ਟੱਚ ਸਟੋਨ ਐਜੂਕੇਸ਼ਨ ਦੀਆਂ ਮਹਿਲਾ ਮੁਲਾਜ਼ਮਾਂ ਨੇ ਕੀਤਾ ਲੱਖਾਂ ਰੁਪਏ ਦਾ ਹੇਰ-ਫੇਰ
Friday, Apr 13, 2018 - 12:33 AM (IST)

ਮੋਗਾ, (ਆਜ਼ਾਦ)- ਟੱਚ ਸਟੋਨ ਐਜੂਕੇਸ਼ਨ ਮੋਗਾ 'ਚ ਕੰਮ ਕਰਦੀਆਂ ਮਹਿਲਾ ਮੁਲਾਜ਼ਮਾਂ ਵੱਲੋਂ ਲੱਖਾਂ ਰੁਪਏ ਦਾ ਹੇਰ-ਫੇਰ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧ 'ਚ ਪੁਲਸ ਨੇ ਜਾਂਚ ਤੋਂ ਬਾਅਦ ਮਾਮਲਾ ਦਰਜ ਕਰ ਲਿਆ ਹੈ।
ਕੀ ਹੈ ਸਾਰਾ ਮਾਮਲਾ : ਜ਼ਿਲਾ ਪੁਲਸ ਮੁਖੀ ਮੋਗਾ ਨੂੰ ਦਿੱਤੇ ਸ਼ਿਕਾਇਤ ਪੱਤਰ 'ਚ ਟੱਚ ਸਟੋਨ ਐਜੂਕੇਸ਼ਨ ਦੇ ਮੈਨੇਜਰ ਸਵੀਨ ਰਾਇਲ ਨੇ ਕਿਹਾ ਕਿ ਉਹ ਟੱਚ ਸਟੋਨ ਐਜੂਕੇਸ਼ਨ ਸੈਂਟਰ ਚੰਡੀਗੜ੍ਹ ਦੀ ਮੋਗਾ ਬ੍ਰਾਂਚ ਦਾ ਮੈਨੇਜਰ ਹੈ। ਇਥੇ 50 ਦੇ ਕਰੀਬ ਕਰਮਚਾਰੀ ਕੰਮ ਕਰਦੇ ਹਨ। ਇਸ ਸੈਂਟਰ ਦਾ ਕੈਸ਼ ਕੁਲੈਕਸ਼ਨ ਅਤੇ ਹਿਸਾਬ-ਕਿਤਾਬ ਰੱਖਣ ਦਾ ਕੰਮ ਹਰਮਨ ਗਰੇਵਾਲ ਨਿਵਾਸੀ ਬੱਦੋਵਾਲ, ਮਨਪ੍ਰੀਤ ਕੌਰ ਨਿਵਾਸੀ ਦੁਸਾਂਝ ਰੋਡ ਮੋਗਾ ਅਤੇ ਰਜਨੀਤ ਨਿਵਾਸੀ ਸੇਖਾਂਵਾਲਾ ਫਿਰੋਜ਼ਪੁਰ ਕਰਦੀਆਂ ਹਨ, ਜੋ ਸਾਲ 2016 ਤੋਂ ਇਥੇ ਤਾਇਨਾਤ ਹਨ। ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਜਦ ਮੈਂ ਉਕਤ ਸੈਂਟਰ ਦਾ ਫਰਵਰੀ 'ਚ ਚਾਰਜ ਸੰਭਾਲਿਆ ਅਤੇ ਹਿਸਾਬ-ਕਿਤਾਬ ਚੈੱਕ ਕੀਤਾ ਤਾਂ ਸਾਨੂੰ ਪਤਾ ਲੱਗਾ ਕਿ 6 ਤੋਂ 12 ਲੱਖ ਰੁਪਏ ਦੇ ਕੈਸ਼ ਦਾ ਹਿਸਾਬ ਨਹੀਂ ਮਿਲ ਰਿਹਾ, ਜਿਸ 'ਤੇ ਉਕਤ ਤਿੰਨੋਂ ਲੜਕੀਆਂ ਨਾਲ ਗੱਲ ਕੀਤੀ ਅਤੇ ਕਿਹਾ ਕਿ ਹਿਸਾਬ-ਕਿਤਾਬ ਮੈਚ ਨਹੀਂ ਹੋ ਰਿਹਾ। ਉਨ੍ਹਾਂ ਕੋਈ ਸਪੱਸ਼ਟ ਨਹੀਂ ਕੀਤਾ। ਮੈਨੂੰ ਸ਼ੱਕ ਹੈ ਕਿ ਤਿੰਨੋਂ ਮੁਲਾਜ਼ਮ ਲੜਕੀਆਂ ਨੇ ਮਿਲੀਭੁਗਤ ਕਰ ਕੇ ਉਕਤ ਧੋਖਾਦੇਹੀ ਕੀਤੀ ਹੈ।
ਕੀ ਹੋਈ ਪੁਲਸ ਕਾਰਵਾਈ : ਜ਼ਿਲਾ ਪੁਲਸ ਮੁਖੀ ਮੋਗਾ ਦੇ ਨਿਰਦੇਸ਼ਾਂ 'ਤੇ ਇਸ ਦੀ ਜਾਂਚ ਥਾਣਾ ਸਿਟੀ ਮੋਗਾ ਦੇ ਇੰਚਾਰਜ ਇੰਸਪੈਕਟਰ ਗੁਰਪ੍ਰੀਤ ਸਿੰਘ ਵੱਲੋਂ ਕੀਤੀ ਗਈ, ਜਿਨ੍ਹਾਂ ਨੇ ਜਾਂਚ ਸਮੇਂ ਦੋਨਾਂ ਧਿਰਾਂ ਨੂੰ ਆਪਣੇ ਬਿਆਨ ਦਰਜ ਕਰਨ ਲਈ ਬੁਲਾਇਆ। ਜਾਂਚ ਅਧਿਕਾਰੀ ਨੇ ਜਾਂਚ ਤੋਂ ਬਾਅਦ ਰਿਪੋਰਟ ਡੀ. ਐੱਸ. ਪੀ. ਸਿਟੀ ਕੇਸਰ ਸਿੰਘ ਰਾਹੀਂ ਜ਼ਿਲਾ ਪੁਲਸ ਮੁਖੀ ਮੋਗਾ ਨੂੰ ਭੇਜ ਦਿੱਤੀ। ਜਾਂਚ ਸਮੇਂ ਸ਼ਿਕਾਇਤਕਰਤਾ ਦੇ ਦੋਸ਼ ਸਹੀ ਪਾਏ ਜਾਣ 'ਤੇ ਹਰਮਨ ਗਰੇਵਾਲ, ਮਨਪ੍ਰੀਤ ਕੌਰ ਅਤੇ ਰਜਨੀਤ ਖਿਲਾਫ ਕਥਿਤ ਮਿਲੀਭੁਗਤ ਕਰ ਕੇ ਧੋਖਾਦੇਹੀ ਅਤੇ ਹੋਰ ਧਾਰਾਵਾਂ ਤਹਿਤ ਥਾਣਾ ਸਿਟੀ ਮੋਗਾ 'ਚ ਮਾਮਲਾ ਦਰਜ ਕੀਤਾ ਗਿਆ। ਇਸ ਮਾਮਲੇ ਦੀ ਅਗਲੇਰੀ ਜਾਂਚ ਸਹਾਇਕ ਥਾਣੇਦਾਰ ਗੁਰਨੇਕ ਸਿੰਘ ਵੱਲੋਂ ਕੀਤੀ ਜਾ ਰਹੀ ਹੈ।