦੀ ਪਛਾਣ ਹੈ। ਸਰਦੀਆਂ ਵਿੱਚ ਕੁੜਤਾ-ਪਜਾਮਾ ਮੋਟਾ ਹੁੰਦਾ ਹੈ ਅਤੇ ਜ਼ਿਆਦਾ ਸਰਦੀ ਵਿੱਚ ਗਲੇ ਬੰਦ ਵਾਲਾ ਕੋਟ ਪਾਇਆ ਹੁੰਦਾ ਹੈ। ਸਧਾਰਣ ਤੇ ਸਾਦਾ ਜੀਵਨ ਜਿਊਂਣਾ, ਲਿਖਦੇ ਰਹਿਣਾ, ਗਿਆਨ ਵੰਡਣਾ ਅਤੇ ਹੱਸਦੇ ਰਹਿਣਾ ਉਸ ਦਾ ਨਿੱਤ ਨੇਮ ਹੈ। ਸੰਘਰਸ਼ਪੂਰਨ ਜੀਵਨ ਜਿਊਂਣ ਵਾਲੇ ਗਾਸੋ ਨੇ ਆਪਣੀ ਕਬੀਲਦਾਰੀ ਨੂੰ ਵੀ ਵਿਉਂਤ ਨਾਲ ਸਿਰੇ ਚਾੜ੍ਹਿਆ ਅਤੇ ਸਾਹਿਤ ਲਿਖਣ ਲਈ ਵੀ ਸਮਾਂ ਕੱਢਿਆ। ਉਸ ਨੂੰ ਕੋਈ ਵੀ ਐਬ ਜਾਂ ਮਾੜੀ ਲਤ ਨਹੀਂ। ਨਸ਼ਿਆਂ ਤੋਂ ਕੋਹਾਂ ਦੂਰ ਸ਼ੁੱਧ ਸ਼ਾਕਾਹਾਰੀ ਭੋਜਨ ਖਾਣ ਵਾਲੇ ਗਾਸੋ ਨੇ ਅਜੋਕੇ ਯੁੱਗ ਵਿੱਚ ਸੰਚਾਰ ਸਾਧਨ ਲਈ ਹਾਲੇ ਵੀ ਟੈਲੀਵੀਜ਼ਨ ਦੀ ਥਾਂ ਰੇਡੀਉ ਨੂੰ ਰੱਖਿਆ ਹੋਇਆ ਹੈ ਜਿਸ ਕਾਰਨ ਉਹ ਪੜ੍ਹਨ-ਲਿਖਣ ਲਈ ਬਹੁਤ ਸਮਾਂ ਕੱਢ ਲੈਂਦਾ ਹੈ। 50 ਦੇ ਕਰੀਬ ਪੁਸਤਕਾਂ ਲਿਖਣ ਵਾਲਾ ਗਾਸੋ ਜਿੰਨਾ ਸਮਾਂ ਲਿਖਦਾ ਹੈ, ਉਸ ਤੋਂ ਵੱਧ ਸਮਾਂ ਚੰਗਾ ਸਾਹਿਤ ਪੜ੍ਹਨ ਲਈ ਕੱਢਦਾ ਹੈ। ਇਸੇ ਲਈ ਉਹ ਹਰ ਪ੍ਰੋਗਰਾਮ, ਸੰਮੇਲਨ, ਗੋਸ਼ਟੀ, ਸੈਮੀਨਾਰ ਵਿੱਚ ਆਪਣੀ ਤਕਰੀਰ ਦੌਰਾਨ ਕਿਸੇ ਵੀ ਗੱਲ ਦਾ ਜਵਾਬ ਤਰਕ ਨਾਲ ਦਿੰਦਾ ਹੈ। ਬਾਪੂ ਦੇ ਥੈਲੇ ਵਿੱਚ ਹਰ ਵੇਲੇ ਤੀਹ-ਚਾਲੀ ਕਿਤਾਬਾਂ, ਖਾਣ ਨੂੰ ਰੋਟੀਆਂ/ਪਰੌਂਠੇ, ਅਚਾਰ, ਗੁੜ, ਗੰਢਾ, ਮੌਸਮ ਅਨੁਸਾਰ ਪਿੰਨੀਆਂ, ਰਿਉੜੀਆਂ ਜਾਂ ਗੱਚਕ ਅਤੇ ਇਕ ਟਾਰਚ ਜ਼ਰੂਰ ਹੁੰਦੀ ਹੈ। ਪੁਸਤਕਾਂ ਖ਼ਰੀਦਣ ਵਾਲਿਆਂ ਦੀ ਸੂਚੀ ਵੀ ਝੋਲੇ ਵਿੱਚ ਹੀ ਹੁੰਦੀ ਹੈ। ਜਿੱਥੇ ਵੀ ਕੋਈ ਪੁਸਤਕ ਖ਼ਰੀਦਦਾ ਹੈ, ਉਸ ਦਾ ਨਾਮ ਲਿਸਟ ਵਿੱਚ ਸ਼ਾਮਲ ਕੀਤਾ ਜਾਂਦਾ ਹੈ। ਗਾਸੋ ਦਾ ਸੁਭਾਅ ਦਰਵੇਸ਼ਾਂ ਵਾਲਾ ਹੈ ਅਤੇ ਦਿਲ ਦਰਿਆ ਵਾਂਗ ਹੈ। ਰਾਹ ਜਾਂਦਿਆਂ ਖ਼ਾਸ ਕਰਕੇ ਰੇਲਵੇ ਸਟੇਸ਼ਨ ਕੋਲ ਸੈਰ ਕਰਦਿਆਂ ਫ਼ੁਟਪਾਥਾਂ ’ਤੇ ਗ਼ੁਰਬਤ ਨਾਲ ਜੂਝਦੇ ਬੱਚਿਆਂ ਲਈ ਉਸ ਦਾ ਦਿਲ ਪਸੀਜ ਜਾਂਦਾ ਹੈ। ਸਮੇਂ-ਸਮੇਂ ’ਤੇ ਉਹ ਇਨ੍ਹਾਂ ਦੀ ਸੇਵਾ ਵੀ ਕਰਦਾ ਰਹਿੰਦਾ ਹੈ। ਪ੍ਰਸਿੱਧ ਲੋਕ ਕਵੀ ਜੁਗਰਾਜ ਧੌਲਾ ਉਸ ਦਾ ਵਿਦਿਆਰਥੀ ਰਿਹਾ ਹੈ, ਜਿਹੜਾ ਕਿਸੇ ਵੇਲੇ ਆਰਥਿਕ ਤੰਗੀ ਕਾਰਨ ਅੱਗੇ ਦੀ ਪੜ੍ਹਾਈ ਕਰਨੋਂ ਹਟ ਗਿਆ ਸੀ। ਗਾਸੋ ਨੇ ਚੁੱਪ-ਚੁਪੀਤੇ ਉਸ ਦੇ ਬਿਨਾਂ ਕਹੇ ਅੱਗੇ ਦੀ ਪੜ੍ਹਾਈ ਲਈ ਆਪਣੇ ਪੱਲਿਉਂ ਫ਼ੀਸ ਭਰ ਦਿੱਤੀ। ਅੱਜ ਉਹ ਅਧਿਆਪਕ ਵਜੋਂ ਸੇਵਾਵਾਂ ਨਿਭਾਅ ਰਿਹਾ ਹੈ। ਜ਼ਿੰਦਾਦਿਲੀ ਅਤੇ ਹਿੰਮਤ ਉਸ ਵਿੱਚ ਕੁੱਟ-ਕੁੱਟ ਕੇ ਭਰੀ ਹੋਈ ਹੈ। ਬੁੱਢੀ ਉਮਰੇ ਦੋ ਵਾਰ ਸੱਟ ਲੱਗਣ ਤੋਂ ਬਾਅਦ ਵੀ ਉਸ ਨੇ ਹਿੰਮਤ ਨਹੀਂ ਛੱਡੀ। ਪਹਿਲੀ ਵਾਰ ਉਹ ਗੁਸਲਖ਼ਾਨੇ ਵਿੱਚ ਡਿੱਗਣ ਕਰਕੇ ਸੱਟ ਖਾ ਬੈਠਾ ਅਤੇ ਮਹੀਨਾ ਭਰ ਮੰਜੇ ਉਤੇ ਪਿਆ ਰਿਹਾ। ਦੂਜੀ ਵਾਰ ਰੇਹੜੇ ਦੀ ਲਪੇਟ ਵਿੱਚ ਆ ਗਿਆ। ਰੱਬ ਵੀ ਅਜਿਹੇ ਦਰਵੇਸ਼ ਵਿਅਕਤੀ ਦੇ ਨਾਲ ਹੁੰਦਾ ਹੈ। ਇਲਾਜ ਦੌਰਾਨ ਬਿਸਤਰੇ ’ਤੇ ਪਏ ਹੋਏ ਗਾਸੋ ਨੇ ਕਦੇ ਵੀ ਹਾਏ ਤੌਬਾ ਨਹੀਂ ਕੀਤੀ, ਸਗੋਂ ਪੜ੍ਹਨਾ ਲਿਖਣਾ ਜਾਰੀ ਰੱਖਿਆ। ਦੋਵੇਂ ਵਾਰ ਗਾਸੋ ਨੇ ਆਪਣੀ ਹਿੰਮਤ ਸਦਕਾ ਦੁਬਾਰਾ ਤੰਦਰੁਸਤੀ ਹਾਸਲ ਕਰ ਕੇ ਰੁਟੀਨ ਸ਼ੁਰੂ ਕੀਤੀ। ਚੜ੍ਹਦੀ ਕਲਾ ਵਿੱਚ ਰਹਿਣ ਵਾਲਾ ਗਾਸੋ ਕਿਸੇ ਵੀ ਉਮਰ ਦੇ ਵਿਅਕਤੀ ਨੂੰ ਜਦੋਂ ਮਿਲਦਾ ਹੈ ਤਾਂ ਉਹ ਨਿਆਣੀ ਉਮਰ ਦੇ ਆੜੀਆਂ ਵਾਂਗ ਮਿਲਦਾ ਹੋਇਆ ਲਾਡ ਕਰਨ ਲੱਗ ਜਾਂਦਾ ਹੈ। ਪਹਿਲੀ ਵਾਰ ਮਿਲਣ ਵਾਲਾ ਗਾਸੋ ਦਾ ਮੁਰੀਦ ਹੋ ਜਾਂਦਾ ਹੈ।

ਚੁੰਬਕੀ ਖਿੱਚ ਦਾ ਮਾਲਕ
ਵੱਡੇ-ਵੱਡੇ ਸਾਹਿਤਕਾਰਾਂ ਨੂੰ ਦੇਖਿਆ ਹੈ ਕਿ ਲੇਖਣੀ ਵਿੱਚ ਭਾਵੇਂ ਉਹ ਕਿੰਨੇ ਵੀ ਬਾਕਮਾਲ ਹੋਣ ਪਰ ਨਿੱਜੀ ਮਿਲਣੀ ਵਿੱਚ ਉਨ੍ਹਾਂ ਦਾ ਕੋਰਾ ਤੇ ਰੁੱਖਾ ਸੁਭਾਅ ਪਾਠਕਾਂ ਨੂੰ ਆਪਣੇ ਮਹਿਬੂਬ ਲੇਖਕ ਤੋਂ ਦੂਰ ਲੈ ਜਾਂਦਾ ਹੈ। ਅਜਿਹਾ ਹੀ ਸੁਭਾਅ ਪੰਜਾਬੀ ਦੇ ਪ੍ਰਸਿੱਧ ਲੇਖਕ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਤੇ ਪੱਤਰਕਾਰੀ ਦੇ ਵਿਭਾਗ ਦੇ ਮੁਖੀ ਰਹੇ ਡਾ. ਨਰਿੰਦਰ ਸਿੰਘ ਕਪੂਰ ਦਾ ਹੈ। ਮੇਰੇ ਉਹ ਪੱਤਰਕਾਰੀ ਦੇ ਅਧਿਆਪਕ ਰਹੇ ਹਨ ਅਤੇ ਬਤੌਰ ਅਧਿਆਪਕ ਉਨ੍ਹਾਂ ਦੇ ਮੇਲ ਦਾ ਕੋਈ ਨਹੀਂ ਪ੍ਰੰਤੂ ਨਿੱਜੀ ਤੌਰ ’ਤੇ ਮਿਲਣੀ ਵਿੱਚ ਉਨ੍ਹਾਂ ਦਾ ਸੁਭਾਅ ਬਹੁਤ ਹੀ ਕੋਰਾ ਹੈ। ਮੈਨੂੰ ਕਈ ਵਾਰ ਮੇਰੇ ਅਜਿਹੇ ਦੋਸਤਾਂ ਜੋ ਡਾ. ਕਪੂਰ ਦੀ ਲੇਖਣੀ ਦੇ ਪ੍ਰਸ਼ੰਸਕ ਹਨ, ਨੇ ਡਾ. ਕਪੂਰ ਨੂੰ ਮਿਲਣ ਦੀ ਇੱਛਾ ਜ਼ਾਹਰ ਕੀਤੀ ਅਤੇ ਮੈਂ ਹਰ ਵਾਰ ਹੀ ਇਹ ਕਹਿ ਕੇ ਟਾਲ ਦਿੰਦਾ ਸੀ ਕਿ ਜਦੋਂ ਉਹ ਇਕ ਵਾਰ ਮਿਲ ਲਏ ਤਾਂ ਦੁਬਾਰਾ ਨਾ ਮਿਲਣ ਅਤੇ ਨਾ ਹੀ ਉਨ੍ਹਾਂ ਨੂੰ ਪੜ੍ਹਨ ਦੀ ਇੱਛਾ ਜ਼ਾਹਰ ਕਰਨਗੇ। ਇਸ ਬਾਰੇ ਖ਼ੁਦ ਡਾ. ਕਪੂਰ ਨੇ ਵੀ ਸਾਨੂੰ ਕਲਾਸ ਵਿੱਚ ਪੜ੍ਹਾਉਂਦਿਆਂ ਗੱਲ ਕਹੀ ਸੀ ਕਿ ਕਿਤੇ ਵੀ ਆਪਣੇ ਪਸੰਸੀਦਾ ਲੇਖਕ/ਕਵੀ ਨੂੰ ਮਿਲਣ ਲਈ ਤਾਂਘ ਨਾ ਰੱਖੋਂ, ਨਹੀਂ ਤਾਂ ਤੁਸੀਂ ਉਸ ਨੂੰ ਪਸੰਦ ਕਰਨੋਂ ਹਟ ਜਾਉਗੇ। ਗੱਲ ਬਾਪੂ ਗਾਸੋ ਦੀ ਚੱਲ ਰਹੀ ਸੀ। ਉਨ੍ਹਾਂ ਨੂੰ ਇਕ ਵਾਰ ਜੇ ਕੋਈ ਮਿਲ ਲਵੇ ਤਾਂ ਭਾਵੇਂ ਵਿਅਕਤੀ ਨੇ ਗਾਸੋ ਦੀ ਕੋਈ ਵੀ ਲਿਖਤ ਨਾ ਪੜ੍ਹੀ ਹੋਵੇ, ਉਹ ਵੀ ਉਨ੍ਹਾਂ ਦਾ ਮੁਰੀਦ ਬਣ ਜਾਂਦਾ ਹੈ ਅਤੇ ਗਾਸੋ ਨੂੰ ਪੜ੍ਹਨਾ ਸ਼ੁਰੂ ਕਰ ਦੇਵੇਗਾ। ਅਜਿਹੀ ਚੁੰਬਕੀ ਖਿੱਚ ਵਾਲੇ ਗਾਸੋ ਨੇ ਨਾ ਸਿਰਫ਼ ਸਾਹਿਤ ਲਿਖਿਆ ਹੈ, ਸਗੋਂ ਜੀਵਿਆ ਵੀ ਹੈ ਅਤੇ ਆਪਣੇ ਵਿਹਾਰ ਵਿੱਚ ਵੀ ਇਸ ਦਾ ਸਾਫ਼ ਪ੍ਰਭਾਵ ਵੀ ਦਰਸਾਇਆ ਹੈ।
ਹਰ ਸਮਾਗਮ ਵਿੱਚ ਸਮੇਂ ਤੋਂ ਪਹਿਲਾ ਪੁੱਜਣਾ ਉਸ ਦੀ ਪੱਕੀ ਆਦਤ ਹੈ। ਕਈ ਵਾਰ ਪ੍ਰਬੰਧਕਾਂ ਵੱਲੋਂ ਤਿਆਰੀ ਹੀ ਕੀਤੀ ਜਾ ਰਹੀ ਹੁੰਦੀ ਹੈ ਕਿ ਉਹ ਸਮਾਗਮ ਵਿੱਚ ਪਹੁੰਚ ਜਾਂਦਾ ਹੈ। ਗਾਸੋ ਸਮਾਗਮਾਂ ਵਿੱਚ ਪਹੁੰਚਣ ਦੇ ਮਾਮਲੇ ਵਿੱਚ ਜਿੰਨਾ ਸਮੇਂ ਦਾ ਪਾਬੰਦ ਹੈ, ਉਨਾ ਹੀ ਸਟੇਜ ਤੋਂ ਬੋਲਣ ਵੇਲੇ ਵੀ। ਜੇਕਰ ਉਸ ਨੂੰ ਪੰਜ ਮਿੰਟ ਦਾ ਸਮਾਂ ਦਿੱਤਾ ਜਾਵੇ ਤਾਂ ਉਹ ਘੜੀ ਸਾਹਮਣੇ ਰੱਖ ਕੇ ਪੰਜ ਮਿੰਟਾਂ ਵਿੱਚ ਹੀ ਆਪਣੀ ਤਕਰੀਰ ਸਮੇਟ ਦਿੰਦਾ ਹੈ। ਸਮੇਂ ਦਾ ਪਾਬੰਦ ਹੋਣ ਕਰ ਕੇ ਉਹ ਸਮੇਂ ਦੇ ਘੋੜੇ ’ਤੇ ਸਵਾਰ ਹੋ ਕੇ ਉਮਰ ਦੇ ਸਾਢੇ ਅੱਠ ਦਹਾਕੇ ਸ਼ਾਨਾਮੱਤੀ ਜ਼ਿੰਦਗੀ ਬਤੀਤ ਕਰ ਸਕਿਆ ਹੈ। ਪੰਜਾਬ ਸਰਕਾਰ ਦੇ ਸੇਵਾ-ਮੁਕਤ ਹੋਏ ਆਈ.ਏ.ਐਸ. ਅਧਿਕਾਰੀ ਦਰਬਾਰਾ ਸਿੰਘ ਗੁਰੂ ਗਾਸੋ ਦੇ ਵਿਦਿਆਰਥੀ ਰਹੇ ਹਨ, ਜਿਨ੍ਹਾਂ ਹਰ ਵੱਡੇ ਅਹੁਦੇ ’ਤੇ ਰਹਿੰਦਿਆਂ ਆਪਣੇ ਅਧਿਆਪਕ ਦਾ ਸਤਿਕਾਰ ਕੀਤਾ। ਗਾਸੋ ਦੀ ਨਿਮਰਤਾ ਅਤੇ ਸਪੱਸ਼ਟਤਾ ਬਾਰੇ ਗੁਰੂ ਕਹਿੰਦੇੇ ਹਨ ਕਿ ਗਾਸੋ ਜੀ ਨੇ ਕਦੇ ਵੀ ਉਨ੍ਹਾਂ ਨੂੰ ਕਿਸੇ ਵੀ ਸਰਕਾਰੇ-ਦਰਬਾਰੇ ਕੰਮ ਲਈ ਦਬਾਅ ਨਹੀਂ ਪਾਇਆ ਅਤੇ ਨਾ ਹੀ ਕੋਈ ਜ਼ਿਆਦਾ ਕੰਮ ਕਹੇ। ਇਥੋਂ ਤੱਕ ਕਿ ਉਹ ਜੇਕਰ ਕਿਧਰੇ ਕੋਈ ਕੰਮ ਵੀ ਕਹਿੰਦੇ ਤਾਂ ਅੰਤ ਵਿੱਚ ਇਹ ਕਹਿ ਕੇ ਗੱਲ ਮੁਕਾ ਦਿੰਦੇ ਕਿ ਦੇਖ ਲਈਂ ਦਰਬਾਰਾ ਤੇਰੇ ਉਪਰ ਕੋਈ ਗੱਲ ਨਾ ਆਵੇ। ਇਸ ਤਰ੍ਹਾਂ ਗਾਸੋ ਨੇ ਕਦੇ ਵੀ ਆਪਣੇ ਦਾਇਰੇ ਵਿੱਚ ਆਉਂਦੇ ਵੱਡੇ ਰੁਤਬੇ ਵਾਲੇ ਸਨੇਹੀਆਂ ਨੂੰ ਕਿਸੇ ਕੰਮ ਲਈ ਦਬਾਅ ਨਹੀਂ ਪਾਇਆ। ਵੱਡੇ ਸਮਾਗਮਾਂ ਵਿੱਚ ਗਾਸੋ ਦੀ ਸਾਦਗੀ ਵਾਲੀ ਸ਼ਖ਼ਸੀਅਤ ਕਾਰਨ ਜੇਕਰ ਕੋਈ ਸੁਰੱਖਿਆ ਕਰਮੀ ਜਾਂ ਪੁਲਿਸ ਵਾਲਾ ਗਾਸੋ ਨੂੰ ਸਮਾਗਮ ਅੰਦਰ ਦਾਖ਼ਲ ਹੁੰਦਿਆਂ ਰੋਕਣ ਲਗਦਾ ਹੈ ਤਾਂ ਉਹ ਮੱਥੇ ਵੱਟ ਨਹੀਂ ਪਾਉਂਦਾ। ਨਿਮਰਤਾ ਨਾਲ ਸਮਾਗਮਾਂ ਵਿੱਚ ਸ਼ਾਮਲ ਹੋਣਾ ਕੋਈ ਉਸ ਤੋਂ ਸਿੱਖੇ।
ਓਮ ਪ੍ਰਕਾਸ਼ ਗਾਸੋ ਦਾ ਸੁਭਾਅ ਮਜ਼ਾਹੀਆ ਹੈ। ਕਈ ਵਾਰ ਉਹ ਕਿਸੇ ਉਪਰ ਅਜਿਹਾ ਵਿਅੰਗ ਕਸਦਾ ਹੈ ਕਿ ਸਾਹਮਣੇ ਵਾਲੇ ਨੂੰ ਜਲਦੀ ਸਮਝ ਨਹੀਂ ਆਉਂਦਾ। ਇਸ ਤਰ੍ਹਾਂ ਸਾਹਮਣੇ ਵਾਲਾ ਗੁੱਸਾ ਵੀ ਨਹੀਂ ਕਰ ਸਕਦਾ। ਗਾਸੋ ਦੇ ਤੰਜ ਵਾਲੇ ਸੁਭਾਅ ਅਤੇ ਬਰਨਾਲਾ ਵਿੱਚ ਚੋਟੀ ਦੇ ਸਾਹਿਤਕਾਰਾਂ ਦੀ ਸ਼ਰੀਕੇਬਾਜ਼ੀ ਬਾਰੇ ਬੂਟਾ ਸਿੰਘ ਚੌਹਾਨ ਖ਼ੂਬ ਲਿਖਦਾ ਹੈ। ਚੌਹਾਨ ਅਨੁਸਾਰ ਗਾਸੋ ਤੇ ਰਾਮ ਸਰੂਪ ਅਣਖੀ ਵਿਚਾਲੇ ਮਤਭੇਦਾਂ ਨੂੰ ਸੁਲਝਾਉਣ ਲਈ ਗਾਸੋ ਨੇ ਹੀ ਪਹਿਲ ਕੀਤੀ ਜਿਸ ਬਾਰੇ ਅਣਖੀ ਨੇ ਚੌਹਾਨ ਨਾਲ ਜ਼ਿਕਰ ਕੀਤਾ। ਚੌਹਾਨ ਗਾਸੋ ਨੂੰ ਜੇਠ ਦਾ ਦਰਜਾ ਵੀ ਦਿੰਦਾ ਹੈ, ਜਿਹੜਾ ਜੇਠ ਵਾਲੀ ਮੜਕ ਨਾਲ ਵਿਅੰਗ ਕਸ ਜਾਂਦਾ ਹੈ। ਗਾਸੋ ਦੇ ਵਿਅੰਗਾਂ ਨੇ ਹੀ ਅਣਖੀ ਨੂੰ ਸਬੰਧ ਸੁਧਾਰਨ ਲਈ ਪ੍ਰੇਰਿਆ। ਇਸੇ ਤਰ੍ਹਾਂ ਇਕ ਵਾਰ ਡਾ. ਭੁਪਿੰਦਰ ਸਿੰਘ ਬੇਦੀ ਨੇ ਜਦੋਂ ਗਾਸੋ ਨੂੰ ਇਹ ਕਿਹਾ ਕਿ ਉਸ ਵੱਲੋਂ ਲਿਖੇ ਵਧੀਆ ਨਾਵਲਾਂ ਦੇ ਬਾਵਜੂਦ ਆਲੋਚਕ ਉਸ ਦੀ ਗਿਣਤੀ ਵੱਡੇ ਨਾਵਲਕਾਰਾਂ ਵਿੱਚ ਕਿਉਂ ਨਹੀਂ ਕਰਦੇ ਤਾਂ ਅੱਗਿਉਂ ਗਾਸੋ ਵੀ ਵਿਅੰਗ ਵਿੱਚ ਜਵਾਬ ਦਿੰਦਾ ਕਹਿੰਦਾ, ‘‘ਪਹਿਲਾਂ ਤਾਂ ਇਹ ਆਲੋਚਕ ਅੰਮਿ੍ਰਤਸਰੋਂ ਨਹÄ ਨਿਕਲੇ, ਫੇਰ ਇਹ ਢੁੱਡੀਕੇ ਤੇ ਜੈਤੋ ਹੁੰਦੇ ਹੋਏ ਬਰਨਾਲਾ ਦੀ ਕੱਚਾ ਕਾਲਜ ਰੋਡ ’ਤੇ ਆ ਗਏ, ਜਿੱਥੋਂ ਉਨ੍ਹਾਂ ਨੂੰ ਆਰੀਆ ਸਕੂਲ ਦਾ ਰਾਹ ਨਹੀਂ ਲੱਭਿਆ।’’


 


jasbir singh

News Editor

Related News